ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ 2024 ਦੇ 14ਵੇਂ ਮੈਚ ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।
ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ 2024 ‘ਚ ਐਤਵਾਰ ਨੂੰ ਨਿਊਜ਼ੀਲੈਂਡ ਨੂੰ 84 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ 2024 ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ।
ਨਿਊਜ਼ੀਲੈਂਡ ‘ਤੇ ਅਫਗਾਨਿਸਤਾਨ ਕ੍ਰਿਕਟ ਟੀਮ ਦੀ ਇਹ ਪਹਿਲੀ ਜਿੱਤ ਹੈ। ਟਾਸ ਹਾਰਨ ਤੋਂ ਬਾਅਦ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 159 ਦੌੜਾਂ ਬਣਾਈਆਂ, ਜਿਸ ਦੇ ਜਵਾਬ ‘ਚ ਕੀਵੀ ਟੀਮ 75 ਦੌੜਾਂ ‘ਤੇ ਹੀ ਢੇਰ ਹੋ ਗਈ।
ਅਫਗਾਨਿਸਤਾਨ ਲਈ ਵਿਕਟਕੀਪਰ ਰਹਿਮਾਨਉੱਲ੍ਹਾ ਗੁਰਜ਼ਾਬ ਨੇ ਅਰਧ ਸੈਂਕੜੇ ਦੀ ਸ਼ਾਨਦਾਰ ਪਾਰੀ ਖੇਡੀ। ਗੁਰਬਾਜ਼ ਨੇ 56 ਗੇਂਦਾਂ ‘ਤੇ 5 ਛੱਕਿਆਂ ਅਤੇ 5 ਚੌਕਿਆਂ ਦੀ ਮਦਦ ਨਾਲ 80 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਇਬਰਾਹਿਮ ਜ਼ਦਰਾਨ ਨੇ 41 ਗੇਂਦਾਂ ਵਿੱਚ 44 ਦੌੜਾਂ ਬਣਾਈਆਂ, ਹਾਲਾਂਕਿ ਉਸ ਦੀ ਪਾਰੀ ਹੌਲੀ ਰਹੀ। ਜ਼ਦਰਾਨ ਨੇ 3 ਚੌਕੇ ਅਤੇ 2 ਛੱਕੇ ਲਗਾਏ।
ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਅਫਗਾਨਿਸਤਾਨ ਦੀ ਟੀਮ 159 ਦੌੜਾਂ ਹੀ ਬਣਾ ਸਕੀ। ਇਨ੍ਹਾਂ ਦੋਨਾਂ ਬੱਲੇਬਾਜ਼ਾਂ ਤੋਂ ਇਲਾਵਾ ਕਪਤਾਨ ਰਾਸ਼ਿਦ ਖਾਨ ਨੇ 6, ਮੁਹੰਮਦ ਨਬੀ 0, ਕਰੀਮ ਜੰਨਤ 1, ਗੁਲਬਦੀਨ ਨਾਇਬ 0, ਅਜ਼ਮਤ ਉੱਲਾ ਉਮਰਜ਼ਈ ਨੇ 22 ਦੌੜਾਂ ਬਣਾਈਆਂ। ਗੁਰਬਾਜ਼ ਨੂੰ ਉਸ ਦੇ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ।
ਕੀਵੀ ਬੱਲੇਬਾਜ਼ਾਂ ਦਾ ਮਾੜਾ ਪ੍ਰਦਰਸ਼ਨ: 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਅਫਗਾਨ ਗੇਂਦਬਾਜ਼ਾਂ ਅੱਗੇ ਝੁਕ ਗਈ। ਪੂਰੀ ਟੀਮ 75 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ। ਬੱਲੇਬਾਜ਼ੀ ਕਰਨ ਆਈ ਕੀਵੀ ਟੀਮ ਨੂੰ ਪਹਿਲੀ ਹੀ ਗੇਂਦ ‘ਤੇ ਝਟਕਾ ਲੱਗਾ। ਸਲਾਮੀ ਬੱਲੇਬਾਜ਼ ਫਿਨ ਐਲਨ ਨੂੰ ਫਜ਼ਲ ਹੱਕ ਫਾਰੂਕੀ ਨੇ ਬੋਲਡ ਕੀਤਾ।
ਇਸ ਤੋਂ ਬਾਅਦ ਕੀਵੀ ਟੀਮ ਇਸ ਤੋਂ ਉਭਰ ਨਹੀਂ ਸਕੀ। ਦੂਜੇ ਓਵਰ ‘ਚ ਡੇਵੋਨ ਕੌਨਵੇ 8 ਦੌੜਾਂ ਦੇ ਸਕੋਰ ‘ਤੇ ਪੈਵੇਲੀਅਨ ਪਰਤ ਗਏ। ਬਲੈਕ ਕੈਪਸ ਲਈ ਗਲੇਨ ਫਿਲਿਪਸ ਨੇ ਸਭ ਤੋਂ ਵੱਧ 18 ਦੌੜਾਂ ਬਣਾਈਆਂ। ਮੈਟ ਹੈਨਰੀ ਦੀਆਂ 12 ਦੌੜਾਂ ਨੂੰ ਛੱਡ ਕੇ ਬਾਕੀ ਕੀਵੀ ਬੱਲੇਬਾਜ਼ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ।
ਅਫਗਾਨ ਗੇਂਦਬਾਜ਼ਾਂ ਦਾ ਦਬਦਬਾ ਰਿਹਾ: ਅਫਗਾਨਿਸਤਾਨ ਦੀ ਗੇਂਦਬਾਜ਼ੀ ਯੂਨਿਟ ਨੇ ਨਿਊਜ਼ੀਲੈਂਡ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਪਤਾਨ ਰਾਸ਼ਿਦ ਖਾਨ ਨੇ 4 ਓਵਰਾਂ ‘ਚ 17 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਉਸ ਨੇ ਕਪਤਾਨ ਕੇਨ ਵਿਲੀਅਮਸਨ, ਮਾਰਕ ਚੈਪਮੈਨ, ਮਿਸ਼ੇਲ ਬ੍ਰੇਸਵੈੱਲ ਅਤੇ ਲਾਕੀ ਫਰਗੂਸਨ ਨੂੰ ਪੈਵੇਲੀਅਨ ਭੇਜਿਆ।
ਇਸ ਤੋਂ ਇਲਾਵਾ ਫਜ਼ਲ ਹੱਕ ਫਾਰੂਕੀ ਨੇ ਫਿਨ ਐਲਨ, ਡੇਵੋਨ ਕੌਨਵੇ, ਡੇਰਿਲ ਮਿਸ਼ੇਲ ਅਤੇ ਮੈਟ ਹੈਨਰੀ ਨੂੰ ਸ਼ੁਰੂਆਤ ‘ਚ ਆਊਟ ਕਰਕੇ ਅਫਗਾਨਿਸਤਾਨ ਨੂੰ ਜਿੱਤ ਦਿਵਾਈ। ਜਦਕਿ ਮੁਹੰਮਦ ਨਬੀ ਨੇ ਦੋ ਵਿਕਟਾਂ ਲਈਆਂ।