ਟਰੱਕ ਦੀ ਲਪੇਟ ’ਚ ਆਏ ਮੋਟਰਸਾਈਕਲ ਸਵਾਰ ਪਿਓ-ਧੀ ਹਲਾਕ , ਪਤਨੀ ਗੰਭੀਰ ਜ਼ਖ਼ਮੀ
ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਸਥਿਤ ਰੇਲਵੇ ਫਲਾਈਓਵਰ ਨੇੜੇ ਟਰੱਕ ਦੀ ਲਪੇਟ ’ਚ ਆ ਕੇ ਪਿਓ ਤੇ ਧੀ ਦੀ ਮੌਤ ਹੋ ਗਈ, ਮ੍ਰਿਤਕ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ 48 ਸਾਲਾ ਵਿਜੈ ਕੁਮਾਰ ਵਾਸੀ ਲਾਲੜੂ ਦੇ ਰੂਪ ’ਚ ਹੋਈ ਹੈ ਜਦਕਿ ਉਸ ਦੀ ਧੀ 26 ਸਾਲਾ ਵੈਸ਼ਾਲੀ ਦੇ ਰੂਪ ’ਚ ਹੋਈ ਹੈ। ਮ੍ਰਿਤਕ ਦੀ ਪਤਨੀ ਮਮਤਾ ਦਾ ਪੀਜੀਆਈ ’ਚ ਇਲਾਜ ਚੱਲ ਰਿਹਾ ਹੈ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ।ਜਾਣਕਾਰੀ ਅਨੁਸਾਰ ਵਿਜੈ ਕੁਮਾਰ ਪਤਨੀ ਮਮਤਾ ਤੇ ਧੀ ਵੈਸ਼ਾਲੀ ਨਾਲ ਮੋਟਰਸਾਈਕਲ ’ਤੇ ਨਾਢਾ ਸਾਹਿਬ ਮੱਥਾ ਟੇਕਣ ਲਈ ਗਿਆ ਸੀ। ਇਸ ਦੌਰਾਨ ਜਦੋਂ ਉਹ ਮੁਬਾਰਕਪੁਰ ਸੜਕ ਤੋਂ ਡੀਏਵੀ ਸਕੂਲ ਵਾਲੇ ਪਾਸਿਓਂ ਚੰਡੀਗੜ੍ਹ-ਅੰਬਾਲਾ ਹਾਈਵੇ ’ਤੇ ਚੜ੍ਹਨ ਲੱਗਾ ਤਾਂ ਜ਼ੀਰਕਪੁਰ ਤੋਂ ਅੰਬਾਲਾ ਨੂੰ ਜਾ ਰਹੇ ਟਰੱਕ ਦੀ ਲਪੇਟ ’ਚ ਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਸਾਰਾ ਪਰਿਵਾਰ ਟਰੱਕ ਹੇਠਾਂ ਡਿੱਗ ਗਿਆ ਅਤੇ ਵਿਜੈ ਕੁਮਾਰ ਟਰੱਕ ਦੇ ਪਿਛਲੇ ਟਾਇਰਾਂ ਦੇ ਹੇਠਾਂ ਦਰੜਿਆ ਗਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਉਸ ਦੀ ਪਤਨੀ ਅਤੇ ਧੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਹਾਲਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉਥੇ ਪਹੁੰਚ ਕੇ ਡਾਕਟਰਾਂ ਨੇ ਉਸ ਦੀ ਧੀ ਵੈਸ਼ਾਲੀ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਉਸ ਦੀ ਪਤਨੀ ਮਮਤਾ ਨੂੰ ਦਾਖ਼ਲ ਕਰ ਲਿਆ। ਹਾਦਸੇ ਵਿਚ ਮਮਤਾ ਤੇ ਉਸ ਦੀ ਧੀ ਇਕ ਪਾਸੇ ਡਿੱਗ ਗਏ ਜਦਕਿ ਵਿਜੈ ਅਤੇ ਮੋਟਰਸਾਈਕਲ ਟਰੱਕ ਦੇ ਪਿਛਲੇ ਟਾਇਰ ਦੇ ਹੇਠਾਂ ਫਸ ਗਿਆ ਜਿਸ ਨੂੰ ਟਰੱਕ ਕਾਫ਼ੀ ਦੂਰ ਤੱਕ ਘਸੀਟਦਾ ਲੈ ਗਿਆ। ਬੜੀ ਮੁਸ਼ਕਲ ਨਾਲ ਵਿਜੈ ਨੂੰ ਟਰੱਕ ਦੇ ਟਾਇਰ ਹੇਠੋਂ ਕੱਢਿਆ ਗਿਆ।