ਲਤਾ ਮੰਗੇਸ਼ਕਰ ਸਿਰਫ਼ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ’ਚ ਸੰਗੀਤ ਜਗਤ ਦੀਆਂ ਮਹਾਨ ਸੰਗੀਤਕ ਹਸਤੀਆਂ ਵਿਚ ਆਪਣਾ ਉਚੇਰਾ ਸਥਾਨ ਰੱਖਦੀ ਹੈ।
ਲਤਾ ਮੰਗੇਸ਼ਕਰ (Lata Mangeshkar) ਸਿਰਫ਼ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ’ਚ ਸੰਗੀਤ ਜਗਤ ਦੀਆਂ ਮਹਾਨ ਸੰਗੀਤਕ ਹਸਤੀਆਂ ਵਿਚ ਆਪਣਾ ਉਚੇਰਾ ਸਥਾਨ ਰੱਖਦੀ ਹੈ। ਲਤਾ ਜੀ ਨੂੰ ਭਾਰਤ ਵਿਚ ‘ਸੁਰ ਕੋਕਿਲਾ’ ਅਤੇ ‘ਸੁਰ-ਸੰਗੀਤ ਦੀ ਦੇਵੀ’ (Goddess of melody) ਆਦਿ ਸਮੇਤ ਕਈ ਹੋਰ ਲਕਬ ਦੇ ਕੇ ਸਤਿਕਾਰਿਆ ਗਿਆ ਹੈ। 28 ਸਤੰਬਰ 1929 ਨੂੰ ਸੰਗੀਤ ਅਤੇ ਅਦਾਕਾਰੀ ਦੇ ਮਾਹਿਰ ਪੰਡਿਤ ਦੀਨਾ ਨਾਥ ਮੰਗੇਸ਼ਕਰ ਦੇ ਘਰ ਮਹਾਰਾਸ਼ਟਰ ਦੇ ਪਿੰਡ ਮੰਗੇਸ਼ ਵਿਖੇ ਜਨਮੀ ਕੁਮਾਰੀ ਲਤਾ ਮੰਗੇਸ਼ਕਰ 6 ਫਰਵਰੀ, 2022 ਨੂੰ 93 ਸਾਲ ਦਾ ਸਫ਼ਲ ਜੀਵਨ ਭੋਗ ਕੇ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ਼ ਗਈ ਸੀ। ਉਨ੍ਹਾਂ ਦੀ ਮਿੱਠੀ ਤੇ ਦਿਲਕਸ਼ ਆਵਾਜ਼ ਵਿਚ ਗਾਏ ਗਏ ਹਜ਼ਾਰਾਂ ਨਗ਼ਮੇ ਅੱਜ ਵੀ ਦੁਨੀਆ ਭਰ ਵਿਚ ਸੰਗੀਤ ਪ੍ਰੇਮੀਆਂ ਦੇ ਚੇਤਿਆਂ ਵਿਚ ਸਾਂਭੇ ਪਏ ਹਨ। ਇਸ ਮਹਾਨ ਫ਼ਨਕਾਰਾ ਦੇ ਜੀਵਨ ਨਾਲ ਜੁੜੀਆਂ ਕੁਝ ਅਤਿਅੰਤ ਦਿਲਚਸਪ ਤੇ ਯਾਦਗਾਰੀ ਗੱਲਾਂ ਇੱਥੇ ਸਾਂਝੀਆਂ ਕਰਦੇ ਹਾਂ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਲਤਾ ਜੀ ਦਾ ਅਸਲ ਨਾਂ ‘ਹੇਮਾ’ (Hema) ਸੀ ਤੇ ਬਚਪਨ ਉਨ੍ਹਾਂ ਇਸੇ ਨਾਂ ਨਾਲ ਹੀ ਗੁਜ਼ਾਰਿਆ ਸੀ। ਦਰਅਸਲ ਉਨ੍ਹਾਂ ਦੇ ਪਿਤਾ ਜੀ ਰੰਗਮੰਚ ’ਤੇ ਸੰਗੀਤਕ ਨਾਟਕ ਖੇਡਿਆ ਕਰਦੇ ਸਨ ਤੇ ਹੇਮਾ ਉਰਫ਼ ਲਤਾ ਉਦੋਂ ਕੇਵਲ ਪੰਜ ਕੁ ਵਰਿ੍ਹਆਂ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਰੰਗਮੰਚ ’ਤੇ ਅਦਾਕਾਰੀ ਅਤੇ ਗਾਇਕੀ ਕਰਨ ਲਾ ਦਿੱਤਾ ਸੀ। ਆਪਣੇ ਪਿਤਾ ਨਾਲ ਹੀ ਉਨ੍ਹਾਂ ਇਕ ਨਾਟਕ ਵਿਚ ‘ਲਤਿਕਾ’ ਨਾਮਕ ਕਿਰਦਾਰ ਇਸ ਕਦਰ ਬਾਖ਼ੂਬੀ ਨਿਭਾਇਆ ਸੀ ਕਿ ਪਿਤਾ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਉਸ ਨੂੰ ਹੇਮਾ ਦੀ ਥਾਂ ਪਹਿਲਾਂ ‘ਲਤਿਕਾ’ ਤੇ ਫਿਰ ਲਤਾ ਕਹਿਣਾ ਸ਼ੁਰੂ ਕਰ ਦਿੱਤਾ ਸੀ। ਲਤਾ ਮੰਗੇਸ਼ਕਰ ਦੇ ਪਿਤਾ ਹੀ ਨਹੀਂ ਸਗੋਂ ਉਸਦੇ ਦਾਦਾ ਗਣੇਸ਼ ਭੱਟ ਤੇ ਦਾਦੀ ਯਸੂਬਾਈ ਰਾਣੇ ਵੀ ਭਾਰਤੀ ਸ਼ਾਸਤਰੀ ਸੰਗੀਤ ਦੇ ਗਿਆਤਾ ਸਨ। ਉਨ੍ਹਾਂ ਦੇ ਦਾਦਾ ਜੀ ਪਿੰਡ ਮੰਗੇਸ਼ ਦੇ ਸਭ ਤੋਂ ਵੱਡੇ ਮੰਦਰ ਦੇ ਮੁੱਖ ਪੁਜਾਰੀ ਸਨ ਤੇ ਬੜੇ ਹੀ ਸੁਰੀਲੇ ਭਜਨ ਗਾਉਂਦੇ ਸਨ ਜਦਕਿ ਉਨ੍ਹਾਂ ਦੀ ਦਾਦੀ ‘ਦੇਵਦਾਸੀ’ ਸਮਾਜ ਨਾਲ ਸਬੰਧ ਰੱਖਦੀ ਸੀ ਤੇ ਉਨ੍ਹਾਂ ਨੂੰ ਵੀ ਸ਼ਾਸ਼ਤਰੀ ਸੰਗੀਤ (Classical music) ਦਾ ਭਰਪੂਰ ਗਿਆਨ ਸੀ। ਇਸੇ ਕਰਕੇ ਲਤਾ ਮੰਗੇਸ਼ਕਰ ਤੇ ਉਨ੍ਹਾਂ ਦੀਆਂ ਭੈਣਾਂ ਆਸ਼ਾ, ਊਸ਼ਾ, ਮੀਨਾ ਅਤੇ ਭਰਾ ਹਿਰਦੇਨਾਥ ਮੰਗੇਸ਼ਕਰ ਨੂੰ ਘਰ ਵਿਚ ਹੀ ਵਗ਼ਦੀ ਸੰਗੀਤ ਦੀ ਇਸ ਗੰਗਾ ਤੋਂ ਲਾਭ ਲੈਣ ਦਾ ਮੌਕਾ ਮਿਲਿਆ ਸੀ।
ਅਦਾਕਾਰੀ ਤੇ ਗਾਇਕੀ ਦੇ ਜੌਹਰ ਵਿਖਾਏ
ਲਤਾ ਉਸ ਵਕਤ ਕੇਵਲ 13 ਸਾਲ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਸਾਰੇ ਭੈਣ ਭਰਾਵਾਂ ਵਿਚੋਂ ਵੱਡੀ ਹੋਣ ਕਰ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਿਚ ਮਾਂ ਦਾ ਸਾਥ ਦੇਣ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਮਾਸੂਮ ਮੋਢਿਆਂ ’ਤੇ ਆਣ ਪਈ ਸੀ। ਲਤਾ ਨੂੰ ਸਿਵਾਇ ਅਦਾਕਾਰੀ ਤੇ ਗਾਇਕੀ ਦੇ ਕੋਈ ਹੋਰ ਹੁਨਰ ਨਹੀਂ ਆਉਂਦਾ ਸੀ। ਉਸ ਵੇਲੇ ਸੰਨ 1942 ਸੀ ਤੇ ਹੌਸਲਾ ਨਾ ਹਾਰਨ ਵਾਲੀ ਲਤਾ ਨੇ ਉਸੇ ਹੀ ਸਾਲ ‘ਨਵਯੁਗ ਚਿੱਤਰਪਟ’ ਦੀ ਫਿਲਮ ‘ਪਹਿਲੀ ਮੰਗਲਾ ਗੌਰ’ ਵਿਚ ਬਤੌਰ ਅਦਾਕਾਰਾ ਤੇ ਗਾਇਕਾ ਫਿਲਮਾਂ ਦੀ ਦੁਨੀਆ ਵਿਚ ਆਪਣੀ ਹਾਜ਼ਰੀ ਦਰਜ ਕਰ ਦਿੱਤੀ ਸੀ। ਜਿਸ ਦਿਨ ਲਤਾ ਜੀ ਨੇ ਪਹਿਲੀ ਵਾਰ ਕੈਮਰੇ ਸਾਹਮਣੇ ਅਦਾਕਾਰੀ ਕੀਤੀ ਸੀ, ਉਸ ਦਿਨ ਉਨ੍ਹਾਂ ਦੇ ਘਰ ਵਿਚ ਪਿਤਾ ਦੀ ਅੰਤਿਮ ਅਰਦਾਸ ਹੋ ਰਹੀ ਸੀ। ਇਸ ਉਪਰੰਤ ਉਨ੍ਹਾਂ ਨੇ ‘ਗਜਾਭਾਊ’,‘ਬੜੀ ਮਾਂ’ ਅਤੇ ‘ਆਪ ਕੀ ਸੇਵਾ ਮੇਂ’ ਆਦਿ ਫਿ਼ਲਮਾਂ ਵਿਚ ਅਦਾਕਾਰੀ ਤੇ ਗਾਇਕੀ ਦੇ ਜੌਹਰ ਵਿਖਾਏ ਸਨ ਤੇ ਫਿਰ ਉਨ੍ਹਾਂ ਅਦਾਕਾਰੀ ਤਿਆਗ ਕੇ ਕੇਵਲ ਗਾਇਕਾ ਵਜੋਂ ਹੀ ਭਾਰਤੀ ਸਿਨੇਮਾ ਦੀ ਸੇਵਾ ਕਰਨ ਦਾ ਸੰਕਲਪ ਲੈ ਲਿਆ ਸੀ। ਸੰਨ 1948 ਵਿਚ ਸੰਗੀਤ ਨਿਰਦੇਸ਼ਕ ਗ਼ੁਲਾਮ ਹੈਦਰ ਨੇ ਫਿਲਮਕਾਰਲ ਸ਼ੇਸ਼ਾਧਰ ਮੁਖਰਜੀ ਨੂੰ ਉਨ੍ਹਾਂ ਦੀ ਬਣ ਰਹੀ ਫਿਲਮ ‘ਸ਼ਹੀਦ’ ਲਈ ਲਤਾ ਤੋਂ ਇਕ ਗੀਤ ਰਿਕਾਰਡ ਕਰਵਾਉਣ ਦੀ ਸਿਫ਼ਾਰਸ਼ ਕੀਤੀ ਪਰ ਮੁਖਰਜੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਲਤਾ ਦੀ ਆਵਾਜ਼ ਬਹੁਤ ਬਾਰੀਕ ਹੈ ਅਤੇ ਫਿਲਮਾਂ ਲਈ ਢੁੱਕਵੀਂ ਨਹੀਂ ਹੈ। ਇਸ ਨਾਯਾਬ ਹੀਰੇ ਦੀ ਪਰਖ਼ ਕਰ ਚੁੱਕੇ ਗ਼ੁਲਾਮ ਹੈਦਰ ਨੇ ਉਸੇ ਵੇਲੇ ਆਖ ਦਿੱਤਾ ਸੀ, ਮੁਖਰਜੀ ਸਾਹਿਬ…ਚੇਤੇ ਰੱਖਿਓ, ਇਕ ਦਿਨ ਐਸਾ ਆਏਗਾ ਜਦੋਂ ਬਾਲੀਵੁੱਡ ਦੇ ਦਿੱਗਜ ਫਿਲਮਕਾਰ ਲਤਾ ਦੇ ਦਰਵਾਜ਼ੇ ’ਤੇ ਲਾਈਨ ਲਗਾ ਕੇ ਬੈਠਣਗੇ ਤੇ ਉਸ ਕੋਲੋਂ ਗੀਤ ਰਿਕਾਰਡ ਕਰਵਾਉਣ ਲਈ ਲੇਲੜੀਆਂ ਕੱਢਣਗੇ। ਗ਼ੁਲਾਮ ਹੈਦਰ ਸਾਹਿਬ ਦੀ ਇਹ ਗੱਲ ਬਾਅਦ ਵਿਚ ਅੱਖਰ-ਅੱਖਰ ਸੱਚ ਸਾਬਤ ਹੋਈ ਸੀ।
ਗੀਤਾਂ ਬਾਰੇ ਬੜਾ ਭਾਰੀ ਵਿਵਾਦ ਰਿਹਾ
ਲਤਾ ਦੇ ਗਾਏ ਗੀਤਾਂ ਬਾਰੇ ਬੜਾ ਭਾਰੀ ਵਿਵਾਦ ਰਿਹਾ ਸੀ। ਦਿਲਚਸਪ ਗੱਲ ਇਹ ਸੀ ਕਿ ਸੰਨ 1974 ਵਿਚ ਲਤਾ ਮੰਗੇਸ਼ਕਰ ਜੀ ਦਾ ਨਾਂ ‘ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ ਵਿਚ ਇਹ ਕਹਿ ਕੇ ਦਰਜ ਕੀਤਾ ਗਿਆ ਸੀ ਕਿ ਉਨ੍ਹਾਂ 25,000 ਤੋਂ ਵੱਧ ਗੀਤ ਗਾ ਕੇ ਦੁਨੀਆ ਵਿਚ ਸਭ ਤੋਂ ਵੱਧ ਗੀਤ ਗਾਉਣ ਵਾਲੀ ਗਾਇਕਾ ਦਾ ਖ਼ਿਤਾਬ ਹਾਸਲ ਕੀਤਾ ਸੀ। ਮੁਹੰਮਦ ਰਫ਼ੀ ਦੇ ਵਿਰੋਧ ’ਤੇ ਮਾਮਲੇ ਦੀ ਪੜਤਾਲ ਉਪਰੰਤ ਲਤਾ ਜੀ ਦੇ ਗੀਤਾਂ ਦੀ ਸੰਖਿਆ ਸੰਨ 1991 ਤੱਕ ਕੇਵਲ 5025 ਪਾਈ ਗਈ ਤੇ ਦਰਜ ਹੋਣ ਦੇ 17 ਸਾਲ ਬਾਅਦ ਭਾਵ ਸੰਨ 1991 ਵਿਚ ਉਕਤ ਰਿਕਾਰਡ ਬੁੱਕ ਵਿਚੋਂ ਲਤਾ ਦਾ ਨਾਂ ਹਟਾ ਦਿੱਤਾ ਗਿਆ ਸੀ। ਮਜ਼ੇਦਾਰ ਤੱਥ ਇਹ ਰਿਹਾ ਕਿ ਸੰਨ 2011 ਵਿਚ ਲਤਾ ਦੀ ਭੈਣ ਆਸ਼ਾ ਭੌਂਸਲੇ 11,000 ਗੀਤਾਂ ਨਾਲ ਉਕਤ ਰਿਕਾਰਡ ਬੁੱਕ ਵਿਚ ਸਿਖ਼ਰਲੇ ਸਥਾਨ ’ਤੇ ਪੁੱਜ ਗਈ ਸੀ ਜਦਕਿ ਸੰਨ 2016 ਤੋਂ ਹੁਣ ਤੱਕ ਪੀ.ਸੁਸ਼ੀਲਾ ਨਾਮਕ ਗਾਇਕਾ 17,695 ਗੀਤ ਗਾ ਕੇ ਟੀਸੀ ’ਤੇ ਬਿਰਾਜਮਾਨ ਹੈ।
ਗਾਏ ਹਜ਼ਾਰਾਂ ਯਾਦਗਾਰੀ ਨਗ਼ਮੇ
ਲਤਾ ਹੁਰਾਂ ਦੇ ਗਾਏ ਹਜ਼ਾਰਾਂ ਯਾਦਗਾਰੀ ਨਗ਼ਮਿਆਂ ਵਿਚੋਂ ‘ਐ ਮਾਲਿਕ ਤੇਰੇ ਬੰਦੇ ਹਮ’ ਨਾਮਕ ਗੀਤ ਤਾਂ ਭਾਰਤ ਹੀ ਨਹੀਂ ਪਾਕਿਸਤਾਨ ਦੇ ਸਕੂਲਾਂ ਵਿਚ ਵੀ ਸਵੇਰ ਦੀ ਸਭਾ ਦੀ ਪ੍ਰਾਥਨਾ ਵਜੋਂ ਗਾਇਆ ਜਾਣ ਲੱਗ ਪਿਆ ਸੀ ਤੇ ਉਨ੍ਹਾਂ ਦੇ ਹੀ ਗਾਏ ਹੋਏ ‘ਐ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇਂ ਭਰ ਲੋ ਪਾਨੀ, ਜੋ ਸ਼ਹੀਦ ਹੂਏ ਹੈਂ ਉਨਕੀ ਜ਼ਰਾ ਯਾਦ ਕਰੋ ਕੁਰਬਾਨੀ’, ਗੀਤ ਨੇ ਦੇਸ਼ ਦੇ ਉਸ ਵਕਤ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਸਮੇਤ ਹਰੇਕ ਦੇਸ਼ਵਾਸੀਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਸਨ। ਦੱਸਣਯੋਗ ਹੈ ਕਿ ਗੀਤਾਂ ਲਈ ‘ਰਾਇਲਟੀ’ ਲੈਣ ਦੇ ਮੁੱਦਾ ਲਤਾ ਜੀ ਨੇ ਬੜੇ ਜ਼ੋਰ ਨਾਲ ਉਠਾਇਆ ਸੀ ਤੇ ਰਫ਼ੀ ਸਾਹਿਬ ਨੇ ਇਹ ਕਹਿ ਕੇ ਸਖ਼ਤ ਵਿਰੋਧ ਕੀਤਾ ਸੀ ਕਿ ਜੇਕਰ ਗਾਇਕ ਆਪਣੇ ਗਾਉਣ ਦੀ ਫ਼ੀਸ ਲੈ ਚੁੱਕਿਆ ਹੈ ਤਾਂ ਫਿਰ ਉਸਨੂੰ ਰਾਇਲਟੀ ਕਿਉਂ ਚਾਹੀਦੀ ਹੈ? ਇਸ ਆਪਸੀ ਵਿਵਾਦ ਕਰ ਕੇ ਲਤਾ ਅਤੇ ਰਫ਼ੀ ਨੇ ਪੰਜ ਸਾਲ ਤੱਕ ਕੋਈ ਗੀਤ ਨਹੀਂ ਗਾਇਆ ਸੀ ਤੇ ਇਸ ਅਰਸੇ ਦੌਰਾਨ ਰਫ਼ੀ ਨਾਲ ਲਤਾ ਜੀ ਦੀ ਥਾਂ ਆਸ਼ਾ ਭੌਂਸਲੇ ਗੀਤ ਰਿਕਾਰਡ ਕਰਵਾ ਕੇ ਨੰਬਰ ਵੰਨ ਗਾਇਕਾ ਬਣ ਗਈ ਸੀ।
ਕਈ ਭਾਸ਼ਾਵਾਂ ਵਿਚ ਗੀਤ ਗਾਏ
2011 ਵਿਚ ਉਨ੍ਹਾਂ ਨੇ ‘ਸਰਹਦੇਂ’ ਨਾਮਕ ਐਲਬਮ ਵਿਚ ਦੁਨੀਆ ਦੇ ਮਸ਼ਹੂਰ ਗਾਇਕਾਂ ਜਨਾਬ ਮਹਿੰਦੀ ਹਸਨ, ਗ਼ੁਲਾਮ ਅਲੀ, ਹਰੀਹਰਨ ਅਤੇ ਸੁਰੇਸ਼ ਵਾਡੇਕਰ ਨਾਲ ਗਾਇਆ ਸੀ। ਲਤਾ ਮੰਗੇਸ਼ਕਰ ਦੇ ਦੇਹਾਂਤ ਉਪਰੰਤ 2022 ਵਿਚ ਹੋਏ ‘ਬ੍ਰਿਟਿਸ਼ ਅਕੈਡਮੀ ਫਿਲਮਜ਼ ਐਂਡ ਟੀਵੀ ਐਵਾਰਡਜ਼’ ਸਮਾਗਮ ਵਿਚ ਲਤਾ ਨੂੰ ਵਿਸ਼ੇਸ਼ ਤੌਰ ’ਤੇ ਸ਼ਰਧਾਂਜਲੀ ਭੇਂਟ ਕੀਤੀ ਗਈ ਸੀ। ਲਤਾ ਦੀਦੀ ਨੇ ਪੰਜਾਬੀ, ਮਰਾਠੀ, ਗੁਜਰਾਤੀ, ਉੜੀਆ, ਬੰਗਾਲੀ, ਤਾਮਿਲ, ਤੇਲਗੂ ਭਾਸ਼ਾ ਸਣੇ ਕਈ ਹੋਰ ਭਾਸ਼ਾਵਾਂ ਵਿਚ ਵੀ ਗੀਤ, ਗ਼ਜ਼ਲ, ਭਜਨ, ਠੁਮਰੀ, ਕੱਵਾਲੀ, ਸੂਫ਼ੀਆਨਾ ਅਤੇ ਲੋਕ ਗੀਤ ਆਦਿ ਵੰਨਗੀਆਂ ਦਾ ਗਾਇਨ ਕੀਤਾ ਸੀ।
ਹੈਰਾਨੀਜਨਕ ਤੱਥ ਹੈ ਕਿ ਲਤਾ ਮੰਗੇਸ਼ਕਰ ਪੜ੍ਹਾਈ ਪੱਖੋਂ ਕੇਵਲ ਇਕ ਦਿਨ ਹੀ ਸਕੂਲ ਗਈ ਸੀ। ਉਨ੍ਹਾਂ ਦੇ ਸਕੂਲ ਦੇ ਪਹਿਲੇ ਹੀ ਦਿਨ ਉਸਦੀ ਅਧਿਆਪਕਾ ਨੇ ਕਹਿ ਦਿੱਤਾ ਸੀ ਤੂੰ ਆਪਣੀ ਨਿੱਕੀ ਭੈਣ ਆ਼ਸ਼ਾ ਨੂੰ ਨਾਲ ਲੈ ਕੇ ਸਕੂਲ ਨਹੀਂ ਆ ਸਕਦੀ ਹੈਂ। ਉਨ੍ਹਾਂ ਸਕੂਲ ਛੱਡ ਦਿੱਤਾ ਪਰ ਆਪਣੀ ਭੈਣ ਦਾ ਸਾਥ ਬਿਲਕੁਲ ਨਹੀਂ ਸੀ ਛੱਡਿਆ। ਇਕ ਵਾਰ ਦਿਲੀਪ ਕੁਮਾਰ ਨੇ ਲਤਾ ਦੇ ਉਰਦੂ ਵਿਚਲੇ ਉਚਾਰਨ ਬਾਰੇ ਇਕ ਤਲਖ਼ ਟਿੱਪਣੀ ਕਰ ਦਿੱਤੀ ਸੀ ਤੇ ਲਤਾ ਜੀ ਨੇ ਉਸੇ ਦਿਨ ਤੋਂ ਇਕ ਉਰਦੂ ਅਧਿਆਪਕ ਤੋਂ ਟਿਊਸ਼ਨ ਰੱਖ ਕੇ ਆਪਣਾ ਉਰਦੂ ਜ਼ੁਬਾਨ ਦਾ ਤਲੱਫ਼ੁਜ਼ ਭਾਵ ਉਚਾਰਣ ਸੁਧਾਰ ਲਿਆ ਸੀ।
ਝੋਲੀ ਪਏ ਕਈ ਮਾਣ-ਸਨਮਾਨ
ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੀ ਦਿਲਕਸ਼ ਆਵਾਜ਼ ਲਈ 1989 ਵਿਚ ‘ਦਾਦਾ ਸਾਹਿਬ ਫ਼ਾਲਕੇ ਪੁਰਸਕਾਰ’, 2001 ਵਿਚ ‘ਭਾਰਤ ਰਤਨ’, 2007 ਵਿਚ ਫ਼ਰਾਂਸ ਦਾ ਸਭ ਤੋਂ ਵੱਡਾ ਸਿਵੀਲਿਅਨ ਸਨਮਾਨ ‘ਨੈਸ਼ਨਲ ਆਰਡਰ ਆਫ਼ ਦਿ ਲਿਜੀਅਨ ਆਫ਼ ਆਨਰ’ ਪ੍ਰਦਾਨ ਕਰਨ ਤੋਂ ਇਲਾਵਾ ‘ਪਦਮ ਭੂਸ਼ਨ’, ‘ਪਦਮ ਵਿਭੂਸ਼ਨ’,‘ਸੰਗੀਤ ਨਾਟਕ ਅਕਾਦਮੀ ਪੁਰਸਕਾਰ’,‘ਸਰਬੋਤਮ ਗਾਇਕਾ ਦਾ ਕੌਮੀ ਪੁਰਸਕਾਰ’, ‘ਫਿਲਮਫੇਅਰ ਲਾਈਫ਼ਟਾਈਮ ਅਚੀਵਮੈਂਟ ਪੁਰਸਕਾਰ’ ਸਣੇ ਸੈਂਕੜੇ ਵੱਡੇ ਸਨਮਾਨਾਂ ਨਾਲ ਨਿਵਾਜਿਆ ਗਿਆ ਸੀ। ਕਈ ਸਾਲ ਲਗਾਤਾਰ ਫਿਲਮਫੇਅਰ ਪੁਰਸਕਾਰ ਲੈਣ ਤੋਂ ਬਾਅਦ ਉਨ੍ਹਾਂ ਇਹ ਪੁਰਸਕਾਰ ਜਿੱਤਣ ਦੇ ਬਾਵਜੂਦ ਆਪਣੀ ਥਾਂ ਦੂਜੇ ਨੰਬਰ ’ਤੇ ਰਹਿਣ ਵਾਲੀ ਗਾਇਕਾ ਨੂੰ ਦੇਣ ਲਈ ਕਹਿ ਦਿੱਤਾ ਸੀ। ਮੱਧ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਦੇ ਜਿਉਂਦੇ ਜੀਅ ਹੀ ‘ਲਤਾ ਮੰਗੇਸ਼ਕਰ ਪੁਰਸਕਾਰ’ ਸ਼ੁਰੂ ਕਰ ਦਿੱਤਾ ਗਿਆ ਸੀ, ਜੋ ਅੱਜ ਵੀ ਸੰਗੀਤ ਦੇ ਖੇਤਰ ਵਿਚ ਵਿਲੱਖਣ ਪ੍ਰਾਪਤੀ ਕਰਨ ਵਾਲੀ ਹਸਤੀ ਨੂੰ ਪ੍ਰਦਾਨ ਕੀਤਾ ਜਾਂਦਾ ਹੈ।
ਦੋ ਦਿਨ ਦਾ ਰਾਸ਼ਟਰੀ ਸੋਗ ਰੱਖਿਆ
ਲਤਾ ਦੀ ਸੁਰੀਲੀ ਤੇ ਦਿਲ ਨੂੰ ਧੂਹ ਪਾਉਣ ਵਾਲੀ ਆਵਾਜ਼ ਬਾਰੇ ਸੰਗੀਤ ਜਗਤ ਦੇ ਬੇਤਾਜ ਬਾਦਸ਼ਾਹ ਉਸਤਾਦ ਬੜੇ ਗ਼ੁਲਾਮ ਅਲੀ ਖਾਂ ਸਾਹਿਬ ਨੇ ਖ਼ੁਦ ਕਿਹਾ ਸੀ ‘ਕੰਬਖ਼ਤ..ਕਭੀ ਭੀ ਬੇਸੁਰੀ ਨਹੀਂ ਹੋਤੀ’। ਇਸੇ ਤਰ੍ਹਾਂ ਦਿਲੀਪ ਕੁਮਾਰ ਸਾਹਿਬ ਨੇ ਲਤਾ ਜੀ ਦੀ ਸ਼ਾਨ ਵਧਾਉਂਦਿਆਂ ਹੋਇਆਂ ਆਖਿਆ ਸੀ ਲਤਾ ਦੀ ਆਵਾਜ਼ ਦਰਅਸਲ ਕੁਦਰਤ ਦੀ ਤਖ਼ਲੀਕ ਦਾ ਇਕ ਕਰਿਸ਼ਮਾ ਹੈ। ਇਸਦਾ ਭਾਵ ਇਹ ਹੈ ਕਿ ਲਤਾ ਮੰਗੇਸ਼ਕਰ ਦੀ ਬਾਕਮਾਲ ਆਵਾਜ਼ ਪਰਮਾਤਮਾ ਦਾ ਚਮਤਕਾਰ ਹੈ। ਇਸੇ ਕਰ ਕੇ ਉਨ੍ਹਾਂ ਦੇ ਦੇਹਾਂਤ ਉਪਰੰਤ ਪੂਰੇ ਭਾਰਤ ਵਿਚ ਦੋ ਦਿਨ ਦਾ ਰਾਸ਼ਟਰੀ ਸੋਗ ਰੱਖਿਆ ਗਿਆ ਸੀ ਤੇ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਦੁਨੀਆ ਭਰ ਦੇ ਰਾਸ਼ਟਰ ਮੁਖੀਆਂ ਨੇ ਇਸ ਮਹਾਨ ਗਾਇਕਾ ਨੂੰ ਸ਼ਰਧਾਂਜਲੀ ਅਰਪਣ ਕਰਦੇ ਆਪਣੇ ਸ਼ੋਕ ਸੁਨੇਹੇ ਭੇਜੇ ਸਨ।