ਸਤਵੀਰ ਕੌਰ ਦੀ ਮਾਤਾ ਹਰਦੀਪ ਕੌਰ ਨੇ ਦੱਸਿਆ ਕਿ ਕੈਨੇਡਾ ’ਚ ਪੜ੍ਹਾਈ ਪੂਰੀ ਕਰਨ ਉਪਰੰਤ ਉਨ੍ਹਾਂ ਦੀ ਧੀ ਨੇ ਕਰੀਬ ਡੇਢ ਸਾਲ ਬੱਸ ਦੀ ਡਰਾਈਵਿੰਗ ਵੀ ਕੀਤੀ ਹੈ।
ਜ਼ਿਲ੍ਹਾ ਬਰਨਾਲਾ ਦੇ ਪਿੰਡ ਅਤਰ ਸਿੰਘ ਵਾਲਾ ਦੀ ਧੀ ਸਤਵੀਰ ਕੌਰ ਕੈਨੇਡਾ ਦੇ ਜੇਲ੍ਹ ਵਿਭਾਗ ’ਚ ਬਤੌਰ ਅਸਿਸਟੈਂਟ ਸੁਪਰਡੈਂਟ ਨਿਯੁਕਤ ਹੋਈ ਹੈ। ਆਪਣੀ ਇਸ ਉਪਲਬਧੀ ਨਾਲ ਸਤਵੀਰ ਕੌਰ ਨੇ ਆਪਣੇ ਮਾਪਿਆਂ, ਜ਼ਿਲ੍ਹਾ ਬਰਨਾਲਾ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਵੀਰ ਕੌਰ ਦੇ ਪਿਤਾ ਹਰਬੰਸ ਸਿੰਘ ਵਾਸੀ ਪਿੰਡ ਅਤਰ ਸਿੰਘ ਵਾਲਾ ਸਬ ਤਹਿਸੀਲ ਧਨੌਲਾ ਜ਼ਿਲ੍ਹਾ ਬਰਨਾਲਾ ਨੇ ਦੱਸਿਆ ਕਿ ਉਹ ਖ਼ੁਦ ਵੀ ਜੇਲ੍ਹ ਵਿਭਾਗ ਪੰਜਾਬ ਦੇ ਸੇਵਾਮੁਕਤ ਮੁਲਾਜ਼ਮ ਹਨ।
ਉਸ ਦੀ ਧੀ ਨੇ ਕੈਨੇਡਾ ਦੇ ਜੇਲ੍ਹ ਵਿਭਾਗ ’ਚ ਨੌਕਰੀ ਹਾਸਲ ਕਰਕੇ ਸਾਡਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਸਤਵੀਰ ਕੌਰ 2018 ’ਚ 12ਵੀਂ ਮੈਡੀਕਲ ਕਰਕੇ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ, ਜਿਥੇ ਉਸ ਨੇ ਬੀ-ਫ਼ਾਰਮੇਸੀ ਦੀ ਪੜ੍ਹਾਈ ਕੀਤੀ। ਉਨ੍ਹਾਂ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਤੇ ਇੱਕ ਪੁੱਤਰ ’ਚੋਂ ਸਤਵੀਰ ਸਭ ਤੋਂ ਵੱਡੀ ਹੈ।
ਸਤਵੀਰ ਕੌਰ ਦੀ ਮਾਤਾ ਹਰਦੀਪ ਕੌਰ ਨੇ ਦੱਸਿਆ ਕਿ ਕੈਨੇਡਾ ’ਚ ਪੜ੍ਹਾਈ ਪੂਰੀ ਕਰਨ ਉਪਰੰਤ ਉਨ੍ਹਾਂ ਦੀ ਧੀ ਨੇ ਕਰੀਬ ਡੇਢ ਸਾਲ ਬੱਸ ਦੀ ਡਰਾਈਵਿੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਧੀਆਂ ਕਿਸੇ ਵੀ ਖੇਤਰ ’ਚ ਪੁੱਤਾਂ ਤੋਂ ਘੱਟ ਨਹੀਂ ਹਨ।
ਜੇਕਰ ਨੌਜਵਾਨ ਜ਼ਿੰਦਗੀ ’ਚ ਆਪਣਾ ਟੀਚਾ ਮਿੱਥ ਕੇ ਉਸ ਨੂੰ ਹਾਸਲ ਕਰਨ ਲਈ ਸਿਰਤੋੜ ਯਤਨ ਕਰਨ ਤਾਂ ਸਫ਼ਲਤਾ ਜ਼ਰੂਰ ਮਿਲਦੀ ਹੈ। ਸਤਵੀਰ ਕੌਰ ਦੇ ਕੈਨੇਡਾ ਦੇ ਜੇਲ੍ਹ ਵਿਭਾਗ ’ਚ ਬਤੌਰ ਅਸਿਸਟੈਂਟ ਸੁਪਰਡੈਂਟ ਨਿਯੁਕਤ ਹੋਣ ਦੀ ਖ਼ਬਰ ਫ਼ੈਲਦਿਆਂ ਹੀ ਪਿੰਡ ਭਰ ’ਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਸਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।