ਟੀਮ ’ਚ ਪੰਜਾਬ ਨਾਲ ਸਬੰਧਤ 10 ਖਿਡਾਰੀਆਂ ਨੂੰ ਐਂਟਰੀ ਮਿਲੀ ਹੈ।
ਹਾਕੀ ਇੰਡੀਆ ਨੇ ਪੈਰਿਸ ਓਲੰਪਿਕ ’ਚ ਭਾਰਤੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ’ਚ ਜਲੰਧਰ ਦੇ ਚਾਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਟੀਮ ’ਚ ਮਿੱਠਾਪੁਰ ਦੇ ਓਲੰਪੀਅਨ ਮਨਪ੍ਰੀਤ ਸਿੰਘ, ਓਲੰਪੀਅਨ ਮਨਦੀਪ ਸਿੰਘ, ਖੁਸਰੋਪੁਰ ਦੇ ਓਲੰਪੀਅਨ ਹਾਰਦਿਕ ਸਿੰਘ ਤੇ ਅੰਤਰਰਾਸ਼ਟਰੀ ਖਿਡਾਰੀ ਸੁਖਜੀਤ ਸਿੰਘ ਧਨੌਵਾਲੀ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਚਾਰ ਖਿਡਾਰੀਆਂ ’ਚੋਂ ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਹਾਰਦਿਕ ਸਿੰਘ ਦੂਜੀ ਵਾਰ ਓਲੰਪਿਕ ਖੇਡਣ ਜਾ ਰਹੇ ਹਨ।
ਇਸ ਤੋਂ ਇਲਾਵਾ ਟੀਮ ’ਚ ਪੰਜਾਬ ਨਾਲ ਸਬੰਧਤ 10 ਖਿਡਾਰੀਆਂ ਨੂੰ ਐਂਟਰੀ ਮਿਲੀ ਹੈ। ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਟੀਮ ਨੂੰ ਸ਼ੁਭਇੱਛਾਵਾਂ ਦਿੰਦੇ ਹੋਏ ਕਿਹਾ ਕਿ ਭਾਰਤੀ ਹਾਕੀ ’ਚ ਪੰਜਾਬ ਦਾ ਅਹਿਮ ਯੋਗਦਾਨ ਹੈ ਇਸ ਲਈ ਹਾਕੀ ਪੰਜਾਬ ਦੇ ਸਾਰੇ ਮੈਂਬਰ, ਪੰਜਾਬ ਦੇ ਸਮੂਹ ਹਾਕੀ ਕੋਚ, ਪੰਜਾਬ ਦੀ ਹਾਕੀ ਦੇ ਸ਼ੁਭਚਿੰਤਕ ਵਧਾਈ ਦੇ ਹੱਕਦਾਰ ਹਨ।
ਦੱਸਿਆ ਕਿ ਟੀਮ ’ਚ ਚੁਣੇ ਗਏ ਪੰਜਾਬੀ ਖਿਡਾਰੀਆਂ ’ਚ ਹਰਮਨਪ੍ਰੀਤ ਸਿੰਘ (ਕਪਤਾਨ), ਹਾਰਦਿਕ ਸਿੰਘ (ਉਪ ਕਪਤਾਨ), ਮਨਪ੍ਰੀਤ ਸਿੰਘ (ਸਾਬਕਾ ਕਪਤਾਨ), ਜਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਸੁਖਜੀਤ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਕ੍ਰਿਸ਼ਨਾ ਬਹਾਦੁਰ ਪਾਠਕ ਅਤੇ ਜੁਗਰਾਜ ਸਿੰਘ ਸ਼ਾਮਲ ਹਨ। ਸਾਲ 2021 ’ਚ ਕਪਤਾਨ ਮਨਪ੍ਰੀਤ ਸਿੰਘ ਦੀ ਅਗਵਾਈ ’ਚ ਟੋਕੀਓ ’ਚ ਹੋਈਆਂ ਓਲੰਪਿਕ ਖੇਡਾਂ ’ਚ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।
ਜਰਮਨੀ ਦੀ ਟੀਮ ਨੂੰ 2-1 ਗੋਲਾਂ ਨਾਲ ਹਰਾਇਆ ਸੀ। ਭਾਰਤ ਨੇ 41 ਸਾਲਾਂ ਬਾਅਦ ਹਾਕੀ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਮੈਚਾਂ ’ਚ ਹਾਰਦਿਕ ਸਿੰਘ ਨੇ ਇਕ, ਵਰੁਣ ਕੁਮਾਰ ਨੇ ਇਕ ਤੇ ਮਨਦੀਪ ਸਿੰਘ ਨੇ ਇਕ ਗੋਲ ਕੀਤਾ। ਹੁਣ ਵੀ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਖਿਡਾਰੀਆਂ ਤੋਂ ਵੱਡੀਆਂ ਆਸਾਂ ਹਨ।
