ਰਵਨੀਤ ਬਿੱਟੂ ਨੂੰ ਕੇਂਦਰ ਵਿੱਚ ਭਾਜਪਾ ਨੇ ਮੰਤਰੀ ਦੇ ਅਹੁਦੇ ਨਾਲ ਨਵਾਜਿਆ ਹੈ।
ਭਾਜਪਾ ਦੀ ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਪ੍ਰਧਾਨ ਮੰਤਰੀ ਮੋਦੀ ਸਣੇ ਮੰਤਰੀ ਮੰਡਲ ਦੇ ਵਿੱਚ 72 ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ ਕਈ ਅਜਿਹੇ ਆਗੂ ਵੀ ਸ਼ਾਮਿਲ ਹਨ ਜੋ ਭਾਵੇਂ ਮੈਂਬਰ ਪਾਰਲੀਮੈਂਟ ਤਾਂ ਨਹੀਂ ਬਣ ਸਕੇ ਪਰ ਕੈਬਿਨਟ ਦੇ ਵਿੱਚ ਆਪਣੀ ਥਾਂ ਬਣਾਉਣ ਵਿੱਚ ਸਫਲ ਰਹੇ। ਜਿਨਾਂ ਦੇ ਵਿੱਚ ਪੰਜਾਬ ਤੋਂ ਰਵਨੀਤ ਬਿੱਟੂ ਵੀ ਸ਼ਾਮਿਲ ਹਨ।
ਰਵਨੀਤ ਬਿੱਟੂ ਵੱਲੋਂ ਕੇਂਦਰੀ ਰਾਜ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਉੱਤੇ ਜਿੱਥੇ ਉਨ੍ਹਾਂ ਦੇ ਸਮਰਥਕ ਬਾਗੋ-ਬਾਗ ਨੇ ਉੱਥੇ ਹੀ ਭਾਜਪਾ ਨੇ ਪੰਜਾਬ ਦੀ ਸਿਆਸਤ ਨੂੰ ਇੱਕ ਨਵਾਂ ਸੁਨੇਹਾ ਦੇਕੇ ਵੀ ਹੈਰਾਨੀ ਵਿੱਚ ਪਾ ਦਿੱਤਾ ਹੈ।
ਹਾਲਾਂਕਿ ਰਵਨੀਤ ਬਿੱਟੂ ਪਹਿਲਾਂ ਹੀ ਇਹ ਦਾਅਵੇ ਕਰਦੇ ਰਹੇ ਸਨ ਕਿ ਭਾਜਪਾ ਦੀ ਸਰਕਾਰ ਕੇਂਦਰ ਦੇ ਵਿੱਚ ਬਣੇਗੀ ਅਤੇ ਜੇਕਰ ਉਹ ਲੁਧਿਆਣਾ ਤੋਂ ਜਿੱਤ ਦੇ ਹਨ ਤਾਂ ਉਹਨਾਂ ਨੂੰ ਕੋਈ ਵੱਡਾ ਅਹੁਦਾ ਮਿਲੇਗਾ, ਜਿਸ ਨਾਲ ਉਹ ਲੁਧਿਆਣੇ ਦਾ ਹੀ ਨਹੀਂ ਪੂਰੇ ਪੰਜਾਬ ਦਾ ਵਿਕਾਸ ਕਰਨਗੇ।
ਸਿੱਖ ਚਿਹਰਾ: ਰਵਨੀਤ ਬਿੱਟੂ ਪੰਜਾਬ ਭਾਜਪਾ ਦੇ ਕੋਲ ਇੱਕ ਵੱਡੇ ਸਿੱਖ ਚਿਹਰੇ ਦੇ ਵਜੋਂ ਉਭਰ ਕੇ ਸਾਹਮਣੇ ਆਏ ਹਨ। ਹਾਲਾਂਕਿ ਰਵਨੀਤ ਬਿੱਟੂ ਪਹਿਲਾਂ ਕਾਂਗਰਸ ਦੇ ਵਿੱਚ ਲਗਾਤਾਰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ ਪਰ ਉਸ ਤੋਂ ਬਾਅਦ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਅਤ੍ਲੁ ਧਿਆਣਾ ਤੋਂ ਚੋਣ ਲੜੀ। ਇਸ ਦੌਰਾਨ ਭਾਜਪਾ ਦੇ ਬਿੱਠੂ ਕਾਂਗਰਸ ਦੇ ਅਮਰਿੰਦਰ ਰਾਜਾ ਵੜਿੰਗ ਤੋਂ ਤਾਂ ਹਾਰ ਗਏ ਪਰ ਭਾਜਪਾ ਦੀ ਹਾਈ ਕਮਾਂਡ ਦਾ ਦਿਲ ਜਿੱਤਣ ਦੇ ਵਿੱਚ ਜਰੂਰ ਕਾਮਯਾਬ ਰਹੇ।
