ਮੈਨਜ਼ ਹਾਕੀ ਟੀਮ
ਓਲੰਪਿਕ ‘ਚ ਭਾਰਤੀ ਹਾਕੀ ਨੇ ਕੁੱਲ ਅੱਠ ਵਾਰ (1928, 1932, 1936, 1948, 1952, 1956, 1964 ਤੇ 1980) ਗੋਲਡ ਮੈਡਲ ਜਿੱਤਿਆ ਹੈ। ਉੱਥੇ ਹੀ ਇਕ ਵਾਰ (1960) ਸਿਲਵਰ ਮੈਡਲ ‘ਤੇ ਕਬਜ਼ਾ ਜਮਾਇਆ ਹੈ। ਓਲੰਪਿਕ ‘ਚ ਭਾਰਤ ਨੇ ਤਿੰਨ ਵਾਰ (1968, 1972 ਤੇ 2020 ‘ਚ) ਬ੍ਰੌਨਜ਼ ਮੈਡਲ ਜਿੱਤਿਆ ਹੈ। ਪੈਰਿਸ ਓਲੰਪਿਕ ‘ਚ ਭਾਰਤ ਗੋਲਡ ਮੈਡਲ ਜਿੱਤ ਕੇ ਆਪਣਾ ਦਬਦਬਾ ਮੁੜ ਕਾਇਮ ਰੱਖਣਾ ਚਾਹੇਗਾ।
ਲਵਲੀਨਾ ਬੋਰਗੋਹੇਨ (ਬਾਕਸਿੰਗ)
ਲਵਲੀਨਾ ਨੇ ਓਲੰਪਿਕ 2020 ‘ਚ ਬ੍ਰੌਨਜ਼ ਮੈਡਲ ਜਿੱਤਿਆ ਸੀ। ਹਾਲ ਹੀ ‘ਚ ਉਸਨੇ ਚੈੱਕ ਗਣਰਾਜ ‘ਚ ਗ੍ਰਾਂ ਪ੍ਰੀ ਟੂਰਨਾਮੈਂਟ ‘ਚ ਹਿੱਸਾ ਲਿਆ ਸੀ। ਇੱਥੇ ਉਹ ਦੋ ਮੈਚ ਹਾਰ ਗਈ ਤੇ ਇਕ ਵਾਰ ਜਿੱਤੀ। ਲਵਲੀਨਾ ਨੇ ਗ੍ਰਾਂ ਪ੍ਰੀ ਟੂਰਨਾਮੈਂਟ ‘ਚ ਸਿਲਵਰ ਮੈਡਲ ਜਿੱਤਿਆ। ਨਿਖਤ ਦੇ ਨਾਲ ਉਹ ਵੀ ਇਕ ਮਹੀਨੇ ਦੇ ਟ੍ਰੇਨਿੰਗ ਕੈਂਪ ਲਈ ਜਰਮਨੀ ਦੇ ਸਾਰਬ੍ਰੁਕੇਨ ‘ਚ ਹੈ। ਕੈਂਪ 22 ਜੁਲਾਈ ਨੂੰ ਖਤਮ ਹੋਣ ਤੋਂ ਬਾਅਦ ਲਵਲੀਨਾ ਆਪਣੇ ਦੂਜੇ ਓਲੰਪਿਕ ਮੈਡਲ ਦੀ ਤਲਾਸ਼ ‘ਚ ਪੈਰਿਸ ਜਾਵੇਗੀ।
ਵਿਨੇਸ਼ ਫੋਗਾਟ (ਕੁਸ਼ਤੀ)
ਕੁਸ਼ਤੀ ਚੈਂਪੀਅਨ ਵਿਨੇਸ਼ ਫੋਗਾਟ ਜਲਦ ਹੀ ਸਪੇਨ ਗ੍ਰਾਂ ਪ੍ਰੀ ‘ਚ ਹਿੱਸਾ ਲੈਣ ਲਈ ਮੈਦਾਨ ‘ਚ ਉਤਰੇਗੀ। ਸਪੇਨ ‘ਚ ਹੋਣ ਵਾਲੇ ਸਮਾਗਮ ਤੋਂ ਬਾਅਦ ਉਹ ਓਲੰਪਿਕ ਦੀ ਤਿਆਰੀ ਲਈ 20 ਦਿਨਾਂ ਦੀ ਸਿਖਲਾਈ ਲਈ ਫਰਾਂਸ ਜਾਵੇਗੀ। ਵਿਨੇਸ਼ ਫੋਗਾਟ ਨੇ ਵੀ 2020 ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਹਾਲਾਂਕਿ ਕੋਈ ਮੈਡਲ ਨਹੀਂ ਜਿੱਤ ਸਕੀ ਸੀ।
ਪੀਵੀ ਸਿੰਧੂ (ਬੈਡਮਿੰਟਨ)
ਭਾਰਤ ਨੂੰ 2016 ਰੀਓ ਸਮਰ ਓਲੰਪਿਕ ‘ਚ ਸਿਲਵਰ ਮੈਡਲ ਤੇ 2020 ਟੋਕੀਓ ਓਲੰਪਿਕ ‘ਚ ਬ੍ਰੌਨਜ਼ ਮੈਡਲ ਜਿੱਤਣ ਵਾਲੀ ਪੀਵੀ ਸਿੰਧੂ ਤੋਂ ਇਕ ਹੋਰ ਮੈਡਲ ਦੀ ਉਮੀਦ ਹੋਵੇਗੀ। ਜੇਕਰ ਉਹ ਪੈਰਿਸ ‘ਚ ਓਲੰਪਿਕ ਮੈਡਲ ਜਿੱਤਦੀ ਹੈ ਤਾਂ ਉਹ ਭਾਰਤ ਦੀ ਸਭ ਤੋਂ ਸਫਲ ਐਥਲੀਟ ਬਣ ਜਾਵੇਗੀ। ਪੀਵੀ ਸਿੰਧੂ ਇਸ ਸਮੇਂ ਜਰਮਨੀ ਦੇ ਸਾਰਬਰੁਕਨ ‘ਚ ਆਪਣੇ ਕੋਚ ਆਗੁਸ ਡਵੀ ਸੈਂਟੋਸੋ ਤੇ ਉਸਦੀ ਟੀਮ ਨਾਲ ਸਿਖਲਾਈ ਲੈ ਰਹੀ ਹੈ।
ਨਿਖਤ ਜ਼ਰੀਨ (ਬਾਕਸਿੰਗ)
ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਵੀ ਪੈਰਿਸ ਓਲੰਪਿਕ ‘ਚ ਤਿਰੰਗਾ ਲਹਿਰਾਉਣਾ ਚਾਹੇਗੀ। ਇਹ ਉਸ ਦਾ ਪਹਿਲਾ ਓਲੰਪਿਕ ਹੋਵੇਗਾ। ਉਸਨੇ ਆਖਰੀ ਵਾਰ ਮਈ ‘ਚ ਐਲੋਰਡਾ ਕੱਪ ‘ਚ ਖੇਡਿਆ ਸੀ ਜਿੱਥੇ ਉਸਨੇ ਗੋਲ਼ਡ ਮੈਡਲ ਜਿੱਤਿਆ ਸੀ। ਮੌਜੂਦ ਸਮੇਂ ਨਿਖਤ ਸਾਰਬ੍ਰੁਕੇਨ, ਜਰਮਨੀ ‘ਚ ਓਲੰਪਿਕ ਸੈਂਟਰ ‘ਚ ਇਕ ਮਹੀਨੇ ਦੀ ਟ੍ਰੇਨਿੰਗ ‘ਤੇ ਹੈ। ਉਹ 22 ਜੁਲਾਈ ਤਕ ਉੱਥੇ ਹੀ ਰਹੇਗੀ ਤੇ ਫਿਰ ਪੈਰਿਸ ਜਾਵੇਗੀ।
ਮੀਰਾਬਾਈ ਚਾਨੂ (ਵੇਟਲਿਫਟਿੰਗ)
ਟੋਕੀਓ ਓਲੰਪਿਕ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਮੀਰਾਬਾਈ ਚਾਨੂ ਇਕ ਵਾਰ ਫਿਰ ਪੈਰਿਸ ‘ਚ ਓਲੰਪਿਕ ਪੋਡੀਅਮ ‘ਤੇ ਪਹੁੰਚਣ ਦੀ ਕੋਸ਼ਿਸ਼ ਕਰੇਗੀ। ਟੋਕੀਓ ‘ਚ ਜਿੱਤ ਤੋਂ ਬਾਅਦ ਮੀਰਾਬਾਈ ਲਈ ਇਹ ਆਸਾਨ ਸਫ਼ਰ ਨਹੀਂ ਰਿਹਾ ਕਿਉਂਕਿ ਉਸ ਨੂੰ ਸੱਟਾਂ ਕਾਰਨ ਬਹੁਤ ਮੁਸ਼ਕਲ ਦੌਰ ਵਿੱਚੋਂ ਲੰਘਣਾ ਪਿਆ ਸੀ। ਉਹ ਐਨਆਈਐਸ ਪਟਿਆਲਾ ਵਿਖੇ ਸਿਖਲਾਈ ਲੈ ਰਹੀ ਹੈ, ਅਗਲੇ ਹਫ਼ਤੇ ਉਹ ਫਰਾਂਸ ਜਾਵੇਗੀ।
