ਜੂਨ ‘ਚ ਅਮਰੀਕਾ ਅਤੇ ਵੈਸਟਇੰਡੀਜ਼ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਦਾ ਐਲਾਨ ਜਲਦ ਹੀ ਕੀਤਾ ਜਾ ਸਕਦਾ ਹੈ। ਆਈਸੀਸੀ ਨੇ ਟੀਮ ਦੀ ਚੋਣ ਕਰਨ ਲਈ ਪਹਿਲੀ ਮਈ ਦੀ ਸਮਾਂ ਸੀਮਾ ਦਿੱਤੀ ਹੈ, ਇਸ ਲਈ ਬੀਸੀਸੀਆਈ ਇਸ ਹਫ਼ਤੇ ਦੇ ਅੰਤ ਜਾਂ ਅਗਲੇ ਹਫ਼ਤੇ ਦੇ ਸ਼ੁਰੂ ਵਿਚ ਟੀਮ ਦਾ ਐਲਾਨ ਕਰ ਸਕਦਾ ਹੈ
ਜੂਨ ‘ਚ ਅਮਰੀਕਾ ਅਤੇ ਵੈਸਟਇੰਡੀਜ਼ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਦਾ ਐਲਾਨ ਜਲਦ ਹੀ ਕੀਤਾ ਜਾ ਸਕਦਾ ਹੈ। ਆਈਸੀਸੀ ਨੇ ਟੀਮ ਦੀ ਚੋਣ ਕਰਨ ਲਈ ਪਹਿਲੀ ਮਈ ਦੀ ਸਮਾਂ ਸੀਮਾ ਦਿੱਤੀ ਹੈ, ਇਸ ਲਈ ਬੀਸੀਸੀਆਈ ਇਸ ਹਫ਼ਤੇ ਦੇ ਅੰਤ ਜਾਂ ਅਗਲੇ ਹਫ਼ਤੇ ਦੇ ਸ਼ੁਰੂ ਵਿਚ ਟੀਮ ਦਾ ਐਲਾਨ ਕਰ ਸਕਦਾ ਹੈ।
ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਦੀ ਖ਼ਰਾਬ ਫੋਰਮ ਚਿੰਤਾ ਦਾ ਕਾਰਨ ਬਣੀ ਹੋਈ ਹੈ, ਜਦੋਂਕਿ ਕੇਐੱਲ ਰਾਹੁਲ ਦੂਜੇ ਵਿਕਟਕੀਪਰ ਲਈ ਸੰਜੂ ਸੈਮਸਨ ਤੋਂ ਅੱਗੇ ਹਨ। ਜਦੋਂ ਚੋਣਕਾਰ ਟੀਮ ਦੀ ਚੋਣ ਕਰਨ ਬੈਠਣਗੇ ਤਾਂ ਉਨ੍ਹਾਂ ਨੂੰ ਵਾਧੂ ਗੇਂਦਬਾਜ਼ ਚੁਣਨ ਦੀ ਦੁਚਿੱਤੀ ਵੀ ਹੋਵੇਗੀ। ਹੁਣ ਦੇਖਣਾ ਹੋਵੇਗਾ ਕਿ ਉਹ ਤੇਜ਼ ਗੇਂਦਬਾਜ਼ ਅਵੇਸ਼ ਖਾਨ ਨੂੰ ਚੁਣਦੇ ਹਨ ਜਾਂ ਹੌਲੀ ਪਿੱਚਾਂ ਨੂੰ ਦੇਖਦਿਆਂ ਰਵੀ ਬਿਸ਼ਨੋਈ ਜਾਂ ਆਲਰਾਊਂਡਰ ਅਕਸ਼ਰ ਪਟੇਲ ਨੂੰ ਮੌਕਾ ਦਿੰਦੇ ਹਨ।
ਪਾਂਡਿਆ ਨੇ ਆਈਪੀਐੱਲ ਵਿਚ ਅੱਠ ਮੈਚਾਂ ‘ਚ 17 ਓਵਰ ਸੁੱਟੇ ਹਨ। ਹੁਣ ਤਕ ਉਹ ਸਿਰਫ਼ ਸੱਤ ਛੱਕੇ ਹੀ ਲਗਾ ਸਕੇ ਹਨ। ਉਸ ਦੇ ਬੱਲੇ ਤੋਂ ਸਿਰਫ਼ 150 ਦੌੜਾਂ ਹੀ ਨਿਕਲੀਆਂ ਹਨ ਅਤੇ ਉਸ ਦਾ ਸਟ੍ਰਾਈਕ ਰੇਟ 142 ਰਿਹਾ ਹੈ। ਹਾਲਾਂਕਿ ਫਿਲਹਾਲ ਹਾਰਦਿਕ ਦਾ ਕੋਈ ਬਦਲ ਨਹੀਂ ਹੈ ਕਿਉਂਕਿ ਸ਼ਿਵਮ ਦੂਬੇ ਨੇ ਅਜੇ ਤਕ ਇਕ ਵੀ ਓਵਰ ਗੇਂਦਬਾਜ਼ੀ ਨਹੀਂ ਕੀਤੀ ਹੈ। ਹੁਨਰ ਤੇ ਗਤੀ ਦੇ ਲਿਹਾਜ਼ ਨਾਲ ਸ਼ਿਵਮ ਗੇਂਦਬਾਜ਼ੀ ‘ਚ ਹਾਰਦਿਕ ਦੇ ਬਰਾਬਰ ਨਹੀਂ ਹੈ ਪਰ ਬੱਲੇਬਾਜ਼ੀ ‘ਚ ਉਹ ਸ਼ਾਨਦਾਰ ਫੋਰਮ ‘ਚ ਹੈ, ਜਿਸ ਕਾਰਨ ਉਸ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ।
ਆਈਪੀਐੱਲ ਵਿਚ 161 ਦੇ ਸਟ੍ਰਾਈਕ ਰੇਟ ਨਾਲ 342 ਦੌੜਾਂ ਬਣਾਉਣ ਵਾਲੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਟੀਮ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਦੂਜੇ ਵਿਕਟਕੀਪਰ ਲਈ ਕੇਐੱਲ ਰਾਹੁਲ ਤੇ ਸੰਜੂ ਸੈਮਸਨ ਵਿਚਾਲੇ ਸਖ਼ਤ ਮੁਕਾਬਲਾ ਹੈ। ਗੇਂਦਬਾਜ਼ਾਂ ‘ਚ ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ, ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਦੀ ਜਗ੍ਹਾ ਲਗਭਗ ਤੈਅ ਹੈ। ਹਾਲਾਂਕਿ ਬੁਮਰਾਹ ਤੇ ਕੁਲਦੀਪ ਨੂੰ ਛੱਡ ਕੇ ਬਾਕੀ ਗੇਂਦਬਾਜ਼ ਆਈਪੀਐੱਲ ਵਿਚ ਫੋਰਮ ਵਿਚ ਨਹੀਂ ਹਨ, ਇਸ ਲਈ ਵਾਧੂ ਗੇਂਦਬਾਜ਼ ਦਾ ਬਦਲ ਮਹੱਤਵਪੂਰਨ ਹੋਵੇਗਾ।
ਇਸ ਲਈ ਅਵੇਸ਼, ਅਕਸ਼ਰ ਅਤੇ ਬਿਸ਼ਨੋਈ ਵਿਚਾਲੇ ਮੁਕਾਬਲਾ ਹੈ। ਅਵੇਸ਼ ਨੇ ਕਰੀਬ ਨੌਂ ਦੀ ਇਕਨਾਮੀ ਰੇਟ ਨਾਲ ਅੱਠ ਵਿਕਟਾਂ ਲਈਆਂ ਹਨ, ਜਦੋਂਕਿ ਬਿਸ਼ਨੋਈ ਨੇ ਨੌਂ ਤੋਂ ਘੱਟ ਦੀ ਇਕਨਾਮੀ ਰੇਟ ਨਾਲ ਪੰਜ ਵਿਕਟਾਂ ਲਈਆਂ ਹਨ। ਅਕਸ਼ਰ ਨੇ ਸੱਤ ਵਿਕਟਾਂ ਲਈਆਂ ਹਨ ਅਤੇ ਉਨ੍ਹਾਂ ਦੀ ਇਕਾਨਮੀ ਰੇਟ ਸੱਤ ਦੇ ਕਰੀਬ ਰਹੀ ਹੈ। ਉਹ ਬੱਲੇਬਾਜ਼ੀ ਵਿਚ ਵੀ 132 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਰਿਹਾ ਹੈ।