ਪੰਜਾਬ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਪੱਤਰ ਸੁਰੱਖਿਆ ਏਜੰਸੀਆਂ ਨੂੰ ਮਿਲਿਆ ਹੈ।
ਪਿਛਲੇ ਦਿਨੀ ਅੰਬਾਲਾ ਵਿਖੇ ਮਿਲੇ ਧਮਕੀ ਭਰੇ ਪੱਤਰ ਮਿਲਣ ਤੋਂ ਬਾਅਦ ਬਠਿੰਡਾ ਦੇ ਰੇਲਵੇ ਸਟੇਸ਼ਨ ਉੱਤੇ ਹਾਈ ਅਲਰਟ ਕਰ ਦਿੱਤਾ ਗਿਆ ਹੈ। ਜੀਆਰਪੀ, ਆਰਪੀਐਫ ਅਤੇ ਲੋਕਲ ਪੁਲਿਸ ਵੱਲੋਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਚੱਪੇ ਚੱਪੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਆਰਪੀਐਫ ਦੇ ਇੰਸਪੈਕਟਰ ਰਜੇਸ਼ ਕੁਮਾਰ ਨੇ ਦੱਸਿਆ ਕਿ ਬਠਿੰਡਾ ਰੇਲਵੇ ਸਟੇਸ਼ਨ ਉੱਤੇ ਹਾਈ ਅਲਰਟ ਰੱਖਿਆ ਗਿਆ ਹੈ ਅਤੇ 147 ਦੇ ਕਰੀਬ ਸੀਸੀਟੀਵੀ ਕੈਮਰਿਆਂ ਰਾਹੀਂ ਰੇਲਵੇ ਸਟੇਸ਼ਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਅਲਰਟ ਉੱਤੇ ਸੁਰੱਖਿਆ ਮੁਲਾਜ਼ਮ
ਇਸ ਤੋਂ ਇਲਾਵਾ ਜੀਆਰਪੀ, ਆਰਪੀਐਫ ਅਤੇ ਜ਼ਿਲ੍ਹਾ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਸਰਚ ਅਭਿਆਨ ਚਲਾਏ ਜਾ ਰਹੇ ਹਨ। ਰੇਲਵੇ ਸਟੇਸ਼ਨ ਉੱਤੇ ਆਉਣ ਜਾਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਸਮਾਨ ਉਹਨਾਂ ਨੂੰ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਲਰਟ ਦੇ ਚੱਲਦਿਆਂ ਉਹਨਾਂ ਵੱਲੋਂ ਸ਼ਿਫਟਾਂ ਵਿੱਚ ਪੁਲਿਸ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਹਰ ਆਉਣ ਜਾਣ ਵਾਲੀ ਰੇਲ ਗੱਡੀ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ।
ਅੱਤਵਾਦੀਆਂ ਦੀ ਮੌਤ ਦਾ ਬਦਲਾ
ਦੱਸ ਦਈਏ ਜੰਮੂ-ਕਸ਼ਮੀਰ ਫੌਜੀ ਕਾਰਵਾਈ ਦੌਰਾਨ ਮਾਰੇ ਗਏ ਅੱਤਵਾਦੀਆਂ ਦੀ ਮੌਤ ਦਾ ਬਦਲਾ ਲੈਣ ਲਈ ਅੱਤਵਾਦੀ ਗਿਰੋਹ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਸੀ। ਪੱਤਰ ਵਿੱਚ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਬੰਬ ਹਮਲੇ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਬਾਅਦ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਅਲਰਟ ‘ਤੇ ਆ ਗਈਆਂ ਹਨ। ਹਰ ਚੀਜ਼ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਪੰਜਾਬ ਪੁਲਿਸ ਤੋਂ ਇਲਾਵਾ ਰੇਲਵੇ ਪੁਲਿਸ ਵੀ ਆਪਣੇ ਪੱਧਰ ’ਤੇ ਲੱਗੀ ਹੋਈ ਹੈ। ਰੇਲਵੇ ਸਟੇਸ਼ਨਾਂ ‘ਤੇ ਖਰਾਬ ਹੋਏ ਸਕੈਨਰਾਂ ਤੋਂ ਇਲਾਵਾ ਬਾਕੀ ਸਾਰੀਆਂ ਚੀਜ਼ਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਪੁਲਿਸ ਅਤੇ ਰੇਲਵੇ ਪੁਲਿਸ ਵੱਲੋਂ ਸਾਰੇ ਸਟੇਸ਼ਨਾਂ ‘ਤੇ ਸਵੇਰੇ-ਸ਼ਾਮ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਡਾਗ ਸਕੁਐਡ ਟੀਮ ਵੀ ਮੌਜੂਦ ਸੀ। ਇਸ ਦੇ ਨਾਲ ਹੀ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਸਟੇਸ਼ਨ ਤੋਂ ਕੋਈ ਸ਼ੱਕੀ ਵਿਅਕਤੀ ਨਹੀਂ ਮਿਲਿਆ ਹੈ।