ਰੇਲ ਮੰਡਲ ਫਿਰੋਜ਼ਪੁਰ ਦੇ ਅਧੀਨ ਜੰਮੂ-ਕਸ਼ਮੀਰ ਰਾਜ ਵਿਚ ਪਹਿਲਾ ਰੇਲ ਕੋਚ ਰੈਸਟੋਰੈਂਟ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ। ਮੰਡਲ ਰੇਲ ਪ੍ਰਬੰਧਕ ਸੰਜੈ ਸਾਹੂ ਨੇ ਦੱਸਿਆ ਕਿ ਫੂਡ ਆਨ ਵਹੀਲਜ਼ ਸਕੀਮ ਦੇ ਅਧੀਨ ਸ੍ਰੀ ਵੈਸ਼ਨੋ ਦੇਵੀ ਮਾਤਾ ਕਟੜਾ ਸਟੇਸ਼ਨ ’ਤੇ ਰੈਸਟੋਰੈਂਟ ਆਨ ਵਹੀਲਜ਼ ਸੇਵਾ ਆਰੰਭ ਕਰ ਦਿੱਤੀ ਗਈ ਹੈ।
ਇਕ ਪੁਰਾਣੇ ਕੋਚ ਨੂੰ ਆਧੁਨਿਕ ਰੈਸਟੋਰੈਂਟ ਦਾ ਰੂਪ ਦੇ ਕੇ ਇਸ ਨੂੰ ਆਕਰਸ਼ਕ ਲੁਕ ਦਿੱਤੀ ਗਈ ਹੈ ਜੋ ਇੱਥੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਮੁਸਾਫ਼ਰਾਂ ਦਾ ਧਿਆਨ ਆਪਣੇ ਵੱਲ ਖਿੱਚੇਗਾ। ਇਹ ਰੈਸਟੋਰੈਂਟ ਸਜਾਵਟ ਦੇ ਨਾਲ ਭਰਪੂਰ ਹੈ ਅਤੇ ਸਟੇਸ਼ਨ ’ਤੇ ਹੀ ਮੁਸਾਫ਼ਰਾਂ ਨੂੰ ਵਧੀਆ ਭੋਜਨ ਦੀ ਸੇਵਾ ਮੁਹੱਈਆ ਕਰੇਗਾ। ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਰੈਸਟੋਰੈਂਟ 24 ਘੰਟੇ ਖੁੱਲ੍ਹਾ ਰਹੇਗਾ। ਪਹਿਲੇ ਗੇੜ ਵਿਚ ਇਸ ਨੂੰ ਪੰਜ ਸਾਲ ਤੱਕ ਲਈ ਸ਼ੁਰੂ ਕੀਤਾ ਗਿਆ ਹੈ। ਇਸ ਰੈਸਟੋਰੈਂਟ ਨੂੰ ਕਈ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਕੀਤਾ ਗਿਆ ਹੈ, ਜਿਸ ਵਿਚ ਆਮ ਲੋਕਾਂ ਅਤੇ ਰੇਲਵੇ ਯਾਤਰੀਆਂ ਨੂੰ ਮੁਫ਼ਤ ਵਾਈ-ਫਾਈ ਵਰਗੀਆਂ ਸ਼ਾਨਦਾਰ ਸਹੂਲਤਾਂ ਵੀ ਹੋਣਗੀਆਂ।