ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸੋਮਵਾਰ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਨਾਲ ਯੂਪੀ ਦੀ ਕਿਸਮਤ ਚਮਕਣ ਵਾਲੀ ਹੈ। ਅਯੁੱਧਿਆ ਹੁਣ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ ‘ਚ ਖਿੱਚ ਦਾ ਕੇਂਦਰ ਬਣ ਗਿਆ ਹੈ। ਗਲੋਬਲ ਬ੍ਰੋਕਰੇਜ ਫਰਮ ਜੈਫਰੀਜ਼ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਹੁਣ ਹਰ ਸਾਲ ਲਗਪਗ 5 ਕਰੋੜ ਸੈਲਾਨੀ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਆਉਣਗੇ।
ਜੈਫਰੀਜ਼ ਨੇ ਕਿਹਾ ਹੈ ਕਿ ਰਾਮ ਮੰਦਰ ਦਾ ਨਿਰਮਾਣ ਪੂਰਾ ਹੋਣ ਨਾਲ ਭਾਰਤ, ਖਾਸ ਕਰਕੇ ਯੂਪੀ ‘ਤੇ ਵੱਡਾ ਆਰਥਿਕ ਪ੍ਰਭਾਵ ਪਵੇਗਾ। ਅਯੁੱਧਿਆ ਹੁਣ ਦੇਸ਼ ਦਾ ਨਵਾਂ ਸੈਰ ਸਪਾਟਾ ਸਥਾਨ ਬਣ ਗਿਆ ਹੈ। ਇੱਥੇ ਦੇਸੀ ਤੇ ਵਿਦੇਸ਼ੀ ਸੈਲਾਨੀਆਂ ਦੀ ਆਮਦ ਹੋਵੇਗੀ। ਯੂਪੀ ਸਰਕਾਰ ਨੂੰ ਵੀ ਇਸ ਦਾ ਸਿੱਧਾ ਲਾਭ ਮਿਲੇਗਾ ਤੇ ਮਾਲੀਆ ਵਧੇਗਾ। ਯੂਪੀ ਸਰਕਾਰ ਦੇ ਖ਼ਜ਼ਾਨੇ ਵਿੱਚ ਕਰੀਬ 25 ਹਜ਼ਾਰ ਕਰੋੜ ਰੁਪਏ ਦਾ ਟੈਕਸ ਆਵੇਗਾ।
ਅਯੁੱਧਿਆ ‘ਚ ਵਿਕਾਸ ਕਾਰਜਾਂ ‘ਤੇ ਹੁਣ ਤੱਕ ਕਰੀਬ 83 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਪੈਸੇ ਨਾਲ ਨਵਾਂ ਹਵਾਈ ਅੱਡਾ, ਰੇਲਵੇ ਸਟੇਸ਼ਨ, ਟਾਊਨਸ਼ਿਪ ਬਣਾਇਆ ਗਿਆ ਹੈ ਤੇ ਸੜਕੀ ਸੰਪਰਕ ਵਿੱਚ ਸੁਧਾਰ ਕੀਤਾ ਗਿਆ ਹੈ। ਹੁਣ ਇੱਥੇ ਨਵੇਂ ਹੋਟਲ ਬਣਨਗੇ ਤੇ ਹੋਰ ਆਰਥਿਕ ਗਤੀਵਿਧੀਆਂ ਵੀ ਵਧਣਗੀਆਂ। ਇਹ ਭਾਰਤ ਦੇ ਟੂਰਿਜ਼ਮ ਸੈਕਟਰ ਲਈ ਬੂਸਟਰ ਦਾ ਕੰਮ ਕਰੇਗਾ।
