Monday, October 14, 2024
Google search engine
HomeDeshਜਾਂਬਾਜ਼ ਅਫ਼ਸਰ ਦੇ ਹੱਥ ਕਮਾਨ, ਅਮਰਪ੍ਰੀਤ ਸਿੰਘ ਦੀ ਨਿਯੁਕਤੀ ਪੰਜਾਬੀਆਂ ਤੇ ਸਿੱਖਾਂ...

ਜਾਂਬਾਜ਼ ਅਫ਼ਸਰ ਦੇ ਹੱਥ ਕਮਾਨ, ਅਮਰਪ੍ਰੀਤ ਸਿੰਘ ਦੀ ਨਿਯੁਕਤੀ ਪੰਜਾਬੀਆਂ ਤੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ

ਅਮਰਪ੍ਰੀਤ ਸਿੰਘ ਦਾ ਆਪਣੀ ਏਅਰ ਫੋਰਸ ਦੀ ਨੌਕਰੀ ਦੌਰਾਨ ਬਿਹਤਰੀਨ ਯੋਗਦਾਨ ਰਿਹਾ।

ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਦੇ ਵੱਕਾਰੀ ਅਹੁਦੇ ਨੂੰ ਪਹਿਲਾਂ ਵੀ ਤਿੰਨ ਪੰਜਾਬੀ/ਸਿੱਖ ਅਧਿਕਾਰੀ ਸੰਭਾਲ ਚੁੱਕੇ ਹਨ ਜਿਨ੍ਹਾਂ ਵਿਚ ਅਰਜਨ ਸਿੰਘ, ਦਿਲਬਾਗ ਸਿੰਘ ਤੇ ਬਰਿੰਦਰ ਸਿੰਘ ਧਨੋਆ ਸ਼ੁਮਾਰ ਹਨ। ਪੰਜਾਬੀਆਂ/ਸਿੱਖਾਂ ਵਿੱਚੋਂ ਅਮਰਪ੍ਰੀਤ ਸਿੰਘ ਚੌਥੇ ਅਤੇ ਦੇਸ਼ ਦੇ 47ਵੇਂ ਏਅਰ ਚੀਫ ਮਾਰਸ਼ਲ ਹਨ। ਅਰਜਨ ਸਿੰਘ ਪੰਜ ਸਟਾਰ ਪ੍ਰਾਪਤ ਕਰਨ ਵਾਲੇ ਭਾਰਤੀ ਫ਼ੌਜ ਦੇ ਇੱਕੋ-ਇੱਕ ਅਧਿਕਾਰੀ ਹਨ। ਇਸ ਤੋਂ ਇਲਾਵਾ ਜਨਰਲ ਜੋਗਿੰਦਰ ਜਸਵੰਤ ਸਿੰਘ (ਜੇਜੇ ਸਿੰਘ), ਜਨਰਲ ਬਿਕਰਮ ਸਿੰਘ ਅਤੇ ਜਨਰਲ ਦਲਵੀਰ ਸਿੰਘ ਸੁਹਾਗ ਵੀ ਆਰਮੀ ਦੇ ਮੁਖੀ ਜਨਰਲ ਰਹੇ ਹਨ। ਲੈਫਟੀਨੈਂਟ ਜਨਰਲ ਵੀ ਬਹੁਤ ਸਾਰੇ ਪੰਜਾਬੀ/ਸਿੱਖ ਹੋਏ ਹਨ।
ਅਮਰਪ੍ਰੀਤ ਸਿੰਘ ਦਾ ਆਪਣੀ ਏਅਰ ਫੋਰਸ ਦੀ ਨੌਕਰੀ ਦੌਰਾਨ ਬਿਹਤਰੀਨ ਯੋਗਦਾਨ ਰਿਹਾ। ਇਸ ਲਈ ਬਿਹਤਰੀਨ ਸੇਵਾਵਾਂ ਕਰ ਕੇ ਉਨ੍ਹਾਂ ਨੂੰ 2019 ਵਿਚ ਪਰਮ ਵਸ਼ਿਸ਼ਟ ਸੇਵਾ ਮੈਡਲ ਅਤੇ 2023 ਵਿਚ ਅਤੀ ਵਸ਼ਿਸ਼ਟ ਸੇਵਾ ਮੈਡਲ ਮਿਲੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ‘ਸਮਾਨਿਆ ਸੇਵਾ ਮੈਡਲ’, ‘ਸੈਨਿਆ ਸੇਵਾ ਮੈਡਲ’ ਅਤੇ 50ਵਾਂ ਇੰਡੀਪੈਂਡੈਂਸ ਮੈਡਲ ਮਿਲੇ ਹੋਏ ਹਨ। ਉਹ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਦੀ 30 ਸਤੰਬਰ ਨੂੰ ਹੋਣ ਵਾਲੀ ਸੇਵਾ ਮੁਕਤੀ ਤੋਂ ਬਾਅਦ ਸੰਸਾਰ ਦੀ ਚੌਥੀ ਸਭ ਤੋਂ ਵੱਡੀ ਏਅਰ ਫੋਰਸ ਦੀ ਕਮਾਨ ਸੰਭਾਲਣਗੇ। ਉਨ੍ਹਾਂ ਦੀ ਇਸ ਸਨਮਾਨਯੋਗ ਅਹੁਦੇ ’ਤੇ ਨਿਯੁਕਤੀ ਪੰਜਾਬੀਆਂ/ਸਿੱਖਾਂ ਲਈ ਮਾਣ ਵਾਲੀ ਗੱਲ ਹੈ।
ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੂੰ ਫਰਵਰੀ 2023 ਵਿਚ ਵਾਈਸ ਏਅਰ ਚੀਫ ਮਾਰਸ਼ਲ ਬਣਾਇਆ ਗਿਆ ਸੀ। ਇਕ ਕਿਸਮ ਨਾਲ ਇਹ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਲਈ ਵੰਗਾਰ ਦਾ ਸਮਾਂ ਹੈ ਕਿਉਂਕਿ ਐੱਲਸੀਏ, ਐੱਸਕੇ-1ਏ (ਐਡਵਾਂਸ ਵੇਰੀਐਂਟ ਆਫ ਦਿ ਐੱਮਕੇ ਕਰਾਫਟ) ਟੈਸਟਿੰਗ ਪ੍ਰੋਗਰਾਮ ਵਿਚ ਦੇਰੀ ਹੋ ਗਈ ਹੈ। ਇੰਡੀਅਨ ਏਅਰ ਫੋਰਸ ਨੂੰ ਚਿੰਤਾ ਹੈ ਕਿ ਇਸ ਦੇ ਕੰਬੈਟ ਇਫੈਕਟਿਵਨੈਸ ਵਿਚ ਜੋਖ਼ਮ ਹੋ ਸਕਦਾ ਹੈ। ਇਹ ਸਮਾਂ ਉਨ੍ਹਾਂ ਲਈ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕਰਨ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਦਾ ਫਿਕਸਡ ਰੋਟਰੀ ਵਿੰਗ ਏਅਰ ਕਰਾਫਟ ਤੇ ਕਈ ਤਰ੍ਹਾਂ ਦੇ ਲੜਾਕੂ ਜਹਾਜ਼ਾਂ ਨੂੰ 5000 ਘੰਟੇ ਤੋਂ ਵੱਧ ਸਮਾਂ ਉਡਾਉਣ ਦਾ ਤਜਰਬਾ ਵੀ ਉਨ੍ਹਾਂ ਦੀ ਕਾਰਜਕੁਸ਼ਲਤਾ ਦਾ ਇਕ ਨਮੂਨਾ ਹੈ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਦਾ 38 ਸਾਲ ਦਾ ਬਿਹਤਰੀਨ ਫਲਾਇੰਗ ਕਰੀਅਰ ਹੈ। ਇਸ ਤੋਂ ਪਹਿਲਾਂ ਉਹ ਪ੍ਰਯਾਗਰਾਜ ਵਿਚ ਕੇਂਦਰੀ ਹਵਾਈ ਕਮਾਨ ਦੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ ਸਨ। ਉਨ੍ਹਾਂ ਦਾ ਹਵਾਈ ਫ਼ੌਜ ਦਾ ਕਰੀਅਰ 21 ਦਸੰਬਰ 1984 ਨੂੰ ਸ਼ੁਰੂ ਹੋਇਆ ਸੀ ਜਦੋਂ ਉਨ੍ਹਾਂ ਨੂੰ ਕਮਿਸ਼ਨ ਮਿਲਿਆ।
