ਬੀਐੱਸਐੱਫ ਨੇ ਮੁਸ਼ੱਕਤ ਨਾਲ ਪਾਇਆ ਕਾਬੂ, ਦੋ ਕਿਸਾਨ ਗ੍ਰਿਫ਼ਤਾਰ
ਤਰਨਤਾਰਨ ਜ਼ਿਲ੍ਹੇ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੋਲ ਖੇਤਾਂ ’ਚ ਨਾੜ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਭਾਰਤ-ਪਾਕਿ ਸਰਹੱਦ ਤਕ ਪਹੁੰਚ ਗਈ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਦੂਜੇ ਪਾਸੇ ਉਕਤ ਮਾਮਲੇ ’ਚ ਬੀਐੱਸਐੱਫ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਥਾਣਾ ਖੇਮਕਰਨ ਦੀ ਪੁਲਿਸ ਨੇ ਦੋ ਕਿਸਾਨਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਬੀਐੱਸਐੱਫ ਦੀ 101 ਬਟਾਲੀਅਨ ਦੇ ਕੰਪਨੀ ਕਮਾਂਡਰ ਨੰਦ ਲਾਲ ਯਾਦਵ ਨੇ ਹਰਭਜਨ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਮਨਾਵਾਂ ਅਤੇ ਰਜੀਵ ਕੁਮਾਰ ਪੁੱਤਰ ਮਹਾਂਵੀਰ ਸ਼ਰਮਾ ਵਾਸੀ ਖੇਮਕਰਨ ਨੂੰ ਪੁਲਿਸ ਹਵਾਲੇ ਕਰਦਿਆਂ ਸ਼ਿਕਾਇਤ ਦਿੱਤੀ ਕਿ ਹਰਭਜਨ ਸਿੰਘ ਨੇ ਬੀਓ ਹਰਭਜਨ ਦੇ ਕੋਲ ਆਪਣੀ ਕਣਕ ਦੀ ਨਾੜ ਨੂੰ ਅੱਗ ਲਗਾਈ ਅਤੇ ਰਾਜੀਵ ਕੁਮਾਰ ਸ਼ਰਮਾ ਨੇ ਬੀਓਪੀ ਕੇਕੇ ਬੈਰੀਅਰ ਕੋਲ ਖੇਤਾਂ ਵਿਚਲੇ ਨਾੜ ਨੂੰ ਸਾੜਿਆ ਹੈ। ਇਹ ਅੱਗ ਵਧਦੀ ਹੋਈ ਭਾਰਤ ਪਾਕਿਸਤਾਨ ਦੀ ਸਰਹੱਦ ਤਕ ਪਹੁੰਚ ਗਈ ਅਤੇ ਅੱਗ ਉੱਪਰ ਭਾਰੀ ਮੁਸ਼ੱਕਤ ਨਾਲ ਕਾਬੂ ਪਾਇਆ ਜਾ ਸਕਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜਗਦੀਸ਼ ਰਾਜ ਨੇ ਦੱਸਿਆ ਕਿ ਹਰਭਜਨ ਸਿੰਘ ਅਤੇ ਰਾਜੀਵ ਕੁਮਾਰ ਨੂੰ ਹਿਰਾਸਤ ਵਿਚ ਲੈ ਕੇ ਦੋਵਾਂ ਵਿਰੁੱਧ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।