ਪਹਿਲੇ 72 ਮੰਤਰੀਆਂ ਵਜੋਂ ਜਿਨ੍ਹਾਂ ਨੇ ਸਹੁੰ ਚੁੱਕੀ ਉਹਨਾਂ ਦੇ ਵਿੱਚ ਰਵਨੀਤ ਬਿੱਟੂ ਦਾ ਨਾਮ ਵੀ ਸ਼ਾਮਿਲ ਸੀ। ਸੁਨੀਲ ਜਾਖੜ ਦੇ ਪੰਜਾਬ ਭਾਜਪਾ ਪ੍ਰਧਾਨ ਹੋਣ ਦੇ ਬਾਵਜੂਦ ਭਾਜਪਾ ਇੱਕ ਵੀ ਸੀਟ ਨਹੀਂ ਜਿੱਤ ਸਕੀ ਇੱਥੋਂ ਤੱਕ ਕਿ ਪਟਿਆਲਾ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਪਰਨੀਤ ਕੌਰ ਦਾ ਗੜ ਮੰਨਿਆ ਜਾਂਦਾ ਹੈ ਉੱਥੇ ਵੀ ਭਾਜਪਾ ਦਾ ਜਾਦੂ ਨਹੀਂ ਚੱਲ ਸਕਿਆ ਪਰ ਰਵਨੀਤ ਬਿੱਟੂ ਨੌਜਵਾਨ ਸਿੱਖ ਚਿਹਰੇ ਵਜੋਂ ਜਰੂਰ ਉਭਰ ਕੇ ਸਾਹਮਣੇ ਆਏ ਅਤੇ ਹਾਰਨ ਦੇ ਬਾਵਜੂਦ ਵੀ ਉਹਨਾਂ ਰਾਜਾ ਵੜਿੰਗ ਨੂੰ ਪੂਰੀ ਟੱਕਰ ਦਿੱਤੀ ਸੀ।
ਕੱਟੜਵਾਦ ਦੇ ਧੁਰ ਵਿਰੋਧੀ: ਰਵਨੀਤ ਬਿੱਟੂ ਕੱਟੜਵਾਦ ਦੇ ਖਿਲਾਫ ਲਗਾਤਾਰ ਖੜੇ ਰਹੇ, ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉੱਠਿਆ ਤਾਂ ਰਵਨੀਤ ਬਿੱਟੂ ਨੇ ਡੱਟ ਕੇ ਇਸ ਦੀ ਵਿਰੋਧਤਾ ਜਤਾਈ ਅਤੇ ਬਲਵੰਤ ਸਿੰਘ ਰਾਜੋਵਾਣਾ ਨੂੰ ਫਾਂਸੀ ਦੀ ਸਜ਼ਾ ਮੁਆਫ ਕਰਕੇ ਜੇਲ੍ਹ ਤੋਂ ਰਿਹਾ ਕਰਨ ਦਾ ਵੀ ਉਸ ਨੇ ਡੱਟ ਕੇ ਵਿਰੋਧ ਕੀਤਾ।
ਜਿਸ ਦਾ ਜ਼ਿਕਰ ਅਮਿਤ ਸ਼ਾਹ ਨੇ ਲੁਧਿਆਣਾ ਦੇ ਵਿੱਚ ਰੈਲੀ ਦੇ ਦੌਰਾਨ ਕੀਤਾ ਅਚੇ ਕਿਹਾ ਕਿ ਰਵਨੀਤ ਬਿੱਟੂ ਉਹਨਾਂ ਦੇ ਦੋਸਤ ਹਨ ਅਤੇ ਜਿਨ੍ਹਾਂ ਨੇ ਉਸਦੇ ਦਾਦੇ ਦਾ ਕਤਲ ਕੀਤਾ। ਉਸ ਨੂੰ ਕਿਸੇ ਵੀ ਕੀਮਤ ਉੱਤੇ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ। ਜਿਸ ਕਰਕੇ ਲਗਾਤਾਰ ਭਾਜਪਾ ਦੀ ਨਜ਼ਰ ਰਵਨੀਤ ਬਿੱਟੂ ਉੱਤੇ ਹੈ ਅਤੇ ਉਸ ਨੂੰ ਇੱਕ ਵੱਡੇ ਲੀਡਰ ਵਜੋਂ ਪੰਜਾਬ ਦੇ ਵਿੱਚ ਉਭਾਰਿਆ ਜਾ ਰਿਹਾ ਹੈ।
ਕੀ ਭਾਜਪਾ ਨੂੰ ਮਿਲੇਗਾ ਫਾਇਦਾ: ਰਵਨੀਤ ਬਿੱਟੂ ਭਾਵੇਂ ਦਿਹਾਤ ਹਲਕੇ ਦੇ ਵਿੱਚ ਜਰੂਰ ਪਿੱਛੇ ਰਹਿ ਗਏ ਪਰ ਸ਼ਹਿਰੀ ਖੇਤਰ ਦੇ ਵਿੱਚ ਉਹ ਭਰਪੂਰ ਵੋਟਾਂ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੇ। ਲੁਧਿਆਣਾ ਸੰਸਦੀ ਹਲਕੇ ਦੇ ਪੰਜ ਸ਼ਹਿਰੀ ਹਲਕਿਆਂ ਦੇ ਵਿੱਚ ਰਵਨੀਤ ਬਿੱਟੂ ਆਖਰ ਤੱਕ ਲੀਡ ਉੱਤੇ ਰਹੇ ਅਤੇ ਸ਼ਹਿਰ ਵਿੱਚੋਂ ਚੰਗਾ ਵੋਟ ਬੈਂਕ ਹਾਸਲ ਕਰਨ ਵਿੱਚ ਕਾਮਯਾਬ ਰਹੇ।
ਅਜਿਹਾ ਪਹਿਲੀ ਵਾਰ ਹੋਇਆ ਕਿ ਭਾਜਪਾ ਦਾ ਕੋਈ ਲੋਕ ਸਭਾ ਲਈ ਉਮੀਦਵਾਰ ਲੁਧਿਆਣੇ ਤੋਂ ਬਿਨਾਂ ਅਕਾਲੀ ਦਲ ਦੇ ਸਮਰਥਨ ਤੋਂ ਖੜਾ ਹੋਵੇ ਅਤੇ ਉਹ ਦੂਜੇ ਨੰਬਰ ਉੱਤੇ ਆਇਆ ਹੋਵੇ। ਸ਼ਹਿਰਾਂ ਵਿੱਚ ਭਾਜਪਾ ਦਾ ਸਮਰਥਨ ਅਤੇ ਅਕਾਲੀ ਦਲ ਨਾਲੋਂ ਭਾਜਪਾ ਨੂੰ ਪੰਜਾਬ ਦੇ ਵਿੱਚ ਜਿਆਦਾ ਵੋਟ ਸ਼ੇਅਰ ਮਿਲਣਾ ਲਗਾਤਾਰ ਕਈ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਤਲਾਸ਼ ਰਹੀ ਭਾਜਪਾ ਨੂੰ ਰਾਸ ਆਇਆ ਹੈ। ਜਿਸ ਕਰਕੇ ਕੇਂਦਰੀ ਲੀਡਰਸ਼ਿਪ ਵੱਲੋਂ ਰਵਨੀਤ ਬਿੱਟੂ ਨੂੰ ਨਾ ਸਿਰਫ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ ਹੈ ਸਗੋਂ ਉਸਨੂੰ ਵੱਡੀ ਜਿੰਮੇਵਾਰੀ ਵੀ ਦਿੱਤੀ ਗਈ ਹੈ।
ਸਰਭ ਧਰਮ ਪਸੰਦ ਦਾ ਸੁਨੇਹਾ: ਸਿਆਸੀ ਮਹਾਰਾਂ ਦਾ ਮੰਨਣਾ ਹੈ ਕਿ ਰਵਨੀਤ ਬਿੱਟੂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਪੂਰੇ ਦੇਸ਼ ਦੇ ਵਿੱਚ ਸਰਬ ਧਰਮ ਪਸੰਦ ਹੋਣ ਦਾ ਇੱਕ ਸੁਨੇਹਾ ਦਿੱਤਾ ਹੈ।
ਖਾਸ ਕਰਕੇ ਪੰਜਾਬ ਲਈ ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਨੂੰ ਇੱਕ ਵੀ ਸੀਟ ਹਾਸਿਲ ਨਹੀਂ ਹੋਈ, ਕਿਸਾਨ ਲਗਾਤਾਰ ਭਾਜਪਾ ਦਾ ਵਿਰੋਧ ਕਰਦੇ ਰਹੇ ਹਨ ਪਰ ਭਾਜਪਾ ਹਾਈ ਕਮਾਂਡ ਵੱਲੋਂ ਦਰਿਆਦਿਲੀ ਦਿਖਾਉਂਦੇ ਹੋਏ ਰਵਨੀਤ ਬਿੱਟੂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਗਿਆ। ਜਿਸ ਨਾਲ ਪੂਰੇ ਦੇਸ਼ ਦੇ ਵਿੱਚ ਇਹ ਸੁਨੇਹਾ ਦਿੱਤਾ ਗਿਆ ਕਿ ਭਾਜਪਾ ਸਿੱਖ ਵਿਰੋਧੀ ਜਾਂ ਪੰਜਾਬ ਵਿਰੋਧੀ ਨਹੀਂ ਹੈ। ਉਹ ਪੰਜਾਬ ਦੇ ਨਾਲ ਹਨ ਅਤੇ ਪੰਜਾਬ ਦੇ ਬਾਰੇ ਸੋਚਦੇ ਹਨ ਜਿਸ ਕਰਕੇ ਉਨਾਂ ਨੇ ਇਹ ਫੈਸਲਾ ਰਵਨੀਤ ਬਿੱਟੂ ਦੇ ਵਜੋਂ ਲਿਆ ਹੈ।
ਵਿਰੋਧੀਆਂ ਦੇ ਸਵਾਲ: ਇੱਕ ਪਾਸੇ ਜਿੱਥੇ ਰਵਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਦੀ ਸੋਹੁੰ ਖਵਾਏ ਜਾਣ ਤੋਂ ਬਾਅਦ ਉਹਨਾਂ ਦੇ ਸਮਰਥਕ ਬਾਗੋਬਾਗ ਨੇ ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਲਗਾਤਾਰ ਰਵਨੀਤ ਬਿੱਟੂ ਨੂੰ ਉਹਨਾਂ ਦੀ ਜਿੰਮੇਵਾਰੀਆਂ ਦਾ ਅਹਿਸਾਸ ਦਿਵਾ ਰਹੀਆਂ ਨੇ। ਰਵਨੀਤ ਬਿੱਟੂ ਵੱਲੋਂ ਲੋਕ ਸਭਾ ਚੋਣਾਂ ਵਿੱਚ ਹਾਰਨ ਤੋਂ ਬਾਅਦ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਪਿੰਡਾਂ ਦੇ ਵਿੱਚ ਕੁਝ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਕਿਸਾਨਾਂ ਨੇ ਉਨਾਂ ਦਾ ਵਿਰੋਧ ਕੀਤਾ ਅਤੇ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ। ਜਿਸ ਕਰਕੇ ਉਹ ਉੱਥੇ ਪ੍ਰਚਾਰ ਹੀ ਨਹੀਂ ਕਰ ਸਕੇ ਅਤੇ ਇਸੇ ਕਰਕੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਵਿਰੋਧੀਆਂ ਦੇ ਵਾਰ: ਇਸ ਨੂੰ ਲੈ ਕੇ ਭਾਰਤੀ ਕਿਸਾਨੀ ਯੂਨੀਅਨ ਲੱਖੋਵਾਲ ਦੇ ਜਨਰਲ ਸੈਕਟਰੀ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਜੇਕਰ ਭਾਜਪਾ ਦੀ ਸਰਕਾਰ ਵਿੱਚ ਰਵਨੀਤ ਬਿੱਟੂ ਮੰਤਰੀ ਬਣੇ ਹਨ ਤਾਂ ਉਹਨਾਂ ਨੂੰ ਕਿਸਾਨਾਂ ਦੇ ਮੁੱਦੇ ਪਹਿਲ ਦੇ ਅਧਾਰ ਉੱਤੇ ਹੱਲ ਕਰਵਾਉਣੇ ਚਾਹੀਦੇ ਹਨ।
ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਰਵਨੀਤ ਬਿੱਟੂ ਦੇ ਖਿਲਾਫ ਲੋਕ ਸਭਾ ਚੋਣ ਲੜਨ ਵਾਲੇ ਅਸ਼ੋਕ ਪੱਪੀ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਪੀ ਜੀ ਆਈ ਵਰਗਾ ਹਸਪਤਾਲ ਅਤੇ ਬੁਲੇਟ ਟਰੇਨ ਚਲਾਉਣ ਦੇ ਦਾਵੇ ਅਤੇ ਵਾਅਦੇ ਕੀਤੇ ਸਨ ਅਤੇ ਹੁਣ ਉਹ ਉਹਨਾਂ ਨੂੰ ਪੂਰਾ ਕਰੇ ਕਿਉਂਕਿ ਉਹ ਮੰਤਰੀ ਮੰਡਲ ਦੇ ਵਿੱਚ ਜਾ ਰਹੇ ਨੇ। ਹਾਲਾਂਕਿ ਦੂਜੇ ਪਾਸੇ ਆਜ਼ਾਦ ਉਮੀਦਵਾਰ ਸਿਆਸੀ ਤੰਜ ਕਸਦੇ ਵੀ ਨਜ਼ਰ ਆਏ।