ਉਸ ਤੋਂ ਬਾਅਦ ਉਹ ਆਪਣੀ ਯੋਗਤਾ ਕਰਕੇ ਲਗਾਤਾਰ ਤਰੱਕੀਆਂ ਪ੍ਰਾਪਤ ਕਰਦੇ ਰਹੇ। ਉਹ 21 ਦਸੰਬਰ 1985 ਨੂੰ ਫਲਾਇੰਗ ਅਫ਼ਸਰ ਅਤੇ 4 ਸਾਲ ਬਾਅਦ 21 ਦਸੰਬਰ 1989 ਨੂੰ ਫਲਾਈਟ ਲੈਫਟੀਨੈਂਟ, 21 ਦਸੰਬਰ 1995 ਨੂੰ ਸਕੁਐਡਰਨ ਲੀਡਰ, 14 ਮਈ 2001 ਨੂੰ ਵਿੰਗ ਕਮਾਂਡਰ, ਪੰਜ ਨਵੰਬਰ 2007 ਨੂੰ ਗਰੁੱਪ ਕੈਪਟਨ, 30 ਦਸੰਬਰ 2010 ਨੂੰ ਐਕਟਿੰਗ ਤੇ 1 ਅਪ੍ਰੈਲ 2011 ਨੂੰ ਏਅਰ ਕਮੋਡੋਰ ਬਣੇ ਸਨ। ਇਕ ਅਗਸਤ 2016 ਨੂੰ ਏਅਰ ਵਾਈਸ ਮਾਰਸ਼ਲ, 1 ਫਰਵਰੀ 2021 ਨੂੰ ਏਅਰ ਮਾਰਸ਼ਲ ਬਣੇ ਅਤੇ 30 ਸਤੰਬਰ 2024 ਨੂੰ ਬਾਅਦ ਦੁਪਹਿਰ ਏਅਰ ਚੀਫ ਮਾਰਸ਼ਲ ਦਾ ਵੱਕਾਰੀ ਅਹੁਦਾ ਸੰਭਾਲਣ ਜਾ ਰਹੇ ਹਨ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਮਹੱਤਵਪੂਰਨ ਵੰਗਾਰ ਵਾਲੀਆਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦਿਆਂ ਸਫਲਤਾ ਪ੍ਰਾਪਤ ਕੀਤੀ।
ਉਨ੍ਹਾਂ ਆਪਣੇ ਕਰੀਅਰ ਦੌਰਾਨ ਇਕ ਆਪ੍ਰੇਸ਼ਨਲ ਫਾਈਟਰ ਸਕੁਐਡਰਨ ਅਤੇ ਇਕ ਫਰੰਟਲਾਈਨ ਏਅਰਬੇਸ ਦੀ ਕਮਾਨ ਸੰਭਾਲੀ ਹੈ। ਇਕ ਪ੍ਰੀਖਣ ਪਾਇਲਟ ਦੇ ਰੂਪ ਵਿਚ ਉਨ੍ਹਾਂ ਨੇ ਮਾਸਕੋ ’ਚ ਮਿਗ-29 ਫਾਈਟਰ ਅਪਗ੍ਰੇਡ ਪ੍ਰਾਜੈਕਟ ਪ੍ਰਬੰਧਨ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਨੂੰ ਵਿਦੇਸ਼ਾਂ ਵਿਚ ਵੀ ਕਈ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ। ਉਹ ਸਵਦੇਸ਼ੀ ਤੇਜਸ ਲਾਈਟ ਕੰਬੈਟ ਏਅਰ ਕਰਾਫਟ ਦੇ ਪ੍ਰਾਜੈਕਟ ਡਾਇਰੈਕਟਰ (ਫਲਾਈਟ ਟੈਸਟ) ਵੀ ਸਨ। ਅਮਰਪ੍ਰੀਤ ਸਿੰਘ ਨੂੰ ਸਵਦੇਸ਼ੀ ਤੇਜਸ ਜਹਾਜ਼ ਨੂੰ ਉਡਾਉਣ ਦਾ ਵੀ ਮਾਣ ਜਾਂਦਾ ਹੈ। ਉਹ ਸੀਨੀਅਰ ਏਅਰ ਸਟਾਫ ਆਫੀਸਰ ਈਸਟਰਨ ਏਅਰ ਕਮਾਂਡ ਅਤੇ ਏਅਰ ਡਿਫੈਂਸ ਕਮਾਂਡਰ ਸਾਊਥ ਵੈਸਟਰਨ ਵਿਖੇ ਰਹੇ ਹਨ। ਉਹ ਏਅਰ ਕਮਾਂਡ ਕੁਆਲੀਫਾਈਡ ਫਲਾਇੰਗ ਇਨਸਟਰਕਟਰ ਹਨ ਅਤੇ ਤਜਰਬੇਕਾਰ ਪਾਇਲਟ ਹਨ।
