ਮੌਤ, ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ, ਮੁਲਜ਼ਮਾਂ ‘ਚ ਇਕ ਗੈਂਗਸਟਰ ਵੀ ਸ਼ਾਮਲ
ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਭਾਵੇਂ ਪੂਰੀ ਚੌਕਸੀ ਵਰਤ ਰਹੀ ਹੈ ਅਤੇ ਜ਼ਿਲ੍ਹੇ ’ਚ ਨਾਕਾਬੰਦੀ ਕਰ ਕੇ ਸ਼ੱਕੀ ਲੋਕਾਂ ਦੀ ਚੈਕਿੰਗ ਕਰ ਰਹੀ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਸੰਗਤ ਮੰਡੀ ਵਿਚ ਸੋਮਵਾਰ ਨੂੰ ਦਿਨ-ਦਿਹਾੜੇ ਇਕ ਵਿਅਕਤੀ ਦੀ ਉਸ ਦੇ ਘਰ ’ਚ ਵੜ ਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 37 ਸਾਲਾ ਸੂਰਜ ਕੁਮਾਰ ਉਰਫ ਕਾਲਾ ਵਾਸੀ ਸੰਗਤ ਮੰਡੀ ਵਜੋਂ ਹੋਈ ਹੈ। ਨੌਜਵਾਨ ਦੀ ਹੱਤਿਆ ਦਾ ਕਾਰਨ ਰੰਜਿਸ਼ ਦੱਸਿਆ ਜਾ ਰਿਹਾ ਹੈ ਜਦੋਂਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਵਿਚ ਇਕ ਗੈਂਗਸਟਰ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਕਾਰਨ ਸੰਗਤ ਮੰਡੀ ਵਿਚ ਦਹਿਸ਼ਤ ਦਾ ਮਾਹੌਲ ਹੈ।ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸਪੀ (ਡੀ) ਅਜੇ ਗਾਂਧੀ, ਡੀਐੱਸਪੀ ਦਿਹਾਤੀ ਮਨਜੀਤ ਸਿੰਘ ਅਤੇ ਥਾਣਾ ਸੰਗਤ ਦੇ ਐੱਸਐੱਚਓ ਸੰਦੀਪ ਭਾਟੀ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।ਉਕਤ ਮਾਮਲਾ ਗੈਂਗਵਾਰ ਦਾ ਦੱਸਿਆ ਜਾ ਰਿਹਾ ਹੈ। ਸੰਗਤ ਮੰਡੀ ਦੀ ਰਹਿਣ ਵਾਲੀ ਸੁਨੀਤਾ ਨੇ ਦੱਸਿਆ ਕਿ ਸੋਮਵਾਰ ਨੂੰ ਉਸ ਦਾ ਪਤੀ ਸੂਰਜ ਕੁਮਾਰ ਉਰਫ ਕਾਲਾ ਘਰ ’ਚ ਸੀ। ਅਚਾਨਕ ਚਾਰ-ਪੰਜ ਵਿਅਕਤੀਆਂ ਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਆਏ ਨੌਜਵਾਨਾਂ ’ਚੋਂ ਇਕ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇਕ ਗੋਲੀ ਉਸ ਦੇ ਪਤੀ ਸੂਰਜ ਦੀ ਛਾਤੀ ਵਿਚ ਲੱਗੀ ਅਤੇ ਹਮਲਾਵਰ ਮੌਕੇ ਤੋਂ ਕਾਰ ’ਚ ਫ਼ਰਾਰ ਹੋ ਗਏ। ਲਹੂ-ਲੁਹਾਨ ਹੋਏ ਸੂਰਜ ਨੂੰ ਪਰਿਵਾਰਕ ਮੈਂਬਰਾਂ ਨੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਡੀਐੱਸਪੀ ਦਿਹਾਤੀ ਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਸੰਗਤ ਮੰਡੀ ਦੇ ਰਹਿਣ ਵਾਲੀਆਂ ਦੋ ਧਿਰਾਂ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਕਾਰਨ ਇਕ ਧਿਰ ਦੇ ਲੋਕਾਂ ਨੇ ਇਕ ਨੌਜਵਾਨ ਲੱਖੀ ਦੀ ਹੱਤਿਆ ਲਈ ਸੂਰਜ ਉਰਫ਼ ਕਾਲਾ ਵਾਸੀ ਲੱਖੀ ਵਾਸੀ ਸੰਗਤ ਮੰਡੀ ਦੇ ਘਰ ਆਏ ਸਨ। ਇਸ ਦੌਰਾਨ ਲੱਖੀ ਨਾਮਕ ਨੌਜਵਾਨ ਫ਼ਰਾਰ ਹੋ ਗਿਆ ਜਦੋਂਕਿ ਉਕਤ ਵਿਅਕਤੀਆਂ ਵੱਲੋਂ ਕੀਤੀ ਗਈ ਫਾਇਰਿੰਗ ਵਿਚ ਸੂਰਜ ਦੀ ਛਾਤੀ ਵਿਚ ਗੋਲੀ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਸੁਨੀਤਾ ਦੇਵੀ ਦੀ ਸ਼ਿਕਾਇਤ ’ਤੇ ਸੰਗਤ ਮੰਡੀ ਦੇ ਰਹਿਣ ਵਾਲੇ ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਹੱਤਿਆ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ, ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।