ਨਵੀਂ ਦਿੱਲੀ: ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਸੰਸਦ ਤੋਂ ਵਿਰੋਧੀ ਧਿਰ ਦੇ 141 ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ‘ਤੇ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਅਤੇ ਦੋਸ਼ ਲਾਇਆ ਕਿ ਇਹ ਸਰਕਾਰ ਲੋਕਤੰਤਰ ਦਾ ਗਲ਼ਾ ਘੁੱਟ ਰਹੀ ਹੈ। ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੀ ‘ਨਾ ਮੁਆਫ਼ੀਯੋਗ ਘਟਨਾ’ ‘ਤੇ ਸੰਸਦ ਦੇ ਬਾਹਰ ਆਪਣੇ ਵਿਚਾਰ ਪ੍ਰਗਟ ਕੀਤੇ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਨੂੰ ਸਦਨ ਦੀ ਮਰਿਆਦਾ ਦੀ ਕੋਈ ਪਰਵਾਹ ਨਹੀਂ ਹੈ। ਸੋਨੀਆ ਗਾਂਧੀ ਨੇ ਕਾਂਗਰਸ ਸੰਸਦੀ ਦਲ ਦੀ ਬੈਠਕ ‘ਚ ਕਿਹਾ,”ਇਸ ਸਰਕਾਰ ਦੁਆਰਾ ਲੋਕਤੰਤਰ ਦਾ ਗਲ਼ਾ ਘੁੱਟਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਦੇ ਵੀ ਵਿਰੋਧੀ ਧਿਰ ਦੇ ਇੰਨੇ ਸੰਸਦ ਮੈਂਬਰਾਂ ਨੂੰ ਸਦਨ ਤੋਂ ਮੁਅੱਤਲ ਨਹੀਂ ਕੀਤਾ ਗਿਆ ਅਤੇ ਉਹ ਵੀ ਸਿਰਫ਼ ਇਕ, ਬਿਲਕੁੱਲ ਉੱਚਿਤ ਅਤੇ ਜਾਇਜ਼ ਮੰਗ ਉਠਾਉਣ ਲਈ।” ਉਨ੍ਹਾਂ ਕਿਹਾ ਕਿ ਸੰਸਦ ਦੇ ਵਿਰੋਧੀ ਮੈਂਬਰਾਂ ਨੇ 13 ਦਸੰਬਰ ਦੀ ਅਸਾਧਾਰਨ ਘਟਨਾ ਬਾਰੇ ਲੋਕ ਸਭਾ ਅਤੇ ਰਾਜ ਸਭਾ ਵਿਚ ਗ੍ਰਹਿ ਮੰਤਰੀ ਤੋਂ ਬਿਆਨ ਦੀ ਮੰਗ ਕੀਤੀ ਸੀ। ਸਾਬਕਾ ਕਾਂਗਰਸ ਪ੍ਰਧਾਨ ਅਨੁਸਾਰ ਸਰਕਾਰ ਵਲੋਂ ਵਿਰੋਧੀ ਧਿਰ ਦੀ ਮੰਗ ‘ਤੇ ਜਿਹੜਾ ਹੰਕਾਰੀ ਵਤੀਰਾ ਕੀਤਾ ਗਿਆ, ਉਸ ਨੂੰ ਬਿਆਨ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ। ਉਨ੍ਹਾਂ ਨੇ ਸੰਸਦ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਦਾ ਜ਼ਿਕਰ ਕਰਦਿਆਂ ਕਿਹਾ ਕਿ 13 ਦਸੰਬਰ ਨੂੰ ਜੋ ਹੋਇਆ ਉਹ ਮੁਆਫ਼ ਕਰਨ ਯੋਗ ਨਹੀਂ ਹੈ ਅਤੇ ਇਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਉਨ੍ਹਾਂ ਕਿਹਾ,”ਪ੍ਰਧਾਨ ਮੰਤਰੀ ਨੂੰ ਇਸ ਘਟਨਾ ‘ਤੇ ਆਪਣੇ ਵਿਚਾਰ ਪ੍ਰਗਟ ਕਰਨ ਵਿਚ ਚਾਰ ਦਿਨ ਲੱਗ ਗਏ ਅਤੇ ਉਨ੍ਹਾਂ ਨੇ ਸੰਸਦ ਦੇ ਬਾਹਰ ਅਜਿਹਾ ਕੀਤਾ। ਅਜਿਹਾ ਕਰਕੇ ਉਨ੍ਹਾਂ ਨੇ ਸਦਨ ਦੀ ਮਾਣ-ਮਰਿਆਦਾ ਅਤੇ ਸਾਡੇ ਦੇਸ਼ ਦੇ ਲੋਕਾਂ ਪ੍ਰਤੀ ਆਪਣੀ ਨਿਰਾਦਰ ਦਾ ਸਪੱਸ਼ਟ ਸੰਕੇਤ ਦਿੱਤਾ। ਮੈਂ ਇਸ ਦੀ ਕਲਪਣਾ ਕਰਨਾ ਤੁਹਾਡੇ ‘ਤੇ ਛੱਡਦੀ ਹਾਂ ਕਿ ਜੇਕਰ ਭਾਜਪਾ ਅੱਜ ਵਿਰੋਧੀ ਧਿਰ ‘ਚ ਹੁੰਦੀ ਤਾਂ ਕੀ ਪ੍ਰਤੀਕਿਰਿਆ ਦਿੰਦੀ।” ਸਦਨ ‘ਚ ਤਖਤੀਆਂ ਲਹਿਰਾਉਣ ਅਤੇ ਨਾਅਰੇਬਾਜ਼ੀ ਕਰਨ ‘ਤੇ ਪਿਛਲੇ ਕੁਝ ਦਿਨਾਂ ‘ਚ ਕੁੱਲ 141 ਸੰਸਦ ਮੈਂਬਰਾਂ ਨੂੰ ਲੋਕ ਸਭਾ ਅਤੇ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸਦਨ ਦੀ ਕਾਰਵਾਈ ‘ਚ ਰੁਕਾਵਟ ਪਾਉਣ ਲਈ ਮੰਗਲਵਾਰ ਨੂੰ 49 ਲੋਕ ਸਭਾ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੇ ਸੰਸਦ ਮੈਂਬਰ 13 ਦਸੰਬਰ ਨੂੰ ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਦੀ ਘਟਨਾ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕਰ ਰਹੇ ਹਨ। ਸੋਨੀਆ ਗਾਂਧੀ ਨੇ ਇਹ ਵੀ ਕਿਹਾ,”ਇਸ ਸੈਸ਼ਨ ‘ਚ ਜੰਮੂ-ਕਸ਼ਮੀਰ ਨਾਲ ਸਬੰਧਤ ਕੁਝ ਮਹੱਤਵਪੂਰਨ ਬਿੱਲ ਪਾਸ ਕੀਤੇ ਗਏ ਹਨ। ਜਵਾਹਰ ਲਾਲ ਨਹਿਰੂ ਵਰਗੇ ਮਹਾਨ ਦੇਸ਼ ਭਗਤਾਂ ਨੂੰ ਬਦਨਾਮ ਕਰਨ ਲਈ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਇਤਿਹਾਸਕ ਤੱਥਾਂ ਨੂੰ ਤੋੜਨ-ਮਰੋੜਨ ਵਾਲੇ ਲੋਕ ਲਗਾਤਾਰ ਮੁਹਿੰਮ ਚਲਾ ਰਹੇ ਹਨ।” ਉਨ੍ਹਾਂ ਕਿਹਾ,”ਇਨ੍ਹਾਂ ਕੋਸ਼ਿਸ਼ਾਂ ‘ਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਖੁਦ ਮੋਰਚਾ ਸੰਭਾਲਿਆ ਹੈ ਪਰ ਅਸੀਂ ਡਰਾਂਗੇ ਜਾਂ ਝੁਕਾਂਗੇ ਨਹੀਂ। ਅਸੀਂ ਸੱਚ ਬੋਲਦੇ ਰਹਾਂਗੇ।” ਉਨ੍ਹਾਂ ਕਿਹਾ,“ਜੰਮੂ-ਕਸ਼ਮੀਰ ‘ਤੇ ਸਾਡੀ ਸਥਿਤੀ ਸਪੱਸ਼ਟ ਅਤੇ ਇਕਸਾਰ ਹੈ ਕਿ ਪੂਰਨ ਰਾਜ ਦਾ ਦਰਜਾ ਤੁਰੰਤ ਬਹਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਜਲਦੀ ਤੋਂ ਜਲਦੀ ਚੋਣਾਂ ਹੋਣੀਆਂ ਚਾਹੀਦੀਆਂ ਹਨ। ਲੱਦਾਖ ਦੇ ਲੋਕਾਂ ਦੀਆਂ ਇੱਛਾਵਾਂ ਵੀ ਓਨੀਆਂ ਹੀ ਮਹੱਤਵਪੂਰਨ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਉਹ ਸਨਮਾਨ ਦਿਖਾਉਣਾ ਚਾਹੀਦਾ ਹੈ ਜਿਸ ਦੇ ਉਹ ਹੱਕਦਾਰ ਹਨ।”