ਤਰਨਤਾਰਨ : ਜ਼ਿਲ੍ਹੇ ਦੇ ਹਰੀਕੇ ਪੱਤਣ ਇਲਾਕੇ ਅਧੀਨ ਪੈਂਦੇ ਪਿੰਡ ਤੁੰਗ ਵਿਖੇ ਬੀਤੀ ਰਾਤ ਪਤੀ, ਪਤਨੀ ਅਤੇ ਭਰਜਾਈ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਐੱਸ. ਪੀ. ਭੱਟੀ ਜਸਪਾਲ ਸਿੰਘ ਢਿੱਲੋਂ ਸਮੇਤ ਥਾਣਾ ਹਰੀਕੇ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੰਗ ਦੇ ਨਿਵਾਸੀ ਇਕਬਾਲ ਸਿੰਘ, ਉਸ ਦੀ ਪਤਨੀ ਅਤੇ ਭਰਜਾਈ ਦਾ ਕਤਲ ਕਰ ਦਿੱਤਾ ਗਿਆ ਹੈ।
ਤਿੰਨਾਂ ਦੀਆਂ ਲਾਸ਼ਾਂ ਵੱਖਰੇ-ਵੱਖਰੇ ਕਮਰਿਆਂ ‘ਚੋਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੇ ਮੂੰਹ ‘ਤੇ ਟੇਪਾਂ ਲਾਈਆਂ ਗਈਆਂ ਸਨ। ਇਹ ਘਟਨਾ ਦੇਰ ਰਾਤ ਲੁੱਟ ਦੀ ਨੀਅਤ ਨਾਲ ਵਾਪਰੀ ਦੱਸੀ ਜਾ ਰਹੀ ਹੈ। ਇਸ ਦੀ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਇਕਬਾਲ ਸਿੰਘ ਦਾ ਪੁੱਤਰ ਵਿਦੇਸ਼ ਰਹਿੰਦਾ ਹੈ ਅਤੇ ਉਸ ਦੀਆਂ ਧੀਆਂ ਵਿਆਹੁਤਾ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੰਮਕਾਜ ਲਈ ਲੰਬੇ ਸਮੇਂ ਤੋਂ ਘਰ ‘ਚ ਰੱਖਿਆ ਇੱਕ ਪਰਵਾਸੀ ਮੁਲਾਜ਼ਮ ਕਤਲ ਤੋਂ ਬਾਅਦ ਫ਼ਰਾਰ ਹੋ ਗਿਆ ਹੈ। ਇਸ ਸਬੰਧੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਸਰੀਰਾਂ ‘ਤੇ ਕੋਈ ਵੀ ਤੇਜ਼ਧਾਰ ਹਥਿਆਰ ਨਾਲ ਵਾਰ ਨਜ਼ਰ ਨਹੀਂ ਆਇਆ ਹੈ, ਜਦੋਂ ਕਿ ਤਿੰਨਾਂ ਦੇ ਮੂੰਹਾਂ ‘ਤੇ ਸੈਲੋ ਟੇਪ ਲੱਗੀ ਹੋਈ ਸੀ, ਜੋ ਵੱਖਰੇ-ਵੱਖਰੇ ਕਮਰੇ ‘ਚ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਐਂਗਲਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।