ਲਾਲ ਸਾਗਰ ’ਚ ਮਰਚੈਂਟ ਨੇਵੀ ਦੇ ਜਹਾਜ਼ਾਂ ’ਤੇ ਹਮਲਿਆਂ ਅਤੇ ਇਲਾਕੇ ’ਚ ਭਾਰਤੀ ਸਮੁੰਦਰੀ ਫ਼ੌਜ ਦੇ ਜਹਾਜ਼ਾਂ ਦੀ ਤਾਇਨਾਤੀ ਦਰਮਿਆਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੀ ਸਮਰੱਥਾ ਉਸ ਦੇ ਅਪਣੇ ਹਿੱਤਾਂ ਅਤੇ ਵੱਕਾਰ ਲਈ ਅੱਜ ਜ਼ਰੂਰੀ ਹੈ ਕਿ ਉਹ ਮੁਸ਼ਕਲ ਸਥਿਤੀਆਂ ’ਚ ਸੱਚਮੁਚ ਮਦਦ ਕਰੇ।
ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਮੁੰਬਈ ’ਚ ਇਕ ਸਵਾਲ-ਜਵਾਬ ਸੈਸ਼ਨ ਦੌਰਾਨ ਇਕ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਕਿਹਾ ਕਿ ਭਾਰਤੀ ਸਮੁੰਦਰੀ ਫ਼ੌਜ ਨੇ ਇਸ ਇਲਾਕੇ ’ਚ ਅਪਣੇ 10 ਜਹਾਜ਼ ਤਾਇਨਾਤ ਕੀਤੇ ਹਨ।
ਉਨ੍ਹਾਂ ਕਿਹਾ, ‘‘ਭਾਰਤ ਦੀ ਸਮਰੱਥਾ, ਅਪਣੇ ਹਿੱਤਾਂ ਅਤੇ ਅਪਣੇ ਵੱਕਾਰ ਲਈ ਅੱਜ ਇਹ ਮਹੱਤਵਪੂਰਨ ਹੈ ਕਿ ਅਸੀਂ ਮੁਸ਼ਕਲ ਹਾਲਾਤ ’ਚ ਮਦਦ ਕਰੀਏ।’’ ਉਨ੍ਹਾਂ ਅੱਗੇ ਕਿਹਾ, ‘‘ਜੇਕਰ ਸਾਡੇ ਗੁਆਂਢ ’ਚ ਕੁੱਝ ਸਹੀ ਨਹੀਂ ਹੋ ਰਿਹਾ ਹੈ ਅਤੇ ਅਸੀਂ ਕਹਿੰਦੇ ਹਾਂ ਕਿ ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤਾਂ ਸਾਨੂੰ ਜ਼ਿੰਮੇਵਾਰ ਦੇਸ਼ ਨਹੀਂ ਮੰਨਿਆ ਜਾ ਸਕਦਾ।’’
ਮਾਲਦੀਵ ’ਚ ‘ਇੰਡੀਆ ਆਊਟ’ ਮੁਹਿੰਮ ’ਤੇ ਜੈਸ਼ੰਕਰ ਨੇ ਕਿਹਾ ਕਿ ਗੁਆਂਢੀਆਂ ਨੂੰ ਆਖਰਕਾਰ ਇਕ-ਦੂਜੇ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ‘‘ਇਤਿਹਾਸ ਅਤੇ ਭੂਗੋਲ ਬਹੁਤ ਸ਼ਕਤੀਸ਼ਾਲੀ ਤਾਕਤਾਂ ਹਨ। ਇਸ ਤੋਂ ਬਚਿਆ ਨਹੀਂ ਜਾ ਸਕਦਾ।’’ ਭਾਰਤੀ ਜੰਗੀ ਜਹਾਜ਼ ਆਈ.ਐਨ.ਐਸ. ਸੁਮਿਤਰਾ ਨੇ ਸੋਮਾਲੀਆ ਦੇ ਪੂਰਬੀ ਤੱਟ ’ਤੇ ਈਰਾਨ ਦੇ ਝੰਡੇ ਵਾਲੇ ਮੱਛੀ ਫੜਨ ਵਾਲੇ ਜਹਾਜ਼ ’ਤੇ ਸਵਾਰ ਚਾਲਕ ਦਲ ਦੇ 19 ਮੈਂਬਰਾਂ ਨੂੰ ਬਚਾਇਆ। ਆਈ.ਐਨ.ਐਸ. ਸੁਮਿਤਰਾ ਨੂੰ ਅਦਨ ਦੀ ਖਾੜੀ ਅਤੇ ਸੋਮਾਲੀਆ ਦੇ ਪੂਰਬ ’ਚ ਡਕੈਤੀ ਵਿਰੋਧੀ ਅਤੇ ਸਮੁੰਦਰੀ ਸੁਰੱਖਿਆ ਮਿਸ਼ਨਾਂ ਲਈ ਤਾਇਨਾਤ ਕੀਤਾ ਗਿਆ ਹੈ। ਜਹਾਜ਼ ਨੇ ਸੋਮਵਾਰ ਨੂੰ ਈਰਾਨੀ ਮੱਛੀ ਫੜਨ ਵਾਲੇ ਜਹਾਜ਼ ‘ਈਮਾਨ’ ’ਤੇ ਡਕੈਤੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ।