ਸੰਗਰੂਰ ਦੇ ਲਹਿਗਾਗਾ ਇਲਾਕੇ ‘ਚ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਚਿੱਟੇ ਦਿਨ ਚੋਰ ਵਿਆਹ ਵਾਲੇ ਘਰ ‘ਚੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਥਾਣਾ ਛਾਜਲੀ ਦੇ ਪੂਨੀਆ ਪੱਤੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਚਮਕੌਰ ਸਿੰਘ ਦੇ ਵਿਆਹ ਵਾਲੇ ਘਰ ਵਿੱਚੋਂ ਚੋਰ ਅਲਮਾਰੀ ਤੋੜ ਕੇ ਉਸ ਵਿੱਚ ਪਏ ਸੱਤ ਤੋਲੇ ਸੋਨੇ ਦੇ ਗਹਿਣੇ ਤੇ ਕੁਝ ਨਕਦੀ ਲੈ ਗਏ।
ਚਮਕੌਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਰ ਵਿੱਚ ਲੜਕੇ ਦਾ ਵਿਆਹ ਸੀ। ਪਰਿਵਾਰਕ ਮੈਂਬਰ ਘਰ ਨੂੰ ਜਿੰਦਰਾ ਲਾ ਕੇ ਸਾਰੇ ਪਰਿਵਾਰ ਸਮੇਤ ਚੀਮਾ ਵਿਖੇ ਪੈਲੇਸ ਵਿੱਚ ਬਾਰਾਤ ਚਲੇ ਗਏ। ਘਰ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ। ਜਦੋਂ ਉਹ ਸ਼ਾਮ ਨੂੰ ਬਾਰਾਤ ਤੋਂ ਘਰ ਪਰਤੇ ਤਾਂ ਕਮਰਿਆਂ ਤੇ ਅਲਮਾਰੀ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਘਰ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ।
ਉਨ੍ਹਾਂ ਨੇ ਦੱਸਿਆ ਕਿ ਅਲਮਾਰੀ ਵਿੱਚ ਪਏ ਸੋਨੇ ਦੇ ਗਹਿਣੇ ਤੇ ਨਕਦੀ ਗਾਇਬ ਸੀ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਕਰੀਬ ਚਾਰ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਚੋਰ ਜ਼ਿੰਦਰੇ ਤੋੜਨ ਲਈ ਵਰਤਿਆ ਸਰੀਆ ਤੇ ਨਟ ਖੋਲ੍ਹਣ ਵਾਲੀ ਚਾਬੀ ਵੀ ਘਟਨਾ ਸਥਾਨ ‘ਤੇ ਛੱਡ ਗਏ।
ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕਰਕੇ ਚੋਰਾਂ ਨੂੰ ਜਲਦੀ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵਿਆਹ ਵਾਲੇ ਘਰ ਚੋਰੀ ਹੋਣ ਕਾਰਨ ਖ਼ੁਸ਼ੀਆਂ ਦਾ ਮਾਹੌਲ ਨਮੋਸ਼ੀ ਵਿੱਚ ਬਦਲ ਗਿਆ। ਘਟਨਾ ਸਥਾਨ ‘ਤੇ ਮੌਜੂਦ ਵਿਅਕਤੀਆਂ ਨੇ ਚੋਰੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਆਪਣੇ ਘਰ ਵਿੱਚ ਵੀ ਲੋਕ ਮਹਿਫ਼ੂਜ਼ ਨਹੀਂ ਹਨ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।