ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀ ਪੱਤਰਾਂ ਦੇ ਨਾਲ ਦਾਖਲ ਕੀਤੇ ਜਾਇਦਾਦ ਸਬੰਧੀ ਹਲਫੀਆ ਬਿਆਨ ਅਨੁਸਾਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਤਨੀ ਦੀ ਜਾਇਦਾਦ ਮਿਲਾ ਕੇ ਕਰੀਬ 7 ਕਰੋੜ ਦੇ ਮਾਲਕ ਹਨ ਜਦੋਂ ਕਿ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਕੋਲ ਪਤਨੀ ਦੀ ਜਾਇਦਾਦ ਸਮੇਤ ਕਰੀਬ 6 ਕਰੋੜ ਦਾ ਜਾਇਦਾਦ ਹੈ। ਰੰਧਾਵਾ ਕੋਲ ਗੋਆ ਵਿੱਚ ਦੋ ਆਲੀਸ਼ਾਨ ਘਰ ਵੀ ਹਨ ਜਦੋਂਕਿ ਬੱਬੂ ਕੋਲ ਤਿੰਨ ਗੱਡੀਆਂ ਹਨ। ਦਿਨੇਸ਼ ਬੱਬੂ ਕੋਲ 4 ਕਰੋੜ 82 ਲੱਖ 35 ਹਜ਼ਾਰ 573 ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ ਜਦੋਂ ਕਿ ਉਨ੍ਹਾਂ ਦੀ ਪਤਨੀ ਕੋਲ 1 ਕਰੋੜ 3 ਲੱਖ 99 ਹਜ਼ਾਰ 945 ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਦੋਵਾਂ ਦੀ ਕੁੱਲ ਜਾਇਦਾਦ 5 ਕਰੋੜ 86 ਲੱਖ 35 ਹਜ਼ਾਰ 518 ਰੁਪਏ ਹੈ। 61 ਸਾਲਾ ਬੱਬੂ ਅੰਡਰ ਗਰੈਜੂਏਟ ਹੈ। ਉਸ ਕੋਲ ਫਾਰਚੂਨਰ, ਵਰਨਾ ਅਤੇ ਇਨੋਵਾ ਕਾਰਾਂ ਹਨ ਜਦੋਂਕਿ ਉਸ ਦੀ ਪਤਨੀ ਕੋਲ 25 ਲੱਖ 60 ਹਜ਼ਾਰ ਰੁਪਏ ਦੇ ਗਹਿਣੇ ਹਨ। ਉਸ ਦੀਆਂ ਕੁੱਲ ਦੇਣਦਾਰੀਆਂ 16 ਲੱਖ 97 ਹਜ਼ਾਰ 800 ਰੁਪਏ ਹਨ। ਜਦਕਿ ਰੰਧਾਵਾ ਦੀ ਕੁੱਲ ਚੱਲ ਅਤੇ ਅਚੱਲ ਜਾਇਦਾਦ 4 ਕਰੋੜ 64 ਲੱਖ 80 ਹਜ਼ਾਰ 304 ਰੁਪਏ ਹੈ। ਉਨ੍ਹਾਂ ਦੀ ਪਤਨੀ ਦੀ ਚੱਲ-ਅਚੱਲ ਜਾਇਦਾਦ 2 ਕਰੋੜ 47 ਲੱਖ 72 ਹਜ਼ਾਰ 877 ਰੁਪਏ ਹੈ। ਦੋਵਾਂ ਕੋਲ ਕੁੱਲ 7 ਕਰੋੜ 12 ਲੱਖ 53 ਹਜ਼ਾਰ 181 ਰੁਪਏ ਹਨ। ਉਸ ਦੇ ਗੋਆ ਵਿੱਚ ਦੋ ਘਰ ਅਤੇ ਇੱਕ ਇਨੋਵਾ ਕਾਰ ਹੈ। ਉਨ੍ਹਾਂ ਦੀ ਪਤਨੀ ਜਤਿੰਦਰ ਕੌਰ ਨੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਰੰਧਾਵਾ ਕੋਲ 14 ਲੱਖ ਰੁਪਏ ਦੇ ਗਹਿਣੇ ਹਨ ਜਦਕਿ ਉਨ੍ਹਾਂ ਦੀ ਪਤਨੀ ਕੋਲ 28 ਲੱਖ ਰੁਪਏ ਦੇ ਗਹਿਣੇ ਹਨ। 65 ਸਾਲਾ ਰੰਧਾਵਾ ਅੰਡਰ ਗਰੈਜੂਏਟ ਹੈ। ਉਸ ਦੀਆਂ ਕੁੱਲ ਦੇਣਦਾਰੀਆਂ 59 ਲੱਖ 34 ਹਜ਼ਾਰ 555 ਰੁਪਏ ਹਨ। ਵਿਧਾਨ ਸਭਾ ਚੋਣਾਂ 2022 ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਉਸ ਸਮੇਂ ਬੱਬੂ ਦੀ ਚੱਲ-ਅਚੱਲ ਜਾਇਦਾਦ 6 ਕਰੋੜ 47 ਲੱਖ 55 ਹਜ਼ਾਰ 973 ਰੁਪਏ ਸੀ, ਜਦੋਂਕਿ ਦੇਣਦਾਰੀਆਂ 11 ਲੱਖ 6 ਹਜ਼ਾਰ 837 ਰੁਪਏ ਸਨ। ਇਸੇ ਤਰ੍ਹਾਂ ਰੰਧਾਵਾ ਦੀ ਚੱਲ ਅਤੇ ਅਚੱਲ ਜਾਇਦਾਦ 5 ਕਰੋੜ 11 ਲੱਖ 87 ਹਜ਼ਾਰ 545 ਰੁਪਏ ਸੀ, ਜਦਕਿ ਉਨ੍ਹਾਂ ਦੀਆਂ ਦੇਣਦਾਰੀਆਂ 15 ਲੱਖ 93 ਹਜ਼ਾਰ 63 ਰੁਪਏ ਸਨ।