ਸਿੰਘ ਸਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਉਪ ਮੁੱਖ ਮੰਤਰੀ ਹੁੰਦਿਆਂ ਸੁਖਬੀਰ ਬਾਦਲ ਨੇ ਕੁਝ ਅਜਿਹੇ ਫੈਸਲੇ ਲਏ, ਜਿਸ ਨਾਲ ਸਿੱਖ ਪੰਥ ਦਾ ਬਹੁਤ ਨੁਕਸਾਨ ਹੋਇਆ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 2007 ਤੋਂ 2017 ਤੱਕ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਨਿਮਾਣੇ ਸਿੱਖ ਵਾਂਗ ਪੇਸ਼ ਹੋਣ ਸੁਖਬੀਰ- ਸਿੰਘ ਸਾਹਿਬ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਇੱਕ ਆਮ ਸਿੱਖ ਵਾਂਗ ਅਕਾਲ ਤਖ਼ਤ ਤੇ ਆ ਕੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣੀ ਚਾਹੀਦੀ ਹੈ। ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਅੰਦਰ ਅਕਾਲ ਤਖ਼ਤ ‘ਤੇ ਪੇਸ਼ ਹੋਣਾ ਚਾਹੀਦਾ ਹੈ।
ਰਾਮ ਰਹੀਮ ਨਾਲ ਕੀ ਹੋਇਆ ਸੀ ਵਿਵਾਦ
ਦਰਅਸਲ ਮਈ 2007 ਵਿੱਚ, ਪੰਜਾਬ ਦੇ ਬਠਿੰਡਾ ਵਿੱਚ ਡੇਰਾ ਸਲਾਵਤਪੁਰਾ ਵਿੱਚ ਡੇਰਾ ਮੁਖੀ ਗੁਰਮੀਤ ਸਿੰਘ ਦੇ ਪਹਿਰਾਵੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਸਿੱਖਾਂ ਨੇ ਕਿਹਾ ਕਿ ਅਖ਼ਬਾਰਾਂ ਵਿੱਚ ਛਪੀਆਂ ਤਸਵੀਰਾਂ ਵਿੱਚ ਉਹ ਜਿਸ ਪਹਿਰਾਵੇ ਵਿੱਚ ਨਜ਼ਰ ਆ ਰਿਹਾ ਹੈ, ਉਹ ਉਨ੍ਹਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਪਹਿਰਾਵੇ ਦੀ ਨਕਲ ਹੈ।
ਇਸ ਦੇ ਵਿਰੋਧ ਵਿੱਚ ਬਠਿੰਡਾ ਵਿੱਚ ਡੇਰਾ ਮੁਖੀ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਡੇਰਾ ਪ੍ਰੇਮੀਆਂ ਨੇ ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਉੱਤਰੀ ਭਾਰਤ ਵਿਚ ਕਈ ਥਾਵਾਂ ‘ਤੇ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿਚਾਲੇ ਝੜਪਾਂ ਹੋਈਆਂ।
ਰਾਮ ਰਹੀਮ ਨੂੰ ਮਿਲੀ ਸੀ ਮੁਆਫੀ
2007 ਵਿੱਚ ਹੋਏ ਵਿਵਾਦ ਤੋਂ ਬਾਅਦ ਸਾਲ 2015 ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਆਪਣੀਆਂ ਗਲਤੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸੁਮੱਚੇ ਪੰਥ ਕੋਲੋਂ ਮੁਆਫੀ ਮੰਗੀ ਸੀ। ਜਿਸ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਵੀਕਾਰ ਕਰ ਲਿਆ ਸੀ। ਜਿਸ ਤੋਂ ਬਾਅਦ ਕਈ ਸਿੱਖ ਆਗੂਆਂ ਨੇ ਇਤਰਾਜ ਜਾਹਿਰ ਕੀਤਾ ਸੀ।
ਉਸ ਵੇਲੇ ਦੇ ਤਤਕਾਲੀ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਰਾਮ ਰਹੀਮ ਨੂੰ ਇਸ ਅਧਾਰ ਤੇ ਮੁਆਫ਼ੀ ਦਿੱਤੀ ਸੀ ਕਿ ਰਾਮ ਰਹੀਮ ਜਾਂ ਡੇਰਾ ਕੋਈ ਅਜਿਹੀ ਐਕਟੀਵਿਟੀ ਨਹੀਂ ਕਰੇਗਾ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ।
ਮੁਆਫ਼ੀ ਤੋਂ ਬਾਅਦ ਹੋਈ ਬੇਅਦਬੀ
ਸਤੰਬਰ ਮਹੀਨੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਮ ਰਹੀਮ ਨੂੰ ਮੁਆਫੀ ਮਿਲਣ ਤੋਂ ਬਾਅਦ ਜੱਥੇ ਸਿੱਖਾਂ ਵਿੱਚ ਰੋਸ ਸੀ ਤਾਂ ਉੱਥੇ ਹੀ 12 ਅਕਤੂਬਰ ਨੂੰ ਫ਼ਰੀਦਕੋਟ ਵਿੱਚ ਬੇਅਦਬੀ ਹੋ ਗਈ। ਜਿਸ ਨੇ ਦੁਨੀਆਂ ਭਰ ਵਿੱਚ ਰਹਿੰਦੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ। ਜਿਸ ਤੋਂ ਬਾਅਦ 14 ਅਕਤੂਬਰ ਨੂੰ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਤੇ ਗੋਲੀ ਚਲਾ ਦਿੱਤੀ ਗਈ। ਇਸ ਗੋਲੀ ਦਾ ਇਲਜ਼ਾਮ ਕਥਿਤ ਤੌਰ ਤੇ ਪੰਜਾਬ ਪੁਲਿਸ ਤੇ ਲੱਗਿਆ ਸੀ।
ਬੇਅਦਬੀ ਦਾ ਇਲਜ਼ਾਮ ਡੇਰਾ ਸੱਚਾ ਸੌਦਾ ਅਤੇ ਰਾਮ ਰਹੀਮ ਤੇ ਲਗਾਇਆ ਗਿਆ। ਜਿਸ ਤੋਂ ਬਾਅਦ ਸਿੱਖ ਜੱਥੇਬੰਦੀਆਂ ਵਿੱਚ ਰੋਸ ਹੋਰ ਵਧ ਗਿਆ। ਉਸ ਸਮੇਂ ਤੋਂ ਹੀ ਰਾਮ ਰਹੀਮ ਨੂੰ ਮਾਫ਼ੀ ਦੇਣ ਦਾ ਵਿਰੋਧ ਹੋਰ ਵਧ ਗਿਆ ਸੀ।
ਆਪਣਾ ਪੱਖ ਰੱਖਣਗੇ ਸੁਖਬੀਰ- ਵਲਟੋਹਾ
ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਹੁਣ ਸੁਖਬੀਰ ਬਾਦਲ ਅਕਾਲ ਤਖ਼ਤ ‘ਤੇ ਪੇਸ਼ ਹੋਣਗੇ। ਜਿਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਗੁਨਾਹ ਦੱਸੇ ਜਾਣਗੇ, ਜਿਸ ‘ਤੇ ਸੁਖਬੀਰ ਬਾਦਲ ਆਪਣਾ ਪੱਖ ਪੇਸ਼ ਕਰਨਗੇ।