ਸਾਲ 2023 ’ਚ ਚੀਨ ਦੇ ਹਾਂਗਜ਼ੂ ਸ਼ਹਿਰ ’ਚ ਹੋਈਆਂ ਏਸ਼ਿਆਈ ਖੇਡਾਂ ’ਚ ਟੀਮ ਨੇ ਸੋਨ ਤਗ਼ਮਾ ਜਿੱਤਿਆ ਸੀ। ਟੀਮ ’ਚ ਜਲੰਧਰ ਤੋਂ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਸੁਖਜੀਤ ਸਿੰਘ, ਹਾਰਦਿਕ ਸਿੰਘ ਸ਼ਾਮਲ ਸਨ। ਟੀਮ ਨੇ ਸਾਲ 2022 ’ਚ ਇੰਗਲੈਂਡ ’ਚ ਹੋਈਆਂ ਕਾਮਨਵੈਲਥ ਖੇਡਾਂ ’ਚ ਚਾਂਦੀ ਦਾ ਤਗਮਾ ਜਿੱਤਿਆ ਸੀ।
ਪਰਿਵਾਰਕ ਮੈਂਬਰਾਂ ’ਚ ਖੁਸ਼ੀ ਦਾ ਮਾਹੌਲ
ਓਲੰਪੀਅਨ ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਨੇ ਕਿਹਾ ਕਿ ਟੀਮ ਵਧੀਆ ਪ੍ਰਦਰਸ਼ਨ ਕਰੇਗੀ। ਟੀਮ ਨੇ ਪਿਛਲੀਆਂ ਓਲੰਪਿਕ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਵਾਰ ਸੋਨ ਤਗਮੇ ’ਤੇ ਮੋਹਰ ਲੱਗਣ ਦੀ ਉਮੀਦ ਰਹੇਗੀ।
ਓਲੰਪੀਅਨ ਹਾਰਦਿਕ ਸਿੰਘ ਦੇ ਪਿਤਾ ਵਰਿੰਦਰਪ੍ਰੀਤ ਸਿੰਘ ਨੇ ਕਿਹਾ ਕਿ ਟੀਮ ’ਚ ਨੌਜਵਾਨ ਖਿਡਾਰੀ ਹਨ। ਟੀਮ ਪਿਛਲੀਆਂ ਓਲੰਪਿਕ ਖੇਡਾਂ ’ਚ ਤਮਗਾ ਜਿੱਤਣ ਨੂੰ ਲੈ ਕੇ ਉਤਸ਼ਾਹਤ ਹੈ। ਟੀਮ ਨੇ ਏਸ਼ਿਆਈ ਖੇਡਾਂ ’ਚ ਸੋਨ ਤਗ਼ਮਾ ਜਿੱਤ ਕੇ ਆਪਣੀ ਇਸ ਗਤੀ ਨੂੰ ਬਰਕਰਾਰ ਰੱਖਿਆ।
ਓਲੰਪਿਕ ’ਚ ਜਿੱਤ ਦਾ ਸਿਲਸਿਲਾ ਜਾਰੀ ਰਹੇਗਾ
ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਕਿਹਾ ਕਿ ਟੀਮ ’ਚ ਨੌਜਵਾਨ ਖਿਡਾਰੀ ਸ਼ਾਮਲ ਹਨ। ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਖਿਡਾਰੀ ਟੀਮ ਵਰਕ ਨਾਲ ਚੰਗਾ ਪ੍ਰਦਰਸ਼ਨ ਕਰਨਗੇ। ਪਿਛਲੀਆਂ ਓਲੰਪਿਕ ਖੇਡਾਂ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਇਸ ਓਲੰਪਿਕ ’ਚ ਸੋਨ ਤਗਮੇ ਦੀ ਉਮੀਦ ਹੈ। ਖਿਡਾਰੀਆਂ ਨੇ ਪਿਛਲੇ ਦੋ ਸਾਲਾਂ ’ਚ ਹੋਏ ਹਾਕੀ ਟੂਰਨਾਮੈਂਟਾਂ ’ਚ ਆਪਣਾ ਬੇਹਤਰ ਪ੍ਰਦਰਸ਼ਨ ਦਿਖਾਇਆ ਹੈ।
ਗੋਲਡ ਮੈਡਲ ’ਤੇ ਮੋਹਰ ਲਗਾਉਣ ਲਈ ਉਤਰਨਗੇ ਮੈਦਾਨ ’ਚ
ਓਲੰਪੀਅਨ ਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਨੇ ਕਿਹਾ ਕਿ ਉਹ ਹਰ ਮੈਚ ਜਿੱਤਣ ਲਈ ਮੈਦਾਨ ’ਚ ਉਤਰਨਗੇ। ਭਾਰਤ ਨੇ ਪਿਛਲੀਆਂ ਓਲੰਪਿਕ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਇਸ ਓਲੰਪਿਕ ’ਚ ਮੈਡਲ ਦਾ ਰੰਗ ਗੋਲਡ ’ਚ ਬਦਲ ਕੇ ਬਿਹਤਰ ਪ੍ਰਦਰਸ਼ਨ ਕੀਤਾ ਜਾਵੇਗਾ। ਹਰ ਮੈਚ ਜਿੱਤ ਨਾਲ ਖੇਡਿਆ ਜਾਵੇਗਾ। ਟੀਮ ਦੇ ਹਰ ਮੈਂਬਰ ਵਿਚਕਾਰ ਬਹੁਤ ਵਧੀਆ ਤਾਲਮੇਲ ਹੈ। ਵਿਰੋਧੀ ਟੀਮ ਦੇ ਹਿਸਾਬ ਨਾਲ ਰਣਨੀਤੀ ਤਿਆਰ ਕੀਤੀ ਜਾਵੇਗੀ।