ਜੈਫਰੀਜ਼ ਨੇ ਕਿਹਾ ਹੈ ਕਿ ਰਾਮ ਮੰਦਰ ਦੇ ਨਿਰਮਾਣ ‘ਚ ਹੁਣ ਤੱਕ ਕਰੀਬ 22.5 ਕਰੋੜ ਡਾਲਰ (1,867.5 ਕਰੋੜ ਰੁਪਏ) ਖਰਚ ਹੋ ਚੁੱਕੇ ਹਨ। ਅਯੁੱਧਿਆ ਹੁਣ ਵਿਸ਼ਵ ਧਾਰਮਿਕ ਸਥਾਨ ਤੇ ਅਧਿਆਤਮਿਕ ਸੈਰ-ਸਪਾਟਾ ਸਥਾਨ ਬਣ ਗਿਆ ਹੈ। ਕਈ ਸੈਕਟਰਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਹੋਟਲ, ਏਅਰਲਾਈਨਜ਼, ਪ੍ਰਾਹੁਣਚਾਰੀ, ਐਫਐਮਸੀਜੀ, ਯਾਤਰਾ ਤੇ ਸੀਮਿੰਟ ਉਦਯੋਗਾਂ ਨੂੰ ਰਾਮ ਮੰਦਰ ਤੋਂ ਭਾਰੀ ਆਰਥਿਕ ਲਾਭ ਮਿਲਦਾ ਨਜ਼ਰ ਆ ਰਿਹਾ ਹੈ।
ਸਾਲਾਨਾ 10 ਲੱਖ ਯਾਤਰੀਆਂ ਦੀ ਸਮਰੱਥਾ ਵਾਲੇ ਅਯੁੱਧਿਆ ਵਿੱਚ ਹਵਾਈ ਅੱਡੇ ਨੂੰ ਬਣਾਉਣ ਵਿੱਚ ਹੁਣ ਤੱਕ ਲਗਪਗ 1,452.5 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। 2025 ਤੱਕ ਇੱਥੇ ਇੱਕ ਅੰਤਰਰਾਸ਼ਟਰੀ ਟਰਮੀਨਲ ਬਣਾਉਣ ਦੀਆਂ ਤਿਆਰੀਆਂ ਹਨ, ਜਿਸ ਦੀ ਸਾਲਾਨਾ 60 ਲੱਖ ਯਾਤਰੀਆਂ ਦੀ ਸਮਰੱਥਾ ਹੋਵੇਗੀ। ਇੱਥੋਂ ਦੇ ਰੇਲਵੇ ਸਟੇਸ਼ਨ ਦੀ ਸਮਰੱਥਾ ਵੀ ਦੁੱਗਣੀ ਕਰ ਦਿੱਤੀ ਗਈ ਹੈ। ਅਯੁੱਧਿਆ ਰੇਲਵੇ ਸਟੇਸ਼ਨ ‘ਤੇ ਰੋਜ਼ਾਨਾ 60 ਹਜ਼ਾਰ ਯਾਤਰੀਆਂ ਦੀ ਸਮਰੱਥਾ ਰੱਖੀ ਗਈ ਹੈ। ਇਸ ਤੋਂ ਇਲਾਵਾ 1,200 ਏਕੜ ਵਿੱਚ ਗ੍ਰੀਨਫੀਲਡ ਤੇ ਸੜਕ ਸੰਪਰਕ ਨੂੰ ਬਿਹਤਰ ਬਣਾਉਣ ਲਈ ਵੀ ਕੰਮ ਚੱਲ ਰਿਹਾ ਹੈ।
ਭਾਰਤ ਦਾ ਸੈਰ-ਸਪਾਟਾ ਉਦਯੋਗ ਸਾਲਾਨਾ 8 ਫੀਸਦੀ ਦੇ ਵਾਧੇ ਨਾਲ ਵਧ ਰਿਹਾ ਹੈ। ਵਿੱਤੀ ਸਾਲ 2019 ਵਿੱਚ ਜਿੱਥੇ ਸੈਰ ਸਪਾਟਾ ਖੇਤਰ ਨੇ 194 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ ਸੀ। ਇਸ ਦੇ ਨਾਲ ਹੀ ਸਾਲ 2030 ਤੱਕ ਇਹ ਵਧ ਕੇ 443 ਅਰਬ ਡਾਲਰ (ਕਰੀਬ 36.76 ਲੱਖ ਕਰੋੜ ਰੁਪਏ) ਹੋ ਸਕਦਾ ਹੈ। ਭਾਰਤ ਦੇ ਜੀਡੀਪੀ ਵਿੱਚ ਸੈਰ-ਸਪਾਟਾ ਖੇਤਰ ਦੀ ਹਿੱਸੇਦਾਰੀ 6.8 ਫੀਸਦੀ ਹੈ, ਜੋ ਵਿਸ਼ਵ ਔਸਤ ਨਾਲੋਂ ਲਗਭਗ ਦੁੱਗਣਾ ਹੈ। ਫੋਰਬਸ ਨੇ ਸਾਲ 2022 ਵਿੱਚ ਭਾਰਤ ਨੂੰ 7ਵਾਂ ਸਭ ਤੋਂ ਖੂਬਸੂਰਤ ਦੇਸ਼ ਦੱਸਿਆ ਸੀ। ਇਸ ਤੋਂ ਇਲਾਵਾ ਭਾਰਤ ਵਿਚ ਯੂਨੈਸਕੋ ਦੀਆਂ 42 ਵਿਸ਼ਵ ਵਿਰਾਸਤੀ ਥਾਵਾਂ ਹਨ, ਜੋ ਵਿਸ਼ਵ ਵਿਚ 6ਵੇਂ ਸਥਾਨ ‘ਤੇ ਹਨ।