ਨੈਸ਼ਨਲ ਕਾਨਫਰੰਸ (National Conference) ਅਤੇ ਕਾਂਗਰਸ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰੀ-ਪੋਲ ਗਠਜੋੜ ਦਾ ਐਲਾਨ ਕੀਤਾ…
ਨੈਸ਼ਨਲ ਕਾਨਫਰੰਸ (NC) ਦੇ ਉਪ ਪ੍ਰਧਾਨ ਉਮਰ ਅਬਦੁੱਲਾ (Omar Abdullah ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ (Jammu Kashmir) ਦੀਆਂ ਜ਼ਿਆਦਾਤਰ ਵਿਧਾਨ ਸਭਾ ਸੀਟਾਂ ਲਈ ਕਾਂਗਰਸ ਨਾਲ ਸੀਟਾਂ ਦੀ ਵੰਡ (Seat sharing) ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ ਬਾਕੀ ਹਲਕਿਆਂ ‘ਤੇ ਸਹਿਮਤੀ ਬਣਾਉਣ ਲਈ ਗੱਲਬਾਤ ਚੱਲ ਰਹੀ ਹੈ।
ਨੈਸ਼ਨਲ ਕਾਨਫਰੰਸ (National Conference) ਅਤੇ ਕਾਂਗਰਸ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰੀ-ਪੋਲ ਗਠਜੋੜ (pre-poll alliance) ਦਾ ਐਲਾਨ ਕੀਤਾ। ਸ਼ੁੱਕਰਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਮਰ ਅਬਦੁੱਲਾ ਨੇ ਕਿਹਾ ਕਿ ਕਾਫੀ ਹੱਦ ਤੱਕ ਸਹਿਮਤੀ ਬਣ ਗਈ ਹੈ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਅਸੀਂ 90 ‘ਚੋਂ ਵੱਧ ਤੋਂ ਵੱਧ ਸੀਟਾਂ ‘ਤੇ ਸਹਿਮਤੀ ‘ਤੇ ਪਹੁੰਚ ਗਏ ਹਾਂ।
ਅੰਤਿਮ ਰੂਪ ਦੇਣ ਦਾ ਚੱਲ ਰਿਹੈ ਕੰਮ
ਅਬਦੁੱਲਾ, ਜੋ ਕਿ ਡੀ ਐਚ ਪੋਰਾ ਹਲਕੇ ਤੋਂ ਪਾਰਟੀ ਦੀ ਉਮੀਦਵਾਰ ਸਕੀਨਾ ਇਟੂ ਨਾਲ ਨਾਮਜ਼ਦਗੀ ਦਾਖਲ ਕਰਨ ਲਈ ਆਏ ਹੋਏ ਸਨ, ਨੇ ਕਿਹਾ ਕਿ ਬਾਕੀ ਸੀਟਾਂ ‘ਤੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਅਤੇ ਗਠਜੋੜ ਦੇ ਭਾਈਵਾਲ ਜਲਦੀ ਹੀ ਸੀਟ ਵੰਡ ਵਿਵਸਥਾ ਨੂੰ ਅੰਤਿਮ ਰੂਪ ਦੇਣਗੇ।
ਉਮਰ ਅਬਦੁੱਲਾ ਨੇ ਕਿਹਾ…
ਅਸੀਂ ਕੁਝ ਸੀਟਾਂ ‘ਤੇ ਅੜੇ ਹੋਏ ਹਾਂ ਅਤੇ ਸਥਾਨਕ ਕਾਂਗਰਸੀ ਆਗੂ ਕੁਝ ਸੀਟਾਂ ‘ਤੇ ਅੜੇ ਹਨ। ਅੱਜ ਵੀ ਮੀਟਿੰਗਾਂ ਹੋਣਗੀਆਂ ਅਤੇ ਬਾਕੀ ਸੀਟਾਂ ਦੀ ਛਾਂਟੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਅਸੀਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਸਕੀਏ।
ਇਹ ਪੁੱਛੇ ਜਾਣ ‘ਤੇ ਕਿ ਪਾਰਟੀ ਪਹਿਲੇ ਪੜਾਅ ‘ਚ ਬਾਕੀ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਦੋਂ ਕਰੇਗੀ। ਇਸ ਦੇ ਜਵਾਬ ਵਿੱਚ ਉਮਰ ਨੇ ਕਿਹਾ ਕਿ ਸਾਨੂੰ ਕੋਈ ਜਲਦੀ ਨਹੀਂ ਹੈ। ਅਜੇ ਤੱਕ ਕਿਸੇ ਵੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਸਾਡੀ ਸੂਚੀ ਹਰ ਹਾਲਤ ਵਿੱਚ 27 ਅਗਸਤ ਤੱਕ ਜਾਰੀ ਕਰ ਦਿੱਤੀ ਜਾਵੇਗੀ।
ਤਿੰਨ ਪੜਾਵਾਂ ਵਿੱਚ ਹੋਣਗੀਆਂ ਚੋਣਾਂ
ਐੱਨਸੀ ਪ੍ਰਧਾਨ ਫਾਰੂਕ ਅਬਦੁੱਲਾ ਨੇ ਵੀਰਵਾਰ ਨੂੰ ਇੱਥੇ ਐੱਨਸੀ ਲੀਡਰਸ਼ਿਪ ਨਾਲ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਚਰਚਾ ਤੋਂ ਬਾਅਦ ਕਾਂਗਰਸ-ਐੱਨਸੀ ਗਠਜੋੜ ਦਾ ਐਲਾਨ ਕੀਤਾ। ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਤਿੰਨ ਪੜਾਵਾਂ ‘ਚ ਹੋਣਗੀਆਂ।
ਪਹਿਲੇ ਪੜਾਅ ਦੀਆਂ ਚੋਣਾਂ 18 ਸਤੰਬਰ ਨੂੰ, ਦੂਜੇ ਪੜਾਅ ਦੀਆਂ ਚੋਣਾਂ 25 ਸਤੰਬਰ ਨੂੰ ਅਤੇ ਤੀਜੇ ਪੜਾਅ ਦੀਆਂ ਚੋਣਾਂ 1 ਅਕਤੂਬਰ ਨੂੰ ਹੋਣਗੀਆਂ। ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਅਗਸਤ 2019 ‘ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ‘ਚ ਚੋਣਾਂ ਹੋ ਰਹੀਆਂ ਹਨ।