ਵਿੰਗ ਕਮਾਂਡਰ ਹੁੰਦਿਆਂ ਉਨ੍ਹਾਂ ਨੇ 2 ਏਅਰ ਡਿਫੈਂਸ ਕੰਟਰੋਲ ਸੈਂਟਰ ਦੀ 22 ਸਕੁਐਡਰਨ ਦੀ ਅਗਵਾਈ ਕੀਤੀ ਹੈ। ਵਾਈਸ ਏਅਰ ਮਾਰਸ਼ਲ ਦੀ ਤਰੱਕੀ ਤੋਂ ਬਾਅਦ ਉਨ੍ਹਾਂ ਬਤੌਰ ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਫਲਾਈਟ ਟੈਸਟ ਸੈਂਟਰ, ਐਰੋਨਾਟੀਕਲ ਡਿਵੈਲਪਮੈਂਟ ਏਜੰਸੀ ਅਤੇ ਏਅਰ ਆਫੀਸਰ ਕਮਾਂਡਿੰਗ ਆਫ 2 ਏਅਰ ਡੀਫੈਂਸ ਕੰਟਰੋਲ ਸੈਂਟਰ ਗਾਂਧੀਨਗਰ ਦੀ ਅਗਵਾਈ ਕੀਤੀ ਹੈ। ਏਅਰ ਮਾਰਸ਼ਲ ਬਣਨ ਤੋਂ ਬਾਅਦ ਉਨ੍ਹਾਂ ਨੂੰ ਸੀਨੀਅਰ ਸਟਾਫ ਆਫੀਸਰ ਆਫ ਈਸਟਰਨ ਏਅਰ ਕਮਾਂਡ ਸੀਲੌਂਗ ਨਿਯੁਕਤ ਕੀਤਾ ਗਿਆ।
ਪਹਿਲੀ ਜੁਲਾਈ 2022 ਨੂੰ ਉਨ੍ਹਾਂ ਨੇ ਏਅਰ ਆਫੀਸਰ ਕਮਾਂਡਿੰਗ-ਇਨ-ਚੀਫ ਸੈਂਟਰਲ ਏਅਰ ਕਮਾਂਡ ਦਾ ਅਹੁਦਾ ਏਅਰ ਮਾਰਸ਼ਲ ਰਿਚਰਡ ਜੌਹਨ ਡਕਵਰਥ ਤੋਂ ਬਾਅਦ ਸੰਭਾਲਿਆ। ਵਾਈਸ ਚੀਫ ਏਅਰ ਸਟਾਫ ਹੁੰਦੇ ਹੋਏ ਮਲਟੀਨੈਸ਼ਨਲ ਏਅਰ ਐਕਸਰਸਾਈਜ਼ ਤਰੰਗ ਸ਼ਕਤੀ ਮੌਕੇ ਮੋਹਰੀ ਭੂਮਿਕਾ ਨਿਭਾਈ। ਚੀਨ ਦੀ ਸਰਹੱਦ ’ਤੇ ਤਣਾਅ ਦੀ ਸਥਿਤੀ ਸਮੇਂ ਅਰੁਣਾਚਲ ਦੇ ਨੇੜੇ ਭਾਰਤੀ ਸਰਹੱਦ ’ਤੇ ਜੋ ਭਾਰਤੀ ਹਵਾਈ ਜਹਾਜ਼ ਤਾਇਨਾਤ ਕੀਤੇ ਗਏ ਉਨ੍ਹਾਂ ਦੀ ਅਗਵਾਈ ਅਮਰਪ੍ਰੀਤ ਸਿੰਘ ਕਰਦੇ ਰਹੇ। ਉਹ ਸ਼ਾਂਤੀ ਜਾਂ ਯੁੱਧ ਦੀ ਸਥਿਤੀ ਵਿਚ ਰਣਨੀਤੀ ਤਿਆਰ ਕਰਨ ਦੇ ਵੀ ਮਾਹਿਰ ਗਿਣੇ ਜਾਂਦੇ ਹਨ।
ਅਮਰਪ੍ਰੀਤ ਸਿੰਘ ਦਾ ਜਨਮ 27 ਅਕਤੂਰ 1964 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਐੱਸਬੀਐੱਮ ਸਕੂਲ ਦਿੱਲੀ ਤੋਂ ਕੀਤੀ ਸੀ। ਸਕੂਲ ਦੀ ਪੜ੍ਹਾਈ ਤੋਂ ਬਾਅਦ ਉਹ ਏਅਰ ਫੋਰਸ ਦੀ ਫਾਈਟਰ ਪਾਇਲਟ ਸਟਰੀਮ ਵਿਚ ਭਰਤੀ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ, ਏਅਰ ਫੋਰਸ ਅਕੈਡਮੀ ਡੂੰਡੀਗਲ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਵਲਿੰਗਟਨ ਅਤੇ ਨੈਸ਼ਨਲ ਡਿਫੈਂਸ ਕਾਲਜ ਦਿੱਲੀ ਤੋਂ ਵੀ ਸਿੱਖਿਆ ਪ੍ਰਾਪਤ ਕੀਤੀ। ਅਮਰਪ੍ਰੀਤ ਸਿੰਘ ਦਾ ਵਿਆਹ ਸਰਿਤਾ ਸਿੰਘ ਨਾਲ ਹੋਇਆ। ਉਨ੍ਹਾਂ ਦੇ ਇਕ ਲੜਕਾ ਅਤੇ ਲੜਕੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments