ਮੌਸਮ ਵਿਭਾਗ ਨੇ ਸੂਬੇ ਵਿੱਚ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਰਕੇ ਅਗਲੇ ਤਿੰਨ ਦਿਨਾਂ ਲਈ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਨੇ ਅੱਜ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕਰਦਿਆਂ ਰੈੱਡ ਅਲਰਟ ਵੀ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 28, 29 ਤੇ 30 ਦਸੰਬਰ ਨੂੰ ਸੰਘਣੀ ਧੁੰਦ ਪੈਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 3-4 ਦਿਨ ਘੱਟ ਤੋਂ ਘੱਟ ਤਾਪਮਾਨ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਹੋਵੇਗਾ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 8.2, ਲੁਧਿਆਣਾ ਵਿੱਚ 7.2, ਪਟਿਆਲਾ ਵਿੱਚ 8.6, ਪਠਾਨਕੋਟ ਵਿੱਚ 6.5, ਗੁਰਦਾਸਪੁਰ ਵਿੱਚ 7, ਫਰੀਦਕੋਟ ਵਿੱਚ 7.5, ਨਵਾਂ ਸ਼ਹਿਰ ਵਿੱਚ 7, ਬਰਨਾਲਾ ਵਿੱਚ 8.7, ਫ਼ਤਹਿਗੜ੍ਹ ਸਾਹਿਬ ਵਿੱਚ 8, ਫਿਰੋਜ਼ਪੁਰ ਵਿੱਚ 9.4 , ਮੋਗਾ ਵਿੱਚ 8.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਇਹ ਤਾਪਮਾਨ ਆਮ ਨਾਲੋਂ 1 ਤੋਂ 2 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਤੇ ਅਤਿ ਦੀ ਠੰਢ ਨੇ ਆਮ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਮੰਗਲਵਾਰ ਤੇ ਅੱਜ ਸੂਬੇ ਦੇ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਸੰਘਣੀ ਧੁੰਦ ਪਈ, ਜਿੱਥੇ ਦੂਰ ਤੱਕ ਦਿਖਣ ਹੱਦ 50 ਮੀਟਰ ਦੇ ਕਰੀਬ ਦਰਜ ਕੀਤੀ ਗਈ। ਮੰਗਲਵਾਰ ਨੂੰ ਸੰਘਣੀ ਧੁੰਦ ਦਾ ਅਸਰ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਆਦਮਪੁਰ, ਹਲਵਾਰਾ ਤੇ ਬਠਿੰਡਾ ਸਣੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ। ਪੰਜਾਬ ਵਿੱਚ ਬਠਿੰਡਾ ਸ਼ਹਿਰ ਸਭ ਤੋਂ ਠੰਢਾ ਰਿਹਾ ਹੈ। ਬਠਿੰਡਾ ਵਿੱਚ ਘੱਟ ਤੋਂ ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੰਗਲਵਾਰ ਨੂੰ ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ਤੋਂ ਦਰਜਨ ਦੇ ਕਰੀਬ ਉਡਾਣਾਂ ਦੇ ਰਾਹ ਤਬਦੀਲ ਕੀਤੇ ਗਏ ਜਦਕਿ ਵੱਡੀ ਗਿਣਤੀ ਉਡਾਣਾਂ ਦੇਰੀ ਨਾਲ ਪੁੱਜੀਆਂ। ਉੱਧਰ ਜੰਮੂ ਕਸ਼ਮੀਰ ਵਿੱਚ ਵੀ ਠੰਢ ਲਗਾਤਾਰ ਵਧ ਰਹੀ ਹੈ ਤੇ ਬਹੁਤੀਆਂ ਥਾਵਾਂ ’ਤੇ ਤਾਪਮਾਨ ਮਨਫੀ ਤੋਂ ਹੇਠਾਂ ਦਰਜ ਕੀਤਾ ਗਿਆ।