ਵਿਧਾਇਕ ਰਮਨ ਅਰੋੜਾ ਦੇ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਕੁਝ ਸਾਬਕਾ ਕਾਂਗਰਸੀ ਕੌਂਸਲਰਾਂ ਦੇ ਆਉਣ ਵਾਲੇ ਦਿਨਾਂ ’ਚ ‘ਆਪ’ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਚਰਚਾ ਹੈ ਕਿ ਕਾਂਗਰਸ ਦਾ ਇਹ ਸਾਬਕਾ ਕੌਂਸਲਰ ‘ਆਪ’ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਸੰਪਰਕ ’ਚ ਹੈ ਤੇ ਰਿੰਕੂ ਕਿਸੇ ਵੇਲੇ ਵੀ ਵੱਡਾ ਧਮਾਕਾ ਕਰ ਸਕਦੇ ਹਨ। ਕੁਝ ਦਿਨ ਪਹਿਲਾਂ ਰਿੰਕੂ ਰਾਹੀਂ ਇਸ ਹਲਕੇ ਤੋਂ ਮਨਮੋਹਨ ਸਿੰਘ ਰਾਜੂ, ਮਨੋਜ ਮੰਨੂੰ ਬੜਿੰਗ ਤੇ ਸ਼ਮਸ਼ੇਰ ਸਿੰਘ ਖਹਿਰਾ ਕਾਂਗਰਸ ਨੂੰ ਅਲਵਿਦਾ ਕਹਿ ਕੇ ‘ਆਪ’ ’ਚ ਸ਼ਾਮਲ ਹੋ ਗਏ ਹਨ। ਰਿੰਕੂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਦੂਜੀ ਵਾਰ ਜਿੱਤਣ ਲਈ ਪਹਿਲਾਂ ਹੀ ਪੂਰੀ ਤਿਆਰੀ ਕਰ ਰਹੇ ਹਨ ਤੇ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਉਠਾਉਣਾ ਚਾਹੁੰਦੇ। ਕਾਂਗਰਸ ’ਚ ਲੰਮਾ ਸਮਾਂ ਕੌਂਸਲਰ ਤੇ ਪੰਜ ਸਾਲ ਵਿਧਾਇਕ ਰਹਿਣ ਕਾਰਨ ਉਹ ਭਲੀ-ਭਾਂਤ ਜਾਣਦੇ ਹਨ ਕਿ ਉਨ੍ਹਾਂ ਨੂੰ ਚੋਣਾਂ ’ਚ ਕੌਣ ਫਾਇਦਾ ਦੇ ਸਕਦਾ ਹੈ।
ਰਿੰਕੂ ਆਪਣੇ ਕੀਤੇ ਹੋਏ ਕੰਮਾਂ ਤੇ ਆਪਣੀ ਟੀਮ ’ਤੇ ਜ਼ਿਆਦਾ ਭਰੋਸਾ ਰੱਖਦੇ ਹਨ। ਰਾਮਾ ਮੰਡੀ ਇਲਾਕੇ ਦੇ ਕਈ ਹੋਰ ਸਾਬਕਾ ਕਾਂਗਰਸੀ ਕੌਂਸਲਰ ਵੀ ‘ਆਪ’ ’ਚ ਸ਼ਾਮਲ ਹੋਣ ਲਈ ਉਤਾਵਲੇ ਹਨ ਪਰ ਅਜੇ ਤਕ ਉਨ੍ਹਾਂ ਦਾ ਨੰਬਰ ਨਹੀਂ ਲੱਗਾ ਹੈ। ਉਹ ਸਮਝਦੇ ਹਨ ਕਿ ਜੇਕਰ ਉਹ ਕਾਂਗਰਸ ’ਚ ਰਹਿ ਕੇ ਕੌਂਸਲਰ ਬਣ ਜਾਂਦੇ ਹਨ ਤਾਂ ਵੀ ਉਹ ਲੋਕਾਂ ਲਈ ਸਰਕਾਰ ਤੋਂ ਕੋਈ ਲਾਭ ਨਹੀਂ ਲੈ ਸਕਣਗੇ, ਕਿਉਂਕਿ ਸੂਬੇ ’ਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ। ਅਜਿਹੀ ਸਥਿਤੀ ’ਚ ‘ਆਪ’ ’ਚ ਜਾਣਾ ਬਿਹਤਰ ਹੈ।
ਉਧਰ ਕੁਝ ‘ਆਪ’ ਆਗੂ ਵਿਧਾਇਕ ਰਮਨ ਅਰੋੜਾ ਦੇ ਵਫ਼ਾਦਾਰ ਕਾਂਗਰਸੀਆਂ ਦਾ ‘ਆਪ’ ’ਚ ਸ਼ਾਮਲ ਹੋਣਾ ਪਸੰਦ ਨਹੀਂ ਕਰ ਰਹੇ ਹਨ ਤੇ ਉਨ੍ਹਾਂ ਨੂੰ ਆਪਣੀ ਕੁਰਸੀ ਖ਼ਤਰੇ ’ਚ ਨਜ਼ਰ ਆ ਰਹੀ ਹੈ। ਇਹ ਉਹ ਵਫਾਦਾਰ ਹਨ ਜਿਨ੍ਹਾਂ ਨੇ ‘ਆਪ’ ਦੀ ਸਰਕਾਰ ਬਣਾਉਣ ਤੇ ਰਮਨ ਅਰੋੜਾ ਨੂੰ ਵਿਧਾਇਕ ਬਣਾਉਣ ਲਈ ਸਖ਼ਤ ਮਿਹਨਤ ਕੀਤੀ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਸਾਬਕਾ ਕਾਂਗਰਸੀ ਕੌਂਸਲਰ ‘ਆਪ’ ’ਚ ਸ਼ਾਮਲ ਹੋ ਰਹੇ ਹਨ ਤਾਂ ਉਹ ਸਿਰਫ਼ ਚੋਣ ਲੜਨ ਲਈ ਹੀ ਆ ਰਹੇ ਹਨ ਤੇ ਅਜਿਹੀ ਸਥਿਤੀ ’ਚ ਉਨ੍ਹਾਂ ਵੱਲੋਂ ਕੀਤੀ ਗਈ ਮਿਹਨਤ ਦਾ ਕੋਈ ਫਾਇਦਾ ਨਹੀਂ ਹੋਵੇਗਾ। ‘ਆਪ’ ਦੇ ਵਫ਼ਾਦਾਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਖ਼ਿਲਾਫ਼ ਉਹ ਲੜ ਰਹੇ ਸਨ, ਉਨ੍ਹਾਂ ਨੂੰ ‘ਆਪ’ ’ਚ ਸ਼ਾਮਲ ਕੀਤਾ ਜਾ ਰਿਹਾ ਹੈ, ਜੋ ਠੀਕ ਨਹੀਂ ਹੈ। ਇਸ ਦਾ ਆਮ ਲੋਕਾਂ ’ਤੇ ਵੀ ਚੰਗਾ ਅਸਰ ਨਹੀਂ ਪਵੇਗਾ।
ਇਕੋ ਵਾਰਡ ’ਚ 2 ਮਜ਼ਬੂਤ ਦਾਅਵੇਦਾਰ
ਕੇਂਦਰੀ ਹਲਕੇ ’ਚ ਕਈ ਅਜਿਹੇ ਵਾਰਡ ਹਨ ਜਿੱਥੇ ਨਿਗਮ ਚੋਣ ਲੜਨ ਲਈ 2 ਮਜ਼ਬੂਤ ਦਾਅਵੇਦਾਰ ਲੋਕਾਂ ਨਾਲ ਤਾਲਮੇਲ ਕਰਨ ’ਚ ਲੱਗੇ ਹਨ। ਇੰਨਾ ਹੀ ਨਹੀਂ, ਦੋ-ਦੋ ਉਮੀਦਵਾਰਾਂ ਦੇ ਹੋਰਡਿੰਗ ਵੀ ਲਾਏ ਗਏ ਹਨ। ਹਾਲ ਹੀ ’ਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਾਬਕਾ ਕੌਂਸਲਰਾਂ ਨੇ ਤੇਜ਼ੀ ਨਾਲ ਆਪਣੀਆਂ ਸਰਗਰਮੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਮੀਟਿੰਗਾਂ ’ਚ ਵੱਡੀ ਗਿਣਤੀ ’ਚ ਲੋਕਾਂ ਦਾ ਇਕੱਠ ਕਰ ਕੇ ਪਾਰਟੀ ਨੂੰ ਆਪਣਾ ਅਸਲ ਪ੍ਰਭਾਵ ਦਿਖਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਉਨ੍ਹਾਂ ਦੀ ਕਾਰਗੁਜ਼ਾਰੀ ਦੇਖ ਕੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਵੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਕਾਂਗਰਸ ਤੋਂ ‘ਆਪ’ ’ਚ ਲਿਆਉਣ ਨਾਲ ਉਨ੍ਹਾਂ ਦਾ ਲੋਕ ਸਭਾ ਚੋਣਾਂ ’ਚ ਫਾਇਦਾ ਹੋ ਸਕਦਾ ਹੈ।