ਇੱਕ ਦਿਨ ਦੀ ਛੁੱਟੀ ਤੋਂ ਬਾਅਦ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਗਿਰਾਵਟ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਬਿਹਤਰ ਗਲੋਬਲ ਸੰਕੇਤਾਂ, ਬਾਜ਼ਾਰ ‘ਚ ਨਿਵੇਸ਼ਕਾਂ ਦੀ ਭਾਰੀ ਖਰੀਦਦਾਰੀ ਦੇ ਚੱਲਦਿਆਂ ਸੈਂਸੈਕਸ 700 ਅੰਕਾਂ ਦੇ ਵਾਧੇ ਦੇ ਨਾਲ 65,000 ਦਾ ਅੰਕੜਾ ਪਾਰ ਕਰਨ ‘ਚ ਸਫਲ ਰਿਹਾ।
ਬੈਂਕਿੰਗ, ਆਈ.ਟੀ., ਐੱਫ.ਐੱਮ.ਸੀ.ਜੀ. ਸਟਾਕ ਦੀ ਅਗਵਾਈ ਵਿੱਚ ਬਾਜ਼ਾਰ ਵਿੱਚ ਤੇਜ਼ੀ ਰਹੀ। ਅੱਜ ਦੇ ਕਾਰੋਬਾਰ ਦੇ ਅੰਤ ‘ਚ ਬੀ.ਐੱਸ.ਈ. ਦਾ ਸੈਂਸੈਕਸ 742 ਅੰਕਾਂ ਦੇ ਵਾਧੇ ਨਾਲ 65,675 ਅੰਕਾਂ ‘ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 232 ਅੰਕਾਂ ਦੀ ਵਾਧੇ ਨਾਲ 19,675 ਅੰਕਾਂ ‘ਤੇ ਬੰਦ ਹੋਇਆ।
ਸੈਕਟਰ ਦਾ ਹਾਲ
ਅੱਜ ਦੇ ਕਾਰੋਬਾਰ ‘ਚ ਸਾਰੇ ਸੈਕਟਰਾਂ ਦੇ ਸ਼ੇਅਰਾਂ ‘ਚ ਖਰੀਦਦਾਰੀ ਰਹੀ। ਪਰ ਆਈਟੀ, ਐਫਐਮਸੀਜੀ, ਬੈਂਕਿੰਗ, ਐਨਰਜੀ ਸਟਾਕ ਵਿੱਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਧਾਤੂ, ਫਾਰਮਾ, ਆਟੋ, ਰੀਅਲ ਅਸਟੇਟ, ਮੀਡੀਆ, ਹੈਲਥਕੇਅਰ, ਆਇਲ ਐਂਡ ਗੈਸ, ਕੰਜ਼ਿਊਮਰ ਡਿਊਰੇਬਲ ਸੈਕਟਰ ਦੇ ਸ਼ੇਅਰਾਂ ‘ਚ ਵੀ ਭਾਰੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ।
ਨਿਫਟੀ ਦੇ ਮਿਡ ਕੈਪ ਸਟਾਕ ‘ਚ 400 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਸਮਾਲ ਕੈਪ ਸਟਾਕ ‘ਚ 180 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 27 ਸਟਾਕ ਵਾਧੇ ਦੇ ਨਾਲ ਅਤੇ 3 ਦੇ ਘਾਟੇ ਨਾਲ ਬੰਦ ਹੋਏ। ਜਦੋਂ ਕਿ ਨਿਫਟੀ ਦੇ 50 ਸ਼ੇਅਰਾਂ ਵਿੱਚੋਂ 47 ਸ਼ੇਅਰ ਵਾਧੇ ਨਾਲ ਅਤੇ ਤਿੰਨ ਕਮਜ਼ੋਰੀ ਨਾਲ ਬੰਦ ਹੋਏ।
ਨਿਵੇਸ਼ਕਾਂ ਦੀ ਸੰਪਤੀ ‘ਚ 3 ਲੱਖ ਕਰੋੜ ਰੁਪਏ ਦਾ ਹੋਇਆ ਵਾਧਾ
ਅੱਜ ਦੇ ਕਾਰੋਬਾਰ ‘ਚ ਸ਼ੇਅਰ ਬਾਜ਼ਾਰ ‘ਚ ਸ਼ਾਨਦਾਰ ਤੇਜ਼ੀ ਕਾਰਨ ਨਿਵੇਸ਼ਕਾਂ ਦੀ ਦੌਲਤ ‘ਚ ਜ਼ਬਰਦਸਤ ਵਾਧਾ ਹੋਇਆ ਹੈ। ਬੀਐੱਸਈ ‘ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 325.42 ਲੱਖ ਕਰੋੜ ਰੁਪਏ ਸੀ ਜੋ ਪਿਛਲੇ ਸੈਸ਼ਨ ‘ਚ 322.08 ਲੱਖ ਕਰੋੜ ਰੁਪਏ ਸੀ। ਇਸ ਦਾ ਮਤਲਬ ਹੈ ਕਿ ਅੱਜ ਦੇ ਵਪਾਰ ਵਿੱਚ ਨਿਵੇਸ਼ਕਾਂ ਦੀ ਦੌਲਤ ਵਿੱਚ 3.34 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਵਧਦੇ ਅਤੇ ਡਿੱਗਦੇ ਸ਼ੇਅਰ
ਅੱਜ ਦੇ ਕਾਰੋਬਾਰ ‘ਚ ਟੈੱਕ ਮਹਿੰਦਰਾ 3.83 ਫੀਸਦੀ, ਟਾਟਾ ਮੋਟਰਜ਼ 2.84 ਫੀਸਦੀ, ਇਨਫੋਸਿਸ 2.69 ਫੀਸਦੀ, ਵਿਪਰੋ 2.54 ਫੀਸਦੀ, ਟਾਟਾ ਸਟੀਲ 2.52 ਫੀਸਦੀ, ਟੀਸੀਐਸ 2.03 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਜਦਕਿ ਬਜਾਜ ਫਾਈਨਾਂਸ 1.84 ਫੀਸਦੀ, ਪਾਵਰ ਗਰਿੱਡ 0.97 ਫੀਸਦੀ, ਇੰਡਸਇੰਡ ਬੈਂਕ 0.97 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ।