ਸਕਿਓਰਿਟੀ ਵਾਪਸ ਲੈਣ ਕਾਰਨ ਹੀ ਹੋਇਆ ਮੇਰੇ ਪੁੱਤ ਦਾ ਕਤਲ
ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਕਿਓਰਿਟੀ ਵਾਪਸ ਲੈਣ ਕਾਰਨ ਹੀ ਮੇਰੇ ਪੁੱਤ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਮੇਰਾ ਇਕ ਪੁੱਤ ਤਾਂ ਦੁਨੀਆ ਤੋਂ ਚੱਲਿਆ ਗਿਆ, ਜਦਕਿ ਮੇਰੇ ਜਿਊਣ ਦੇ ਸਹਾਰੇ ਮੇਰੇ ਦੂਜੇ ਪੁੱਤ ਨੂੰ ਸਰਕਾਰ ਜਨਮ ਹੀ ਨਹੀਂ ਲੈਣ ਦੇਣਾ ਚਾਹੁੰਦੀ ਸੀ। ਇਹ ਪ੍ਰਗਟਾਵਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖ਼ਪਾਲ ਖਹਿਰਾ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਬਰਨਾਲਾ ਪੁੱਜੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਪੁੱਤ ਸ਼ੁਭਦੀਪ ਸਿੰਘ ਨੂੰ ਰੋਜ਼ਾਨਾ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਬਾਵਜੂਦ ਸਰਕਾਰ ਵਲੋਂ ਉਸਦੀ ਸਕਿਓਰਟੀ ਵਾਪਿਸ ਲਈ ਗਈ, ਇੱਥੋ ਤੱਕ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵਲੋਂ ਸੋਸ਼ਲ ਮੀਡੀਆ ’ਤੇ ਇਸ ਬਾਰੇ ਜਾਣਕਾਰੀ ਵੀ ਜਨਤਕ ਕੀਤੀ ਗਈ ਕਿ ਸਿੱਧੂ ਮੂਸੇਵਾਲਾ ਦੀ ਸਕਿਓਰਟੀ ਵਾਪਿਸ ਲੈ ਲਈ ਗਈ ਹੈ। ਜਿਸ ਤੋਂ ਕੁੱਝ ਘੰਟਿਆਂ ਬਾਅਦ ਹੀ ਸੁਭਦੀਪ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਸ਼ੁਭਦੀਪ ਸਿੰਘ ਦੇ ਕਾਤਲਾਂ ਦੀਆਂ ਜੇਲ੍ਹਾਂ ’ਚ ਇੰਟਰਵਿਊ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਜੇਕਰ ਕਾਂਗਰਸ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਉਨ੍ਹਾਂ ਦੇ ਪੁੱਤ ਦੇ ਕਤਲ ਦਾ ਇਨਸਾਫ਼ ਜ਼ਰੂਰ ਮਿਲੇਗਾ। ਇਸ ਮੌਕੇ ਸੁਖ਼ਪਾਲ ਸਿੰਘ ਖ਼ਹਿਰਾ ਨੇ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਨਾਮਜ਼ਦ ਜੀਵਨਜੋਤ ਸਿੰਘ ਨੂੰ ਬਰਨਾਲਾ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਆਪਣੇ ਵਿਆਹ ਸਮਾਗਮ ’ਚ ਬਲਾਉਣ ਤੋਂ ਇਲਾਵਾ ਆਪਣੇ ਮੌਜੂਦਾ ਚੋਣ ਪ੍ਰਚਾਰ ’ਚ ਸ਼ਾਮਲ ਕਰਕੇ ਮੂਸੇਵਾਲਾ ਦੇ ਪਰਿਵਾਰ ਤੇ ਉਸਨੂੰ ਚਾਹੁਣ ਵਾਲਿਆਂ ਦੇ ਜ਼ਖਮਾਂ ’ਚੇ ਲੂਣ ਪਾ ਰਿਹਾ ਹੈ। ਖ਼ਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਬੀਤੀ 14 ਮਈ ਨੂੰ ਇਕ ਨੋਟੀਫ਼ਿਕੇਸ਼ਨ ਜਾਰੀ ਕਰਕੇ ਫ਼ਰਮਾਨ ਜਾਰੀ ਕੀਤਾ ਹੈ ਕਿ ਨਹਿਰੀ ਪਾਣੀ ਦੀ ਪੰਜਾਬ ਦੇ ਕਿਸਾਨਾਂ ਕੋਲੋਂ 326 ਕਰੋੜ ਰੁਪਏ ਦੀ ਰਿਕਵਰੀ ਕੀਤੀ ਜਾਵੇਗੀ, ਜਦਕਿ ਪੰਜਾਬ ਦੇ ਕਿਸਾਨਾਂ ਤੇ ਖ਼ੇਤ ਮਜ਼ਦੂਰ ਤਾਂ ਪਹਿਲਾਂ ਹੀ 1 ਲੱਖ ਕਰੋੜ ਦੇ ਕਰਜ਼ਈ ਹਨ। ਇਸ ਸਰਕਾਰ ਨੇ ਕਿਸਾਨਾਂ ਨੂੰ ਐੱਮਐੱਸਪੀ ਜਾਂ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸਨ, ਸਗੋਂ ਇਹ ਇਕ ਹੋਰ ਨਵਾਂ ਤੁਗਲਕੀ ਫ਼ਰਮਾਨ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਜਬਰਦਸਤੀ ਨਹਿਰੀ ਪਟਵਾਰੀਆਂ ਤੋਂ ਫ਼ਰਜ਼ੀ ਅੰਕੜੇ ਤਿਆਰ ਕਰਵਾਏ ਜਾ ਰਹੇ ਹਨ ਕਿ ਤੁਸੀਂ ਇਹ ਲਿਖੋ ਕਿ ਪੰਜਾਬ ਦੇ ਸਾਰੇ ਰਜਬਾਹਿਆਂ, ਮੋਘਿਆਂ ਤੇ ਖਾਲਾਂ ਰਾਹੀਂ 100 ਫ਼ੀਸਦੀ ਮੁਕੰਮਲ ਨਹਿਰੀ ਪਾਣੀ ਖੇਤਾਂ ਤੱਕ ਪਹੁੰਚ ਰਿਹਾ ਹੈ। ਜਿਸਦਾ ਸਿੱਧਾ ਪ੍ਰਭਾਵ ਸੁਪਰੀਮ ਕੋਰਟ ’ਚ ਚੱਲ ਰਹੇ ਐੱਸਵਾਈਐੱਲ ਦੇ ਕੇਸ ’ਤੇ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਰਾਘਵ ਚੱਢਾ ਇਸ ਸਬੰਧੀ ਆਪਣਾ ਸਟੈਂਡ ਸਪੱਸ਼ਟ ਕਰਨ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਹਲਕਾ ਇੰਚਾਰਜ਼ ਮਨੀਸ਼ ਬਾਂਸਲ, ਮੱਖਣ ਸ਼ਰਮਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ, ਗੁਰਜੀਤ ਸਿੰਘ ਰਾਮਣਵਾਸੀਆ ਸਾਬਕਾ ਪ੍ਰਧਾਨ ਨਗਰ ਕੌਂਸਲ ਬਰਨਾਲਾ, ਮਹੇਸ਼ ਕੁਮਾਰ ਲੋਟਾ ਬਲਾਕ ਪ੍ਰਧਾਨ ਬਰਨਾਲਾ, ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਜੱਗੀ, ਨਰਿੰਦਰ ਸ਼ਰਮਾ, ਸੂਰਤ ਸਿੰਘ ਬਾਜਵਾ, ਬਲਦੇਵ ਭੁੱਚਰ, ਵਰੁਣ ਬੱਤਾ ਆਦਿ ਹਾਜ਼ਰ ਸਨ।