ਬਰਨਾਲਾ ਦੀ ਟਰਾਈਡੈਂਟ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗੀ
ਬੀਤੀ ਕੱਲ ਦੇਰ ਸ਼ਾਮ ਤੇਜ ਹਨੇਰੀ ਨਾਲ ਪੂਰੇ ਪੰਜਾਬ ਦਾ ਮੌਸਮ ਬਦਲ ਗਿਆ। ਉੱਥੇ ਇਸ ਹਨੇਰੀ ਨਾਲ ਬਰਨਾਲਾ ਦੇ ਪਿੰਡ ਧੌਲਾ ਵਿਖੇ ਧਾਗਾ ਅਤੇ ਕਾਗਜ਼ ਬਨਾਉਣ ਲਈ ਮਸ਼ਹੂਰ ਟਰਾਈਡੈਂਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਹ ਅੱਗ ਇਨੀ ਭਿਆਨਕ ਸੀ ਕਿ ਇਸਨੂੰ ਬੁਝਾਉਣ ਲਈ ਪੰਜਾਬ ਭਰ ਤੋਂ 50 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆ ਪਈਆਂ। ਸਾਰੀ ਰਾਤ ਅੱਗ ਉੱਪਰ ਕਾਬੂ ਪਾਉਣ ਦਾ ਕੰਮ ਜਾਰੀ ਰਿਹਾ।
ਇਹ ਅੱਗ ਫੈਕਟਰੀ ਦੇ ਵਿੱਚ ਤੂੜੀ ਦੇ ਜਾਰਡ ਵਿੱਚ ਲੱਗ ਗਈ। ਜਿੱਥੇ ਵੱਡੀ ਮਾਤਰਾ ਵਿੱਚ ਤੂੜੀ ਸਟੋਰ ਅਤੇ ਸੁੱਕੀ ਲੱਕੜ ਵੀ ਵੱਡੀ ਮਾਤਰਾ ਵਿੱਚ ਪਈ ਸੀ। ਬਹੁਤ ਤੇਜ਼ ਹਵਾ ਚੱਲਣ ਕਰਕੇ ਅੱਗ ਕੁਝ ਹੀ ਸੈਕਿੰਡਾਂ ਵਿੱਚ ਬਹੁਤ ਜਿਆਦਾ ਫੈਲ ਗਈ, ਜਿਸ ਉੱਪਰ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਉੱਥੇ ਹੀ ਲੱਕੜ ਅਤੇ ਤੂੜੀ ਤੋਂ ਬਾਅਦ ਇਹ ਅੱਗ ਫੈਕਟਰੀ ਵਿੱਚ ਖੜੇ ਦਰਖਤਾਂ ਨੂੰ ਵੀ ਜਾ ਪਈ। ਅੱਗ ਇਨੀ ਭਿਆਨਕ ਸੀ ਕਿ 20-25 ਕਿਲੋਮੀਟਰ ਦੂਰ ਤੋਂ ਇਸ ਦੀਆਂ ਲਾਟਾਂ ਅਸਮਾਨ ਵਿੱਚ ਦਿਖਾਈ ਦੇ ਰਹੀਆਂ ਸਨ।
ਟਰਾਈਡੈਂਟ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਆਸ ਪਾਸ ਦੇ ਕਰੀਬ ਦਰਜਨ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕ ਫੈਕਟਰੀ ਦੇ ਬਾਹਰ ਜੁੱਟਣੇ ਸ਼ੁਰੂ ਹੋ ਗਏ, ਜਿਨਾਂ ਨੂੰ ਫੈਕਟਰੀ ਦੇ ਅੰਦਰ ਦਾਖਲ ਹੋਣ ਤੋਂ ਪੁਲਿਸ ਪ੍ਰਸ਼ਾਸਨ ਨੇ ਰੋਕ ਦਿੱਤਾ। ਇਸੇ ਕਾਰਨ ਫੈਕਟਰੀ ਦੇ ਬਾਹਰ ਕਾਫੀ ਗਹਿਮਾਂ ਗਹਿਮੀ ਵੀ ਦੇਖਣ ਨੂੰ ਮਿਲੀ। ਟਰਾਈਡੈਂਟ ਫੈਕਟਰੀ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ ਨੇ ਕਿਹਾ ਕਿ ਇਸ ਅੱਗ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਸਵੇਰ ਤੱਕ ਅੱਗ ਉੱਪਰ ਕਾਬੂ ਪਾ ਲਿਆ ਗਿਆ। ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਮਿਲ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਉੱਥੇ ਪ੍ਰਸ਼ਾਸਨ ਵੱਲੋਂ ਪਹੁੰਚੇ ਤਹਿਸੀਲਦਾਰ ਸੁਨੀਲ ਗਰਗ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਟਰਾਈਡੈਂਟ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲਗਾਤਾਰ ਅੱਗ ਉੱਤੇ ਕਾਬੂ ਪਾਉਣ ਲਈ ਯਤਨ ਕਰ ਰਿਹਾ ਹੈ। ਇਹ ਏਰੀਆ ਕੰਮ ਵਾਲੇ ਏਰੀਏ ਤੋਂ ਕਾਫੀ ਦੂਰ ਹੈ, ਜਿਸ ਕਰਕੇ ਅੱਗ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।