ਅਮਰੀਕਾ ਦੀ ਮੇਜ਼ਬਾਨੀ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅੱਤਵਾਦੀ ਹਮਲੇ ਦੀ ਧਮਕੀ ਮਿਲੀ ਹੈ
ਤ੍ਰਿਨੀਦਾਦ ਦੇ ਪ੍ਰਧਾਨ ਮੰਤਰੀ ਡਾਕਟਰ ਕੀਥ ਰੌਲੇ ਨੇ ਖੁਲਾਸਾ ਕੀਤਾ ਹੈ ਕਿ ਵੈਸਟਇੰਡੀਜ਼ ਅਤੇ ਅਮਰੀਕਾ ਦੀ ਮੇਜ਼ਬਾਨੀ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅੱਤਵਾਦੀ ਹਮਲੇ ਦੀ ਧਮਕੀ ਮਿਲੀ ਹੈ। ਰੌਲੇ ਨੇ ਕਿਹਾ ਕਿ ਖ਼ਤਰੇ ਨਾਲ ਨਜਿੱਠਣ ਲਈ ਰਾਸ਼ਟਰੀ ਸੁਰੱਖਿਆ ਤਿਆਰੀਆਂ ਤੇ ਜਵਾਬੀ ਤਿਆਰੀ ਲਈ ਵਾਧੂ ਯਤਨ ਕੀਤੇ ਜਾਣਗੇ। ਜ਼ਿਕਰਯਗੋ ਕਿ ਟੀ-20 ਵਿਸ਼ਵ ਕੱਪ 2024 ਪਹਿਲੀ ਜੂਨ ਤੋਂ ਸ਼ੁਰੂ ਹੋਵੇਗਾ, ਜਿਸ ‘ਚ ਕੁੱਲ 20 ਟੀਮਾਂ ਹਿੱਸਾ ਲੈਣਗੀਆਂ। ਫਿਲਹਾਲ ਮੀਡੀਆ ਰਿਪੋਰਟਾਂ ਮੁਤਾਬਿਕ ਵੈਸਟਇੰਡੀਜ਼ ‘ਤੇ ਖਾਸ ਤੌਰ ‘ਤੇ ਖ਼ਤਰਾ ਮੰਡਰਾ ਰਿਹਾ ਹੈ, ਜੋ ਸੁਪਰ-8 ਪੜਾਅ, ਸੈਮੀਫਾਈਨਲ ਅਤੇ ਫਾਈਨਲ ਦੀ ਮੇਜ਼ਬਾਨੀ ਕਰੇਗਾ। ਰੌਲੇ ਨੇ ਕਿਸੇ ਸੰਗਠਨ ਦਾ ਨਾਮ ਨਹੀਂ ਲਿਆ ਪਰ ਰਿਪੋਰਟਾਂ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਨੇ ਆਪਣੇ ਪ੍ਰਚਾਰ ਰਾਹੀਂ ਇਹ ਧਮਕੀ ਜਾਰੀ ਕੀਤੀ ਹੈ। ਰੌਲੇ ਨੇ ਕਿਹਾ ਕਿ ਟੀ-20 ਵਿਸ਼ਵ ਕੱਪ ਦੇ ਮੈਚ 9 ਥਾਵਾਂ ‘ਤੇ ਖੇਡੇ ਜਾਣੇ ਹਨ, ਜਿਨ੍ਹਾਂ ‘ਚੋਂ ਵੈਸਟਇੰਡੀਜ਼ ਕੋਲ 6 ਸਥਾਨ ਹਨ। ਇਨ੍ਹਾਂ ਥਾਵਾਂ ‘ਤੇ ਕਰੀਬ ਤੋਂ ਨਜ਼ਰ ਰੱਖੀ ਜਾਵੇਗੀ, ਤਾਂ ਜੋ ਸੁਰੱਖਿਆ ਦੀ ਕੋਈ ਉਲੰਘਣਾ ਨਾ ਹੋਵੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ‘ਇਹ ਗੱਲ ਸੱਚ ਹੈ ਕਿ ਮਾੜੇ ਅਦਾਕਾਰ ਕਿਸੇ ਵੀ ਤਰੀਕੇ ਨਾਲ ਬੁਰਾ ਵਿਹਾਰ ਕਰ ਸਕਦੇ ਹਨ, ਇਸ ਲਈ ਸਾਰੇ ਮੌਕਿਆਂ ਨੂੰ ਪੂਰੀ ਤਰ੍ਹਾਂ ਨਾਲ ਰੋਕਣਾ ਸੰਭਵ ਨਹੀਂ ਹੈ। ਹਾਲਾਂਕਿ ਅਸੀਂ ਇਸ ਖਤਰੇ ਨਾਲ ਨਜਿੱਠਣ ਲਈ ਸਥਾਨਕ ਅਤੇ ਖੇਤਰੀ ਪੱਧਰ ‘ਤੇ ਚੌਕਸ ਰਹਿ ਸਕਦੇ ਹਾਂ। ਆਪਣੀ ਖੁਫੀਆ ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਕੰਮ ਕਰਕੇ ਅਸੀਂ ਟੂਰਨਾਮੈਂਟ ਦੌਰਾਨ ਦੇਸ਼ ਦੇ ਲੋਕਾਂ ਅਤੇ ਸਥਾਨਾਂ ਨੂੰ ਬਚਾ ਸਕਦੇ ਹਾਂ।