ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਨਕਸਲੀਆਂ ਨੂੰ ਮਾਰ ਦਿੱਤਾ
ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਸੱਤ ਨਕਸਲੀਆਂ ਨੂੰ ਮਾਰ ਦਿੱਤਾ, ਜਦੋਂਕਿ ਕਈ ਨਕਸਲੀ ਜ਼ਖ਼ਮੀ ਹੋ ਗਏ। ਉੱਥੇ ਹੀ ਮੁਕਾਬਲਾ ਅਜੇ ਜਾਰੀ ਹੈ। ਮੁਕਾਬਲੇ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਤੇ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਸਾਂਝੀ ਸੁਰੱਖਿਆ ਟੀਮ ਕਾਰਵਾਈ ਵਿਚ ਸ਼ਾਮਿਲ ਸੀ।
ਅਧਿਕਾਰੀ ਨੇ ਏਐੱਨਆਈ ਨੂੰ ਦੱਸਿਆ ਕਿ ਨਰਾਇਣਪੁਰ-ਕਾਂਕੇਰ ਸਰਹੱਦੀ ਖੇਤਰ ਦੇ ਅਬੂਝਮਾਡ ‘ਚ ਅੱਜ ਸਵੇਰ ਤੋਂ ਡੀਆਰਜੀ ਅਤੇ ਐਸਟੀਐਫ ਦੇ ਜਵਾਨਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਨਰਾਇਣਪੁਰ ਜ਼ਿਲ੍ਹੇ ‘ਚ ਬਲਾਂ ਦੇ ਨਾਲ ਚੱਲ ਰਹੇ ਆਪਰੇਸ਼ਨ ‘ਚ ਚਾਰ ਨਕਸਲੀ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਉੱਥੇ ਹੀ ਸੁਰੱਖਿਆ ਬਲਾਂ ਦੇ ਸਾਰੇ ਜਵਾਨ ਸੁਰੱਖਿਅਤ ਹਨ। ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਦਾਂਤੇਵਾੜਾ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਇਕ ਨਕਸਲੀ ਮਾਰਿਆ ਗਿਆ ਸੀ।