ਮਸ਼ਹੂਰ ਗਾਇਕਾ ਊਸ਼ਾ ਉਥੁਪ ਦੇ ਪਤੀ ਜਾਨੀ ਚਾਕੋ ਦਾ ਦੇਹਾਂਤ ਹੋ ਗਿਆ ਹੈ।
ਉਨ੍ਹਾਂ ਨੇ ਸੋਮਵਾਰ 8 ਜੁਲਾਈ ਨੂੰ ਕੋਲਕਾਤਾ ‘ਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਜਾਨੀ ਚਾਕੋ ਦੇ ਦੇਹਾਂਤ ਦੀ ਖ਼ਬਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ ਹੈ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ 78 ਸਾਲਾ ਜਾਨੀ ਚਾਕੋ ਘਰ ਵਿਚ ਟੀਵੀ ਦੇਖ ਰਹੇ ਸੀ ਉਦੋਂ ਹੀ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਈ, ਜਿਸ ਤੋਂ ਬਾਅਦ ਜਾਨੀ ਚਾਕੋ ਨੂੰ ਤੁਰੰਤ ਨੇੜਲੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਨ੍ਹਾਂ ਦਾ ਸਸਕਾਰ 9 ਜੁਲਾਈ ਮੰਗਲਵਾਰ ਨੂੰ ਕੀਤਾ ਜਾਵੇਗਾ।
ਊਸ਼ਾ ਉਥੁਪ ਦੇ ਦੂਜੇ ਪਤੀ ਸਨ ਜਾਨੀ
ਜਾਨੀ ਚਾਕੋ ਊਸ਼ਾ ਉਥੁਪ ਦੇ ਦੂਜੇ ਪਤੀ ਸਨ ਤੇ ਸੰਗੀਤ ਉਦਯੋਗ ਤੋਂ ਦੂਰ ਆਪਣਾ ਕਾਰੋਬਾਰ ਸੰਭਾਲਦੇ ਸਨ। ਉਹ ਚਾਹ ਦੇ ਬਗਾਨਾਂ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ। ਦੋਵਾਂ ਦੀ ਪਹਿਲੀ ਮੁਲਾਕਾਤ 70 ਦੇ ਦਹਾਕੇ ਦੇ ਸ਼ੁਰੂ ‘ਚ ਮਸ਼ਹੂਰ ਨਾਈਟ ਕਲੱਬ ਟ੍ਰਿਨਕਾਸ ‘ਚ ਹੋਈ ਸੀ। ਊਸ਼ਾ ਉਥੁਪ ਦਾ ਪਹਿਲਾਂ ਵਿਆਹ ਮਰਹੂਮ ਰਾਮੂ ਨਾਲ ਹੋਇਆ ਸੀ।
ਨਾਈਟ ਕਲੱਬ ਤੋਂ ਕੀਤੀ ਕਰੀਅਰ ਦੀ ਸ਼ੁਰੂਆਤ
ਊਸ਼ਾ ਉਥੁਪ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਹਨ। ਹਿੰਦੀ ਦੇ ਨਾਲ-ਨਾਲ ਉਨ੍ਹਾਂ ਕਈ ਭਾਸ਼ਾਵਾਂ ‘ਚ ਗੀਤ ਗਾਏ ਹਨ। ਊਸ਼ਾ ਉਥੁਪ ਨੇ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ 1969 ‘ਚ ਚੇਨਈ ਦੇ ਛੋਟੇ ਜਿਹੇ ਨਾਈਟ ਕਲੱਬ ਤੋਂ ਕੀਤੀ ਸੀ। ਆਪਣੀ ਦਮਦਾਰ ਆਵਾਜ਼ ਕਾਰਨ ਉਨ੍ਹਾਂ ਕਾਫੀ ਪ੍ਰਸਿੱਧੀ ਹਾਸਲ ਕੀਤੀ ਤੇ ਦੇਸ਼ ਭਰ ਦੇ ਕਈ ਵੱਡੇ ਨਾਈਟ ਕਲੱਬਾਂ ‘ਚ ਗਾਉਣ ਦਾ ਮੌਕਾ ਪ੍ਰਾਪਤ ਕੀਤਾ। ਇਸ ਦੌਰਾਨ ਮਰਹੂਮ ਅਦਾਕਾਰ ਦੇਵ ਆਨੰਦ ਦੀ ਨਜ਼ਰ ਦਿੱਲੀ ਦੇ ਇਕ ਨਾਈਟ ਕਲੱਬ ‘ਚ ਊਸ਼ਾ ਉਥੁਪ ਉੱਤੇ ਪਈ। ਇਸ ਤੋਂ ਬਾਅਦ ਉਨ੍ਹਾਂ ਊਸ਼ਾ ਉਥੁਪ ਨੂੰ 1971 ‘ਚ ਆਈ ਫਿਲਮ ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਤੋਂ ਬਾਲੀਵੁੱਡ ‘ਚ ਡੈਬਿਊ ਕਰਨ ਦਾ ਮੌਕਾ ਦਿੱਤਾ।