ਸਿਫਤ ਕੌਰ ਸਮਰਾ (ਸ਼ੂਟਿੰਗ)
ਏਸ਼ਿਆਈ ਖੇਡਾਂ ਦੀ ਗੋਲਡ ਮੈਡਲ ਜੇਤੂ ਸਿਫ਼ਤ ਨੇ ਚਾਰ ਪੜਾਵਾਂ ਦੇ ਓਲੰਪਿਕ ਚੋਣ ਟਰਾਇਲਾਂ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਔਰਤਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ‘ਚ ਪੈਰਿਸ ਦੀ ਟੀਮ ‘ਚ ਥਾਂ ਬਣਾਈ ਹੈ। ਪਿਛਲੇ ਮਹੀਨੇ ਦੇ ਸ਼ੁਰੂ ‘ਚ ਉਹ ਮਿਊਨਿਖ ਵਿਸ਼ਵ ਕੱਪ ‘ਚ ਖੇਡੀ ਸੀ, ਜਿੱਥੇ ਉਸਨੇ ਬ੍ਰੌਨਜ਼ ਮੈਡਲ ਜਿੱਤਿਆ ਸੀ। ਉਸਨੇ ਹਾਲ ਹੀ ‘ਚ ਫਰਾਂਸ ‘ਚ ਰਾਸ਼ਟਰੀ ਕੈਂਪ ਪੂਰਾ ਕੀਤਾ ਤੇ ਹੁਣ ਉਹ ਓਲੰਪਿਕ ਵਿੱਚ ਨਜ਼ਰ ਆਵੇਗੀ।
ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈਟੀ (ਬੈਡਮਿੰਟਨ)
ਸਾਤਵਿਕ ਤੇ ਚਿਰਾਗ ਨੇ ਸਿੰਗਾਪੁਰ ਓਪਨ ਤੋਂ ਬਾਅਦ ਕੋਈ ਟੂਰਨਾਮੈਂਟ ਨਹੀਂ ਖੇਡਿਆ। ਜਿੱਥੇ ਉਹ ਪਹਿਲੇ ਦੌਰ ‘ਚ ਹਾਰ ਗਏ ਸਨ। ਭਾਰਤ ਨੂੰ ਪੁਰਸ਼ ਡਬਲਜ਼ ‘ਚ ਇਨ੍ਹਾਂ ਦੋਵਾਂ ਤੋਂ ਮੈਡਲ ਦੀ ਉਮੀਦ ਹੈ। ਟੋਕੀਓ ਓਲੰਪਿਕ ‘ਚ ਦੋਵੇਂ ਆਪਣੇ ਤਿੰਨ ਗਰੁੱਪ ਮੈਚਾਂ ‘ਚੋਂ ਦੋ ਜਿੱਤਣ ਦੇ ਬਾਵਜੂਦ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਉਣ ਤੋਂ ਖੁੰਝ ਗਏ ਸਨ।
ਅਦਿਤੀ ਅਸ਼ੋਕ (ਗੋਲਫ)
ਅਦਿਤੀ ਅਸ਼ੋਕ ਨੇ ਟੋਕੀਓ ਓਲੰਪਿਕ ‘ਚ ਮੈਡਲ ਜਿੱਤਣ ਤੋਂ ਖੁੰਝ ਕੇ ਏਸ਼ੀਆਈ ਖੇਡਾਂ ‘ਚ ਗੋਲਡ ਮੈਡਲ ਜਿੱਤਿਆ ਸੀ। ਅਦਿਤੀ ਤੀਜੀ ਵਾਰ ਓਲੰਪਿਕ ‘ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਅਦਿਤੀ ਨੇ ਆਪਣਾ ਪਹਿਲਾ ਓਲੰਪਿਕ ਸਾਲ 2016 ਵਿੱਚ ਖੇਡਿਆ ਸੀ। ਭਾਰਤ ਨੂੰ ਵੀ ਅਦਿਤੀ ਤੋਂ ਮੈਡਲ ਦੀ ਉਮੀਦ ਹੈ।