ਵੰਦੇ ਭਾਰਤ ਐਕਸਪ੍ਰੈੱਸ ਹਫਤੇ ’ਚ 6 ਦਿਨ ਚੱਲਿਆ ਕਰੇਗੀ ਅਤੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਦਿੱਲੀ ਪਹੁੰਚੇਗੀ, ਜਿਸ ਨਾਲ ਪੰਜਾਬ ਵਾਸੀਆਂ ਨੂੰ ਦਿੱਲੀ ਆਉਣ-ਜਾਣ ’ਚ ਬਹੁਤ ਸਹੂਲਤ ਮਿਲੇਗੀ। ਇਸ ਟਰੇਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਦਸੰਬਰ ਨੂੰ ਰਵਾਨਾ ਕਰਨਗੇ।
ਰੇਲਵੇ ਨੇ ਵੰਦੇ ਭਾਰਤ ਐਕਸਪ੍ਰੈੱਸ ਦਾ ਟਾਈਮ ਟੇਬਲ ਵੀ ਜਾਰੀ ਕਰ ਦਿੱਤਾ ਹੈ। ਐੱਮ. ਪੀ. ਸੁਸ਼ੀਲ ਰਿੰਕੂ ਨੇ ਲੋਕ ਸਭਾ ਵਿਚ ਇਸ ਟਰੇਨ ਪੰਜਾਬ ਵਿਚ ਚਲਾਉਣ ਅਤੇ ਜਲੰਧਰ ’ਚ ਸਟਾਪੇਜ ਦੇਣ ਦੀ ਮੰਗ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਟਰੇਨ ਦਾ ਸਟਾਪੇਜ ਜਲੰਧਰ ਸਿਟੀ ਰੇਲਵੇ ਸਟੇਸ਼ਨ ਵਿਚ ਦਿੱਤਾ ਗਿਆ ਹੈ। ਕੇਂਦਰੀ ਰੇਲਵੇ ਮੰਤਰੀ ਨੂੰ ਵੀ ਉਨ੍ਹਾਂ ਇਸ ਸਬੰਧੀ ਮੰਗ-ਪੱਤਰ ਦਿੱਤਾ ਸੀ। ਰਿੰਕੂ ਦੇ ਯਤਨ ਰੰਗ ਲਿਆਏ ਹਨ। ਉਨ੍ਹਾਂ ਵੰਦੇ ਭਾਰਤ ਐਕਸਪ੍ਰੈੱਸ ਸ਼ੁਰੂ ਕਰਨ ਲਈ ਰੇਲਵੇ ਮੰਤਰਾਲਾ ਦਾ ਧੰਨਵਾਦ ਕੀਤਾ ਹੈ।
ਅੰਮ੍ਰਿਤਸਰ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਦਾ ਸ਼ਡੀਊਲ
ਵੰਦੇ ਭਾਰਤ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਸਵੇਰੇ 8.30 ਵਜੇ ਚੱਲੇਗੀ ਅਤੇ ਜਲੰਧਰ ’ਚ 9.26 ਵਜੇ ਪਹੁੰਚੇਗੀ। ਲੁਧਿਆਣਾ ’ਚ ਇਹ ਸਵੇਰੇ 10.16 ਵਜੇ ਪਹੁੰਚੇਗੀ। ਉਸ ਤੋਂ ਬਾਅਦ ਅੰਬਾਲਾ ’ਚ 11.34 ਵਜੇ ਪਹੁੰਚੇਗੀ। ਨਵੀਂ ਦਿੱਲੀ ਪਹੁੰਚਣ ਦਾ ਸਮਾਂ ਦੁਪਹਿਰ 1.50 ਵਜੇ ਹੋਵੇਗਾ। ਨਵੀਂ ਦਿੱਲੀ ਤੋਂ ਵੰਦੇ ਭਾਰਤ ਬਾਅਦ ਦੁਪਹਿਰ 3.15 ਵਜੇ ਚੱਲੇਗੀ। ਇਹ ਟਰੇਨ ਅੰਬਾਲਾ ’ਚ 5.25 ਵਜੇ, ਲੁਧਿਆਣਾ ’ਚ ਸ਼ਾਮ 6.36 ਵਜੇ, ਜਲੰਧਰ ’ਚ 7.26 ਵਜੇ ਅਤੇ ਅੰਮ੍ਰਿਤਸਰ ’ਚ 8.35 ਵਜੇ ਪਹੁੰਚੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਨੂੰ ਦਿੱਤੀ ਸੌਗਾਤ: ਚੁੱਘ
ਦੂਜੇ ਪਾਸੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਦਿੱਲੀ ਲਈ ਵੰਦੇ ਭਾਰਤ ਐਕਸਪ੍ਰੈੱਸ ਸ਼ੁਰੂ ਕਰ ਕੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਨੂੰ ਸੌਗਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਟਰੇਨ ਦੇ ਚੱਲਣ ਨਾਲ ਅੰਮ੍ਰਿਤਸਰ ਤੇ ਦਿੱਲੀ ਵਿਚਾਲੇ ਆਵਾਜਾਈ ’ਚ ਹੋਰ ਸੁਧਾਰ ਹੋਵੇਗਾ ਅਤੇ ਯਾਤਰੀਆਂ ਨੂੰ ਅਤਿ-ਆਧੁਨਿਕ ਸਹੂਲਤਾਂ ਮਿਲਣਗੀਆਂ। ਅੰਮ੍ਰਿਤਸਰ ਤੋਂ ਦਿੱਲੀ ਤਕ ਦਾ ਸਫਰ ਸਿਰਫ 5 ਘੰਟਿਆਂ ’ਚ ਪੂਰਾ ਹੋਵੇਗਾ।