ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਆਪਣੇ 50 ਕਰੋੜ ਖਾਤਾ ਧਾਰਕਾਂ ਲਈ ਇੱਕ ਮਹੱਤਵਪੂਰਨ ਅਲਰਟ ਜਾਰੀ ਕੀਤਾ ਹੈ। ਬੈਂਕ ਨੇ ਕਿਹਾ ਕਿ ਕਈ ਗਾਹਕਾਂ ਨੂੰ ਖਾਤਾ ਬੰਦ ਕਰਨ ਬਾਰੇ ਫਰਜ਼ੀ ਸੰਦੇਸ਼ ਮਿਲ ਰਹੇ ਹਨ। ਐਸਬੀਆਈ ਵੱਲੋਂ ਅਜਿਹਾ ਕੋਈ ਸੰਦੇਸ਼ ਨਹੀਂ ਭੇਜਿਆ ਗਿਆ। ਸਾਰੇ ਗਾਹਕ ਇਨ੍ਹਾਂ ਫਰਜ਼ੀ ਸੰਦੇਸ਼ਾਂ ਤੋਂ ਸੁਚੇਤ ਰਹਿਣਾ ਤੇ ਇਨ੍ਹਾਂ ਦਾ ਜਵਾਬ ਨਾ ਦੇਣਾ। ਅਜਿਹੇ ਸੁਨੇਹੇ ਧੋਖੇਬਾਜ਼ਾਂ ਵੱਲੋਂ ਭੇਜੇ ਜਾ ਰਹੇ ਹਨ। ਜੇ ਤੁਸੀਂ ਜਵਾਬ ਦਿੰਦੇ ਹੋ ਤਾਂ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ।
ਖਾਤਾ ਬੰਦ ਕਰਨ ਦੇ ਸੁਨੇਹੇ ਆ ਰਹੇ
ਇਨ੍ਹਾਂ ਸੰਦੇਸ਼ਾਂ ਵਿੱਚ ਲਿਖਿਆ ਹੈ ਕਿ ਪਿਆਰੇ ਐਸਬੀਆਈ ਖਾਤਾ ਧਾਰਕ, ਅੱਜ ਤੁਹਾਡਾ ਖਾਤਾ ਬਲੌਕ ਕਰ ਦਿੱਤਾ ਜਾਵੇਗਾ। ਕਿਰਪਾ ਕਰਕੇ ਆਪਣਾ ਪੈਨ ਕਾਰਡ ਨੰਬਰ ਅਪਡੇਟ ਕਰਨ ਲਈ ਭੇਜੇ ਗਏ ਲਿੰਕ ‘ਤੇ ਕਲਿੱਕ ਕਰੋ। ਬੈਂਕ ਨੇ ਗਾਹਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਬੈਂਕਿੰਗ ਵੇਰਵੇ ਸਾਂਝੇ ਕਰਨ ਲਈ ਭੇਜੇ ਗਏ ਕਿਸੇ ਵੀ ਈਮੇਲ ਜਾਂ ਸੰਦੇਸ਼ ਦਾ ਜਵਾਬ ਨਾ ਦੇਣ। ਜੇਕਰ ਤੁਹਾਨੂੰ ਅਜਿਹਾ ਕੋਈ ਸੰਦੇਸ਼ ਮਿਲਦਾ ਹੈ, ਤਾਂ ਤੁਰੰਤ ‘report.phishing@sbi.co.in‘ ‘ਤੇ ਇਸ ਦੀ ਸੂਚਨਾ ਦਿਓ।
ਐਸਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕਿਸੇ ਨੂੰ ਵੀ ਖਾਤਾ ਨੰਬਰ, ਪਾਸਵਰਡ, ਪਿੰਨ ਜਾਂ ਸੀਵੀਵੀ ਨੰਬਰ ਨਾ ਦਿਓ। ਜਾਣਕਾਰੀ ਨੂੰ ਅਪਡੇਟ ਕਰਨ, ਅਕਾਊਂਟ ਐਕਟੀਵੇਟ ਕਰਨ, ਕਾਲ ਕਰਨ ਜਾਂ ਵੈੱਬਸਾਈਟ ‘ਤੇ ਇਸ ਤਰ੍ਹਾਂ ਦੀ ਜਾਣਕਾਰੀ ਮੰਗਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਤੁਰੰਤ ਸ਼ਿਕਾਇਤ ਕਰੋ। ਬੈਂਕ ਨੇ ਕਿਹਾ ਕਿ ਤੁਸੀਂ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ‘ਤੇ ਵੀ ਕਾਲ ਕਰ ਸਕਦੇ ਹੋ। ਤੁਸੀਂ ਉਨ੍ਹਾਂ ਦੀ ਵੈੱਬਸਾਈਟ https://cybercrime.gov.in/ ‘ਤੇ ਵੀ ਸ਼ਿਕਾਇਤ ਕਰ ਸਕਦੇ ਹੋ।
