ਗੁਰਬਾਜ ਸਿੰਘ ਪੁੱਤਰ ਰਸਾਲ ਸਿੰਘ ਵਾਸੀ ਪਿੰਡ ਦੋਦੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸਵੇਰੇ ਕਰੀਬ 9 ਵਜੇ ਉਹ ਜਿੰਮ ਲਗਾਉਣ ਲਈ ਖਾਲੜਾ ਗਿਆ ਸੀ।
ਵੇਟ ਲਿਫਟਿੰਗ ਮੁਕਾਬਲੇ ਵਿਚ ਕਰੀਬ ਚਾਰ ਮਹੀਨੇ ਪਹਿਲਾਂ ਹਾਰ ਜਿੱਤ ਕਾਰਨ ਬਣੀ ਰੰਜਿਸ਼ ਤਹਿਤ ਪਹਿਲਾਂ ਜਿੰਮ ਵਿਚ ਤਕਰਾਰ ਹੋਇਆ ਅਤੇ ਫਿਰ ਹਾਰਨ ਵਾਲੇ ਨੇ ਕਥਿਤ ਤੌਰ ’ਤੇ ਆਪਣੇ ਸਾਥੀਆਂ ਸਮੇਤ ਜੇਤੂ ਦੇ ਘਰ ਉੱਪਰ ਫਾਇਰਿੰਗ ਕਰ ਦਿੱਤੀ। ਜਿਸ ਦੌਰਾਨ ਇਕ ਔਰਤ ਜਿਥੇ ਜਖਮੀ ਹੋ ਗਈ। ਉਥੇ ਹੀ ਘਰ ਦੇ ਪਿੰਜਰੇ ਵਿਚ ਬੰਦ ਪਾਲਤੂ ਕੁੱਤਾ ਗੋਲੀ ਲੱਗਣ ਨਾਲ ਮਾਰਿਆ ਗਿਆ। ਮੌਕੇ ’ਤੇ ਪੁੱਜੀ ਥਾਣਾ ਖਾਲੜਾ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨ ਲੋਕਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਗੁਰਬਾਜ ਸਿੰਘ ਪੁੱਤਰ ਰਸਾਲ ਸਿੰਘ ਵਾਸੀ ਪਿੰਡ ਦੋਦੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸਵੇਰੇ ਕਰੀਬ 9 ਵਜੇ ਉਹ ਜਿੰਮ ਲਗਾਉਣ ਲਈ ਖਾਲੜਾ ਗਿਆ ਸੀ। ਜਿਥੇ ਬੈਂਚ ਪ੍ਰੈੱਸ ਦੀ ਐਕਸਰਸਾਈਜ਼ ਲਗਾਉਣ ਨੂੰ ਲੈ ਕੇ ਜਸਪਾਲ ਸਿੰਘ ਨਾਲ ਉਸਦੀ ਤਕਰਾਰ ਹੋ ਗਈ ਅਤੇ ਉਹ ਆਪਣੇ ਘਰ ਆ ਗਿਆ। ਕਰੀਬ ਇਕ ਘੰਟੇ ਬਾਅਦ ਜਸਪਾਲ ਸਿੰਘ ਪੁੱਤਰ ਸੁਰਜੀਤ ਸਿੰਘ, ਰਜਿੰਦਰ ਸਿੰਘ ਬਾਦਸ਼ਾ ਅਤੇ ਸੁਰਜੀਤ ਸਿੰਘ ਸਾਰੇ ਵਾਸੀ ਕਲਸੀਆਂ ਖੁਰਦ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਬੰਦੂਕਾਂ ਤੇ ਪਿਸਤੋਲ ਨਾਲ ਗੋਲੀਆਂ ਚਲਾਉਣ ਲੱਗ ਪਏ।
ਗੋਲੀਆਂ ਦੀ ਆਵਾਜ ਸੁਣਕੇ ਉਹ ਤੇ ਉਸਦੀ ਭਰਜਾਈ ਪਰਮਜੀਤ ਕੌਰ ਘਰ ਤੋਂ ਬਾਹਰ ਆਏ ਤਾਂ ਗੋਲੀ ਲੱਗਣ ਨਾਲ ਉਸਦੀ ਭਰਜਾਈ ਜਖਮੀ ਹੋ ਗਈ। ਜਦੋਕਿ ਪਿੰਜਰੇ ਵਿਚ ਬੰਦ ਪਾਲਤੂ ਕੁੱਤੇ ਨੂੰ ਵੀ ਇਕ ਗੋਲੀ ਲੱਗੀ ਅਤੇ ਉਸ਼ਦੀ ਮੌਤ ਹੋ ਗਈ। ਜਖਮੀ ਹੋਈ ਉਸਦੀ ਭਰਜਾਈ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਸਨੇ ਦੱਸਿਆ ਕਿ ਕਰੀਬ ਚਾਰ ਮਹੀਨੇ ਪਿਹਲਾਂ ਵੇਟ ਲਿਫਟਿੰਗ ਦਾ ਮੁਕਾਬਲਾ ਹੋਇਆ ਸੀ।
ਜਿਸ ਵਿਚ ਉਸਦੀ ਜਿੱਤ ਤੇ ਜਸਪਾਲ ਸਿੰਘ ਦੀ ਹਾਰ ਹੋਈ ਸੀ। ਉਸ ਵੱਲੋਂ ਇਸੇ ਹਾਰ ਦੀ ਰੰਜਿਸ਼ ਰੱਖੀ ਜਾ ਰਹੀ ਸੀ ਤੇ ਉਸਨੇ ਗੋਲੀਬਾਰੀ ਕਰਕੇ ਜਿਥੇ ਉਸਦੀ ਭਰਜਾਈ ਨੂੰ ਜਖ਼ਮੀ ਕਰ ਦਿੱਤਾ। ਉਥੇ ਹੀ ਉਸਦੇ ਪਾਲਤੂ ਕੁੱਤੇ ਦੀ ਵੀ ਹੱਤਿਆ ਕਰ ਦਿੱਤੀ ਹੈ। ਥਾਣਾ ਖਾਲੜਾ ਦੇ ਜਾਂਚ ਅਧਿਕਾਰੀ ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਗੁਰਬਾਜ ਸਿੰਘ ਦੇ ਬਿਆਨ ਕਲਮਬੰਦ ਕਰਕੇ ਰਜਿੰਦਰ ਸਿੰਘ, ਸੁਰਜੀਤ ਸਿੰਘ ਤੇ ਜਸਪਾਲ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।