ਭਾਰਤ ਤੇ ਮੇਜ਼ਬਾਨ ਦੱਖਣੀ ਅਫਰੀਕਾ ਦੇ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ ਜੋਹਾਨਸਬਰਗ ਦੇ ਵਾਂਡਰਰਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਰਾਤ 8:30 ਵਜੇ ਸ਼ੁਰੂ ਹੋਵੇਗਾ। ਮੈਚ ਲਈ ਟਾਸ ਰਾਤ 8 ਵਜੇ ਹੋਵੇਗਾ । ਦੱਖਣੀ ਅਫਰੀਕਾ 3 ਮੈਚਾਂ ਦੀ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ । ਦੱਖਣੀ ਅਫਰੀਕਾ ਨੇ ਦੂਜਾ ਮੈਚ 5 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ । ਟੀਮ ਇੰਡੀਆ ਸਾਰੇ ਫਾਰਮੈਟਾਂ ਦੀ ਸੀਰੀਜ਼ ਲਈ ਦੱਖਣੀ ਅਫਰੀਕਾ ਦੌਰੇ ‘ਤੇ ਹੈ । 17 ਦਸੰਬਰ ਤੋਂ 3 ਮੈਚਾਂ ਦੀ ਵਨਡੇ ਸੀਰੀਜ਼ ਦੀ ਸ਼ੁਰੂਆਤ ਹੋਵੇਗੀ, ਜਿਸ ਤੋਂ ਬਾਅਦ ਟੈਸਟ ਸੀਰੀਜ਼ ਖੇਡੀ ਜਾਵੇਗੀ।
ਵਾਂਡਰਰਸ ਸਟੇਡੀਅਮ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਚੌਥੀ ਵਾਰ ਟੀ-20 ਵਿੱਚ ਆਹਮੋ-ਸਾਹਮਣੇ ਹਨ । ਇਸ ਤੋਂ ਪਹਿਲਾਂ 3 ਵਿੱਚੋਂ 2 ਮੈਚ ਭਾਰਤ ਨੇ ਅਤੇ ਇੱਕ ਦੱਖਣੀ ਅਫਰੀਕਾ ਨੇ ਜਿੱਤਿਆ ਹੈ । ਜੇਕਰ ਦੋਹਾਂ ਟੀਮਾਂ ਦੇ ਹੈੱਡ ਟੂ ਹੈੱਡ ਰਿਕਾਰਡ ਨੂੰ ਦੇਖਿਆ ਜਾਵੇ ਤਾਂ ਦੋਵਾਂ ਵਿਚਾਲੇ ਹੁਣ ਤੱਕ 8 ਟੀ-20 ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ । ਇਸ ਵਿੱਚ ਭਾਰਤ ਨੇ 4 ਅਤੇ ਦੱਖਣੀ ਅਫਰੀਕਾ ਨੇ 2 ਸੀਰੀਜਾਂ ‘ਤੇ ਕਬਜ਼ਾ ਕੀਤਾ, ਜਦਕਿ 2 ਸੀਰੀਜ਼ ਡਰਾਅ ਰਹੀਆਂ ਹਨ।
ਇਸ ਸੀਰੀਜ਼ ਵਿੱਚ ਟੀਮ ਇੰਡੀਆ ਦੀ ਕਪਤਾਨੀ ਸੂਰਿਆਕੁਮਾਰ ਯਾਦਵ ਕਰ ਰਹੇ ਹਨ । ਉਹ ਇਸ ਸਾਲ ਟੀ-20 ਫਾਰਮੈਟ ਵਿੱਚ ਟੀਮ ਦੇ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ । ਦੂਜੇ ਨੰਬਰ ‘ਤੇ ਯਸ਼ਸਵੀ ਜੈਸਵਾਲ ਹੈ । ਉਨ੍ਹਾਂ ਨੇ 14 ਮੈਚਾਂ ਵਿੱਚ 370 ਦੌੜਾਂ ਬਣਾਈਆਂ ਹਨ । ਸੂਰਿਆ ਨੇ ਸੀਰੀਜ਼ ਦੇ ਦੂਜੇ ਮੈਚ ਵਿੱਚ 56 ਦੌੜਾਂ ਦੀ ਪਾਰੀ ਖੇਡੀ ਸੀ। ਸੂਰਿਆ ਤੋਂ ਇਲਾਵਾ ਰਿੰਕੂ ਸਿੰਘ ਨੇ ਵੀ ਪਿਛਲੇ ਮੈਚ ਵਿੱਚ ਸ਼ਾਨਦਾਰ ਪਾਰੀ ਖੇਡੀ ਸੀ। ਉਸ ਨੇ 39 ਗੇਂਦਾਂ ‘ਤੇ 68 ਦੌੜਾਂ ਬਣਾਈਆਂ ਸਨ । ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਸਿਖਰ ‘ਤੇ ਹਨ।
ਵਾਂਡਰਰਸ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਫ੍ਰੈਂਡਲੀ ਹੈ। ਇਸ ਪਿੱਚ ‘ਤੇ ਜ਼ਿਆਦਾ ਉਛਾਲ ਹੈ, ਜਿਸ ਕਾਰਨ ਗੇਂਦ ਬੱਲੇ ‘ਤੇ ਚੰਗੀ ਤਰ੍ਹਾਂ ਆਉਂਦੀ ਹੈ । ਅਜਿਹੇ ਵਿੱਚ ਬੱਲੇਬਾਜ਼ਾਂ ਲਈ ਵੀ ਦੌੜਾਂ ਬਣਾਉਣ ਦਾ ਮੌਕਾ ਹੋਵੇਗਾ । ਇਸ ਪਿੱਚ ‘ਤੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹਾਈ ਸਕੋਰਿੰਗ ਮੈਚ ਦੇਖਿਆ ਜਾ ਸਕਦਾ ਹੈ । ਇੱਥੇ ਕੁੱਲ 32 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ । ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 15 ਮੈਚ ਜਿੱਤੇ ਹਨ ਅਤੇ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 17 ਮੈਚ ਜਿੱਤੇ ਹਨ। ਇਸ ਮੈਦਾਨ ‘ਤੇ ਟੀਮ ਦਾ ਸਭ ਤੋਂ ਵੱਧ ਸਕੋਰ 260 ਦੌੜਾਂ ਹੈ, ਜੋ ਸ੍ਰੀਲੰਕਾ ਨੇ 2007 ਵਿੱਚ ਕੀਨੀਆ ਖਿਲਾਫ ਬਣਾਇਆ ਸੀ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਤਿਲਕ ਵਰਮਾ, ਜਿਤੇਸ਼ ਸ਼ਰਮਾ (ਵਿਕਟਕੀਪਰ), ਰਿੰਕੂ ਸਿੰਘ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ ਅਤੇ ਮੁਹੰਮਦ ਸਿਰਾਜ।
ਦੱਖਣੀ ਅਫ਼ਰੀਕਾ: ਏਡਨ ਮਾਰਕਰਮ (ਕਪਤਾਨ), ਰੀਜ਼ਾ ਹੈਂਡਰਿਕਸ, ਮੈਥਿਊ ਬ੍ਰੇਟਜ਼ਕੀ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਯਾਨਸਨ, ਐਂਡਿਲ ਫੇਲੂਕਾਯੋ, ਜੇਰਾਲਡ ਕੂਟਜ਼ੀ, ਤਬਰੇਜ਼ ਸ਼ਮਸੀ ਤੇ ਲਿਜ਼ਾਦ ਵਿਲੀਅਮਜ਼।