ਇਸ ਤਰ੍ਹਾਂ ਧੋਖਾਧੜੀ ਦੇ ਮਾਮਲੇ ‘ਚ ਤੁਹਾਨੂੰ ਪੂਰਾ ਪੈਸਾ ਮਿਲ ਸਕਦਾ
ਜਦੋਂ ਬੈਂਕਿੰਗ ਧੋਖਾਧੜੀ ਹੁੰਦੀ ਹੈ ਤਾਂ ਜ਼ਿਆਦਾਤਰ ਲੋਕ ਕੁਝ ਨਹੀਂ ਕਰਦੇ। ਅਜਿਹੇ ਮਾਮਲਿਆਂ ਵਿੱਚ ਪੁਲਿਸ ਵੀ ਢਿੱਲਮੱਠ ਦਿਖਾਉਂਦੀ ਹੈ ਪਰ, ਤੁਰੰਤ ਕਾਰਵਾਈ ਕਰਕੇ ਤੁਸੀਂ ਸਾਰਾ ਪੈਸਾ ਵਾਪਸ ਪ੍ਰਾਪਤ ਕਰ ਸਕਦੇ ਹੋ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅਨੁਸਾਰ, ਤੁਸੀਂ ਆਪਣੇ ਬੈਂਕ ਨੂੰ ਸਮੇਂ ਸਿਰ ਸਾਈਬਰ ਧੋਖਾਧੜੀ ਦੀ ਜਾਣਕਾਰੀ ਦੇ ਕੇ ਨੁਕਸਾਨ ਤੋਂ ਬਚ ਸਕਦੇ ਹੋ। ਬੈਂਕ ਸਾਈਬਰ ਧੋਖਾਧੜੀ ਲਈ ਬੀਮਾ ਪਾਲਿਸੀ ਲੈਂਦੇ ਹਨ। ਬੈਂਕ ਤੁਹਾਡੇ ਨਾਲ ਹੋਈ ਧੋਖਾਧੜੀ ਬਾਰੇ ਬੀਮਾ ਕੰਪਨੀ ਨੂੰ ਸੂਚਿਤ ਕਰਦਾ ਹੈ। ਕਾਗਜ਼ੀ ਕਾਰਵਾਈ ਤੋਂ ਬਾਅਦ, ਬੈਂਕ ਬੀਮਾ ਕੰਪਨੀ ਤੋਂ ਪੈਸੇ ਲਵੇਗਾ ਤੇ ਤੁਹਾਡੇ ਨੁਕਸਾਨ ਦੀ ਭਰਪਾਈ ਕਰੇਗਾ।
ਜੇਕਰ 3 ਦਿਨਾਂ ਦੇ ਅੰਦਰ ਸੂਚਨਾ ਨਾ ਦਿੱਤੀ ਗਈ ਤਾਂ ਨੁਕਸਾਨ ਹੋਵੇਗਾ
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ 3 ਦਿਨਾਂ ਦੇ ਅੰਦਰ ਧੋਖਾਧੜੀ ਬਾਰੇ ਬੈਂਕ ਨੂੰ ਸੂਚਿਤ ਕਰਨਾ ਹੋਵੇਗਾ। ਜੇਕਰ ਤੁਸੀਂ ਇਸ ਵਿੱਚ ਦੇਰੀ ਕਰਦੇ ਹੋ ਤਾਂ ਨੁਕਸਾਨ ਦੀ ਭਰਪਾਈ ਕਰਨਾ ਮੁਸ਼ਕਲ ਹੋ ਸਕਦਾ ਹੈ। ਆਰਬੀਆਈ ਦੇ ਅਨੁਸਾਰ, ਜੇਕਰ ਨਿਰਧਾਰਤ ਸਮੇਂ ਦੇ ਅੰਦਰ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਰਕਮ 10 ਦਿਨਾਂ ਦੇ ਅੰਦਰ ਵਾਪਸ ਕਰ ਦਿੱਤੀ ਜਾਵੇਗੀ। ਜੇਕਰ 4 ਤੋਂ 7 ਦਿਨਾਂ ਬਾਅਦ ਧੋਖਾਧੜੀ ਦੀ ਸੂਚਨਾ ਮਿਲਦੀ ਹੈ ਤਾਂ ਗਾਹਕ ਨੂੰ 25 ਹਜ਼ਾਰ ਰੁਪਏ ਤੱਕ ਦਾ ਨੁਕਸਾਨ ਝੱਲਣਾ ਪਵੇਗਾ।