ਇਸ ’ਤੇ ਅਹਿਮ ਫ਼ੈਸਲਿਆਂ ਦਾ ਸੌਖੀ ਤੇ ਸਪੱਸ਼ਟ ਭਾਸ਼ਾ ਵਿਚ ਸਟੀਕ ਸਾਰ ਉਪਲਬਧ ਕਰਵਾਇਆ ਗਿਆ ਹੈ।
ਸੁਪਰੀਮ ਕੋਰਟ ਨੇ ਇਕ ਨਵਾਂ ਵੈੱਬ ਪੇਜ ਸ਼ੁਰੂ ਕੀਤਾ ਹੈ। ਇਸ ’ਤੇ ਸਿਖ਼ਰ ਅਦਾਲਤ ਦੇ ਇਤਿਹਾਸਕ ਫ਼ੈਸਲਿਆਂ ਦਾ ਸਾਰ ਪੜ੍ਹਿਆ ਜਾ ਸਕੇਗਾ ਅਤੇ ਆਮ ਨਾਗਰਿਕ ਉਨ੍ਹਾਂ ਨੂੰ ਸੌਖ ਨਾਲ ਸਮਝ ਸਕਣਗੇ। ‘ਲੈਂਡਮਾਰਕ ਜੱਜਮੈਂਟ ਸਮਰੀਜ਼’ ਨਾਂ ਦੇ ਇਸ ਵੈੱਬ ਪੇਜ ਦਾ ਉਦੇਸ਼ ਨਾਗਰਿਕਾਂ ਨੂੰ ਜਾਣਕਾਰ ਬਣਾਉਣਾ, ਕਾਨੂੰਨ ਦੇ ਪ੍ਰਤੀ ਜਾਗਰੂਕਤਾ ਵਧਾਉਣਾ ਤੇ ਕਾਨੂੰਨ ਦੇ ਪ੍ਰਤੀ ਲੋਕਾਂ ਦਾ ਜੁੜਾਅ ਵਧਾਉਣਾ ਹੈ।
ਸੁਪਰੀਮ ਕੋਰਟ ਵੱਲੋਂ ਜਾਰੀ ਬਿਆਨ ਮੁਤਾਬਕ, ਸਿਖ਼ਰ ਅਦਾਲਤ ਦੇ ਫੈ਼ਸਲੇ ਦੇਸ਼ ਭਰ ਵਿਚ ਆਮ ਜੀਵਨ ਦੇ ਵੱਖ-ਵੱਖ ਖੇਤਰਾਂ ’ਤੇ ਅਸਰ ਪਾਉਂਦੇ ਹਨ। ਇਸ ਲਈ ਅਦਾਲਤ ਇਸ ਗੱਲ ਦੇ ਮਹੱਤਵ ਨੂੰ ਸਮਝਦੀ ਹੈ ਕਿ ਉਸ ਦੇ ਫ਼ੈਸਲਿਆਂ ਦੀ ਪਹੁੰਚ ਸਾਰੇ ਨਾਗਰਿਕਾਂ ਤੱਕ ਹੋਵੇ ਪਰ ਗੁੰਝਲਦਾਰ ਕਾਨੂੰਨੀ ਭਾਸ਼ਾ ਤੇ ਫ਼ੈਸਲਿਆਂ ਦੀ ਲੰਬਾਈ ਕਾਰਨ ਨਾਗਰਿਕਾਂ ਨੂੰ ਅਦਾਲਤ ਦੇ ਕੰਮਾਂ ਤੇ ਫ਼ੈਸਲਿਆਂ ਨੂੰ ਸਮਝਣ ਵਿਚ ਮੁਸ਼ਕਲ ਹੋ ਸਕਦੀ ਹੈ ਅਤੇ ਅਹਿਮ ਫ਼ੈਸਲਿਆਂ ਬਾਰੇ ਗ਼ਲਤ ਧਾਰਣਾ ਵੀ ਬਣ ਸਕਦੀ ਹੈ। ਇਸ ਮੁਸ਼ਕਲ ਦੇ ਹੱਲ ਲਈ ਹੀ ਇਹ ਨਵਾਂ ਪੇਜ ਬਣਾਇਆ ਗਿਆ ਹੈ ਤਾਂ ਕਿ ਸਾਰੇ ਲੋਕ ਉਸ ਦੇ ਅਹਿਮ ਫ਼ੈਸਲਿਆਂ ਨੂੰ ਸੌਖ ਨਾਲ ਸਮਝ ਸਕਣ।
ਇਸ ’ਤੇ ਅਹਿਮ ਫ਼ੈਸਲਿਆਂ ਦਾ ਸੌਖੀ ਤੇ ਸਪੱਸ਼ਟ ਭਾਸ਼ਾ ਵਿਚ ਸਟੀਕ ਸਾਰ ਉਪਲਬਧ ਕਰਵਾਇਆ ਗਿਆ ਹੈ। ਵੈੱਬ ਪੇਜ ’ਤੇ ਜਨਤਕ ਹਿੱਤ ਦੇ ਅਹਿਮ ਫ਼ੈਸਲਿਆਂ ਦੀ ਵਰ੍ਹੇਵਾਰ ਸੂਚੀ ਦਿੱਤੀ ਗਈ ਹੈ। ਵਿਸ਼ਾ ਲਾਈਨ ਵਿਚ ਹਰੇਕ ਫ਼ੈਸਲੇ ਬਾਰੇ ਇਕ ਲਾਈਨ ਦਾ ਸਾਰ ਹੈ। ਇਸ ਤੋਂ ਇਲਾਵਾ ਸੁਣਵਾਈ ਦੀ ਵੀਡੀਓ ਰਿਕਾਰਡਿੰਗ, ਪੂਰਾ ਫ਼ੈਸਲਾ ਤੇ ਦਲੀਲਾਂ ਨੂੰ ਸੁਣਨ ਲਈ ਡਾਇਰੈਕਟ ਲਿੰਕ ਵੀ ਉਪਲਬਧ ਕਰਵਾਏ ਗਏ ਹਨ।