ਰੱਖਿਆ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੇ ਦੇਸ਼ ਦੇ ਨੇਤਾਵਾਂ ਅਤੇ ਸਿਆਸਤ ਵਿਚ ਆਮ ਲੋਕਾਂ ਦੇ ਘਟਦੇ ਭਰੋਸੇ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਇਸ ਪਾਰਟੀ ਕਾਰਨ ਹੀ ਭਾਰਤੀ ਸਿਅਾਸਤ ਵਿਚ ਭਰੋਸੇ ਦਾ ਸੰਕਟ ਡੂੰਘਾ ਹੋਇਆ ਹੈ।
ਰਾਜਸਥਾਨ ਦੇ ਰਾਜਸਮੰਦ ’ਚ ਭਾਜਪਾ ਉਮੀਦਵਾਰ ਅਤੇ ਵਿਧਾਇਕ ਦੀਪਤੀ ਮਹੇਸ਼ਵਰੀ ਦੇ ਹੱਕ ’ਚ ਆਯੋਜਿਤ ਜਨ ਸਭਾ ਨੂੰ ਸ਼ੁੱਕਰਵਾਰ ਸੰਬੋਧਨ ਕਰਦੇ ਹੋਏ ਉਨ੍ਹਾਂ ਔਰਤਾਂ ਦੀ ਸੁਰੱਖਿਆ ਸਮੇਤ ਕਈ ਮੁੱਦਿਆਂ ’ਤੇ ਸੂਬੇ ਦੀ ਅਸ਼ੋਕ ਗਹਿਲੋਤ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਨੇਤਾਵਾਂ ਦੀ ਕਥਨੀ ਅਤੇ ਕਰਨੀ ’ਚ ਫਰਕ ਕਾਰਨ ਭਾਰਤੀ ਸਿਅਾਸਤ ਅਤੇ ਨੇਤਾਵਾਂ ਤੋਂ ਲੋਕਾਂ ਦਾ ਭਰੋਸਾ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਹੈ।
ਰਾਜਨਾਥ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਭਾਰਤੀ ਸਿਅਾਸਤ ਵਿਚ ਭਰੋਸੇ ਦੇ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੇ ਇਸ ਸੰਕਟ ਨੂੰ ਚੁਣੌਤੀ ਵਜੋਂ ਸਵੀਕਾਰ ਕੀਤਾ ਹੈ। ਰਾਮ ਮੰਦਰ ਦੇ ਨਿਰਮਾਣ ਸਮੇਤ ਵੱਖ-ਵੱਖ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਨੇ ਜੋ ਕਿਹਾ, ਉਹੀ ਕੀਤਾ।
ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀ ਸਭ ਤੋਂ ਭਰੋਸੇਯੋਗ ਸਿਆਸੀ ਪਾਰਟੀ ਹੈ। ਰਾਜਸਥਾਨ ਦੀ ਕਾਂਗਰਸ ਸਰਕਾਰ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ ਹੈ। ਸਿਆਸਤ ਸਿਰਫ ਸਰਕਾਰ ਬਣਾਉਣ ਲਈ ਨਹੀਂ ਹੋਣੀ ਚਾਹੀਦੀ, ਸਗੋਂ ਸਮਾਜ ਤੇ ਦੇਸ਼ ਦੇ ਨਿਰਮਾਣ ਲਈ ਹੋਣੀ ਚਾਹੀਦੀ ਹੈ। ਕ੍ਰਿਕਟ ਵਿਸ਼ਵ ਕੱਪ ਵਿਚ ਪਾਕਿਸਤਾਨੀ ਟੀਮ ਦੇ ਪ੍ਰਦਰਸ਼ਨ ਨਾਲ ਕਾਂਗਰਸ ਦੀ ਤੁਲਨਾ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਚੋਣ ਵੀ ਵਿਸ਼ਵ ਕੱਪ ਤੋਂ ਘੱਟ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਾਲਤ ਰਾਜਸਥਾਨ ਵਿਚ ਪਾਕਿਸਤਾਨੀ ਟੀਮ ਵਰਗੀ ਹੋ ਗਈ ਹੈ। ਚੋਣਾਂ ਦਾ ਦੌਰ ਸ਼ੁਰੂ ਹੁੰਦੇ ਹੀ ਕਾਂਗਰਸ ‘ਟੂਰਨਾਮੈਂਟ’ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ। ਭਾਜਪਾ ਭਾਰਤੀ ਟੀਮ ਵਾਂਗ ਹੈ, ਜੋ ਚੈਂਪੀਅਨ ਵਾਂਗ ਅੱਗੇ ਵਧ ਰਹੀ ਹੈ।