ਇਸਲਾਮਾਬਾਦ: ਪਾਕਿਸਤਾਨ ਨੇ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਨਿੰਦਾ ਕੀਤੀ ਹੈ। ਪਾਕਿਸਤਾਨ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਯੁੱਧਿਆ ਦੇ ਰਾਮ ਮੰਦਿਰ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਭਾਰਤ ਵਿਚ ਵਧ ਰਹੇ ਬਹੁਮਤਵਾਦ ਦਾ ਸੰਕੇਤ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸੋਮਵਾਰ ਨੂੰ ਇਕ ਸਮਾਰੋਹ ਦੌਰਾਨ ਅਯੁੱਧਿਆ ਵਿਚ ਰਾਮ ਮੰਦਰ ‘ਚ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਆਈ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਾਬਰੀ ਮਸਜਿਦ ਨੂੰ 6 ਦਸੰਬਰ 1992 ਨੂੰ ਕੱਟੜਪੰਥੀਆਂ ਦੀ ਭੀੜ ਨੇ ਢਾਹ ਦਿੱਤਾ ਸੀ। ਇਹ ਮੰਦਭਾਗਾ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਨਾ ਸਿਰਫ਼ ਇਸ ਘਿਨਾਉਣੇ ਕਾਰੇ ਲਈ ਜ਼ਿੰਮੇਵਾਰ ਅਪਰਾਧੀਆਂ ਨੂੰ ਬਰੀ ਕਰ ਦਿੱਤਾ, ਸਗੋਂ ਢਾਹੀ ਗਈ ਮਸਜਿਦ ਦੀ ਜਗ੍ਹਾ ‘ਤੇ ਮੰਦਰ ਬਣਾਉਣ ਦੀ ਇਜਾਜ਼ਤ ਵੀ ਦੇ ਦਿੱਤੀ।
ਉਨ੍ਹਾਂ ਅੱਗੇ ਕਿਹਾ, ‘ਪਿਛਲੇ 31 ਸਾਲਾਂ ਦੌਰਾਨ ਦੇ ਘਟਨਾਕ੍ਰਮ ਮਗਰੋਂ ਅੱਜ ਦਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਭਾਰਤ ਵਿੱਚ ਵੱਧ ਰਹੇ ਬਹੁਮਤਵਾਦ ਦਾ ਸੰਕੇਤ ਹੈ। ਇਹ ਭਾਰਤੀ ਮੁਸਲਮਾਨਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤੌਰ ‘ਤੇ ਹਾਸ਼ੀਏ ‘ਤੇ ਰੱਖਣ ਲਈ ਕੀਤੀ ਜਾ ਰਹੀ ਕੋਸ਼ਿਸ਼ ਦੇ ਹਿੱਸੇ ਵਜੋਂ ਚੁੱਕਿਆ ਗਿਆ ਕਦਮ ਹੈ। ਭਾਵੇਂ ਵਾਰਾਣਸੀ ਦੀ ਗਿਆਨਵਾਪੀ ਮਸਜਿਦ ਅਤੇ ਮਥੁਰਾ ਦੀ ਸ਼ਾਹੀ ਈਦਗਾਹ ਮਸਜਿਦ ਸਮੇਤ ਦੇਸ਼ ਵਿਚ ਕਈ ਮਸਜਿਦਾਂ ਦੀ ਗਿਣਤੀ ਵਧ ਰਹੀ ਹੈ, ਪਰ ਉਨ੍ਹਾਂ ‘ਤੇ ਵੀ ਢਾਹੇ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ। ਭਾਰਤ ਵਿੱਚ ‘ਹਿੰਦੂਤਵ’ ਦੀ ਵਧ ਰਹੀ ਵਿਚਾਰਧਾਰਾ ਧਾਰਮਿਕ ਸਦਭਾਵਨਾ ਅਤੇ ਖੇਤਰੀ ਸ਼ਾਂਤੀ ਲਈ ਗੰਭੀਰ ਖ਼ਤਰਾ ਹੈ।’ ਪਾਕਿਸਤਾਨ ਨੇ ਭਾਰਤ ਸਰਕਾਰ ਨੂੰ ਮੁਸਲਮਾਨਾਂ ਸਮੇਤ ਧਾਰਮਿਕ ਤੌਰ ‘ਤੇ ਘੱਟ ਗਿਣਤੀ ਭਾਈਚਾਰਿਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਕਿਹਾ ਹੈ।