ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ ‘ਚ ਖਰਾਬ ਮੌਸਮ ਦੇ ਚੱਲਦੇ ਸਮੁੰਦਰ ਤਲ ਤੋਂ 13,050 ਫੁੱਟ ਦੀ ਉੱਚਾਈ ‘ਤੇ ਸਥਿਤ ਰੋਹਤਾਂਗ ਦਰੱਰਾ (Rohtang Pass) ਸੈਲਾਨੀਆਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਮੌਸਮ ਵਿਭਾਗ ਦੇ ਯੈਲੋ ਅਲਰਟ ਨੂੰ ਵੇਖਦੇ ਹੋਏ ਮਨਾਲੀ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ। ਰੋਹਤਾਂਗ ਲਈ ਆਨਲਾਈਨ ਪਰਮਿਟ ਬਣਾਉਣ ਦੀ ਸਾਈਟ ਵੀ ਬੰਦ ਕਰ ਦਿੱਤੀ ਗਈ ਹੈ।
ਰੋਹਤਾਂਗ ਦਰੱਰੇ ਨੂੰ ਹਾਲਾਂਕਿ ਅਜੇ ਅਧਿਕਾਰਤ ਤੌਰ ‘ਤੇ ਬੰਦ ਨਹੀਂ ਕੀਤੀ ਹੈ। ਮੌਸਮ ਸਾਫ਼ ਹੋਣ ‘ਤੇ ਫਿਰ ਤੋਂ ਸੈਲਾਨੀ ਇੱਥੇ ਬਰਫ਼ ਦਾ ਆਨੰਦ ਲੈ ਸਕਣਗੇ। ਉਧਰ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਪੂਰੇ ਪ੍ਰਦੇਸ਼ ਵਿਚ ਸੋਮਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ‘ਚ 1 ਦਸੰਬਰ ਤੱਕ ਮੌਸਮ ਖਰਾਬ ਰਹੇਗਾ ਅਤੇ ਮੀਂਹ ਤੇ ਬਰਫ਼ਬਾਰੀ ਦਾ ਪੂਰਵ ਅਨੁਮਾਨ ਹੈ।
ਜ਼ਿਕਰਯੋਗ ਹੈ ਕਿ ਰੋਹਤਾਂਗ ਦਰੱਰਾ ਹਰ ਸਾਲ 15 ਨਵੰਬਰ ਨੂੰ ਅਧਿਕਾਰਤ ਤੌਰ ‘ਤੇ ਆਵਾਜਾਈ ਲਈ ਬੰਦ ਕਰ ਦਿੱਤਾ ਜਾਂਦਾ ਹੈ। ਖਰਾਬ ਮੌਸਮ ਨੂੰ ਵੇਖਦੇ ਹੋਏ ਅਜੇ ਦਰੱਰੇ ਵਿਚ ਆਵਾਜਾਈ ਅਸਥਾਈ ਤੌਰ ‘ਤੇ ਰੋਕ ਲਾਈ ਗਈ ਹੈ। ਸਬ-ਡਿਵੀਜ਼ਨਲ ਮੈਜਿਸਟ੍ਰੇਟ (SDM) ਰਮਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਰੋਹਤਾਂਗ ਲਈ ਸੈਲਾਨੀਆਂ ਵਾਹਨਾਂ ਦੀ ਆਵਾਜਾਈ ਸੋਮਵਾਰ ਤੋਂ ਬੰਦ ਕਰ ਦਿੱਤੀ ਹੈ। ਮੌਸਮ ਨੂੰ ਵੇਖਦੇ ਹੋਏ ਬਾਅਦ ਵਿਚ ਇਹ ਫ਼ੈਸਲਾ ਲਿਆ ਜਾਵੇਗਾ ਕਿ ਮੁੜ ਆਵਾਜਾਈ ਸ਼ੁਰੂ ਕਰਨੀ ਹੈ ਜਾਂ ਨਹੀਂ।