ਜ਼ਿਲ੍ਹਾ ਖ਼ੁਰਾਕ ਸੁਰੱਖਿਆ ਅਧਿਕਾਰੀ ਮਹਿਮਾਨੰਦ ਜੋਸ਼ੀ ਨੇ ਦੱਸਿਆ ਕਿ ਫੈਕਟਰੀ ਮੈਨੇਜਮੈਂਟ ਨੂੰ ਨੋਟਿਸ ਦਿੱਤਾ ਗਿਆ ਹੈ।
ਹਰਿਦੁਆਰ ’ਚ ਸਥਿਤ ਭੋਲੇ ਬਾਬਾ ਆਰਗੈਨਿਕ ਡੇਅਰੀ ਮਿਲਕ ਪ੍ਰਾਈਵੇਟ ਲਿਮਟਿਡ ਤੋਂ ਤਿਰੂਮਾਲਾ ਤਿਰੂਪਤੀ ਦੇਵਸਥਾਨਮ (TTD) ਨੂੰ ਲੱਡੂ ਪ੍ਰਸਾਦਮ ਬਣਾਉਣ ਲਈ ਘਿਓ ਸਪਲਾਈ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਐਤਵਾਰ ਨੂੰ ਉਤਰਾਖੰਡ ਦਾ ਖ਼ੁਰਾਕ ਸੁਰੱਖਿਆ ਵਿਭਾਗ ਹਰਕਤ ’ਚ ਆਇਆ। ਵਿਭਾਗ ਦੀ ਟੀਮ ਨੇ ਐਤਵਾਰ ਨੂੰ ਫੈਕਟਰੀ ’ਚ ਛਾਪਾ ਮਾਰਿਆ। ਇਸ ਦੌਰਾਨ ਪਤਾ ਲੱਗਾ ਕਿ ਫੈਕਟਰੀ ’ਚ ਇਕ ਮਹੀਨੇ ਤੋਂ ਉਤਪਾਦਨ ਨਹੀਂ ਹੋ ਰਿਹਾ ਹੈ। ਇਸ ਦੌਰਾਨ ਉਥੇ ਕਰੀਬ ਢਾਈ ਹਜ਼ਾਰ ਖਾਲੀ ਟਿਨ ਵੀ ਮਿਲੇ। ਘਿਓ, ਦੁੱਧ ਦੇ ਕੁਝ ਰੈਪਰ ਤੇ ਗੱਤੇ ਦੇ ਡੱਬੇ ਮਿਲਣ ’ਤੇ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ।
ਮੌਕੇ ’ਤੇ ਫੈਕਟਰੀ ਮੈਨੇਜਮੈਂਟ ਦਾ ਕੋਈ ਜ਼ਿੰਮੇਵਾਰ ਅਧਿਕਾਰੀ, ਲਾਇਸੈਂਸ ਧਾਰਕ ਤੇ ਲੈਬ ਟੈਕਨੀਸ਼ੀਅਨ ਨਹੀਂ ਮਿਲਿਆ। ਖ਼ੁਰਾਕ ਸੁਰੱਖਿਆ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਸਿਰਫ ਚੌਕੀਦਾਰ ਸਮੇਤ ਪੰਜ ਲੋਕ ਮਿਲੇ। ਪੁੱਛਗਿੱਛ ’ਚ ਪਤਾ ਲੱਗਾ ਕਿ ਇਕ ਮਹੀਨੇ ਤੋਂ ਉਤਪਾਦਨ ਬੰਦ ਹੈ। ਟੀਮ ਨੇ ਜ਼ਿੰਮੇਵਾਰ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕੀਤੀ ਪਰ ਉਨ੍ਹਾਂ ਦੇ ਫੋਨ ਬੰਦ ਮਿਲੇ। ਮੈਨੇਜਰ ਨਾਲ ਸੰਪਰਕ ਹੋਇਆ ਤਾਂ ਉਸਨੇ ਆਉਣ ਤੋਂ ਅਸਮਰੱਥਤਾ ਪ੍ਰਗਟਾਈ। ਹਾਲਾਂਕਿ ਉਸਨੇ ਇਹ ਦੱਸਿਆ ਕਿ ਉਨ੍ਹਾਂ ਦਾ ਘਿਓ ਰਾਜਸਥਾਨ, ਗੁਜਰਾਤ ਤੇ ਦਿੱਲੀ ਭੇਜਿਆ ਜਾਂਦਾ ਹੈ।