ਉੱਤਰ ਭਾਰਤ ਵਿੱਚ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ। ਜਿਸ ਕਾਰਨ ਪਹਾੜਾਂ ’ਤੇ ਬਰਫ਼ਬਾਰੀ, ਵਾਦੀਆਂ ਵਿੱਚ ਸੀਤ ਲਹਿਰ ਤੇ ਮੈਦਾਨੀ ਇਲਾਕਿਆਂ ਵਿੱਚ ਧੁੰਦ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਇਸ ਤੋਂ ਹਾਲੇ ਤਿੰਨ-ਚਾਰ ਦਿਨਾਂ ਤੱਕ ਰਾਹਤ ਨਹੀਂ ਮਿਲਣ ਵਾਲੀ ਹੈ । ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਕਾਰਨ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਕਈ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਜਿਸ ਦੇ ਚੱਲਦਿਆਂ 27 ਦਸੰਬਰ ਤੱਕ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਸਮੇਤ ਆਸ-ਪਾਸ ਦੇ ਸੂਬਿਆਂ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਮਗਰੋਂ ਮੌਸਮ ਵਿੱਚ ਸੁਧਾਰ ਹੋਵੇਗਾ ਪਰ ਪਾਰਾ ਹੇਠਾਂ ਡਿੱਗਣ ਕਾਰਨ ਠੰਡ ਵਿੱਚ ਵਾਧਾ ਹੋਵੇਗਾ।
ਇੱਥੇ ਹੀ ਜੇਕਰ ਮੈਦਾਨੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਇੱਥੇ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਿਸਦੇ ਮੱਦੇਨਜ਼ਰ ਮੈਦਾਨੀ ਖੇਤਰਾਂ ਵਿੱਚ ਤਾਪਮਾਨ ਹੋਰ ਹੇਠਾਂ ਚਲਾ ਜਾਵੇਗਾ । ਮੌਸਮ ਵਿਭਾਗ ਅਨੁਸਾਰ ਹਾਲੇ ਪੱਛਮੀ ਗੜਬੜੀ ਕਾਰਨ ਹਵਾ ਤੇਜ਼ ਚੱਲ ਰਹੀ ਹੈ ਪਰ ਜਲਦੀ ਹੀ ਇਸ ਦਾ ਰੁਖ ਬਦਲ ਸਕਦਾ ਹੈ। ਜਿਸ ਨਾਲ ਧੁੰਦ ਤੋਂ ਰਾਹਤ ਤਾਂ ਮਿਲ ਜਾਵੇਗੀ ਪਰ ਠੰਡੀ ਹਵਾ ਜ਼ੋਰ ਫੜ ਸਕਦੀ ਹੈ ।
ਦੱਸ ਦੇਈਏ ਕਿ ਪੱਛਮੀ ਗੜਬੜੀ ਕਾਰਨ ਪਿਛਲੇ ਤਿੰਨ-ਚਾਰ ਦਿਨਾਂ ਤੋਂ ਦੇਸ਼ ਦੇ ਉੱਤਰੀ ਤੇ ਉੱਪਰਲੇ ਹਿੱਸਿਆਂ ਵਿੱਚ ਵਰਖਾ ਤੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੇਖਿਆ ਜਾ ਰਿਹਾ ਹੈ । ਜਿਸ ਦੇ ਮੱਦੇਨਜ਼ਰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਦਾ ਉੱਤਰੀ ਹਿੱਸਾ ਤੇ ਓਡੀਸ਼ਾ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਉੱਤਰੀ ਰਾਜਸਥਾਨ ਵਿੱਚ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਅਤਿ ਸੰਘਣੀ ਧੁੰਦ ਪੈਣ ਬਾਰੇ ਚਿਤਾਵਨੀ ਜਾਰੀ ਕੀਤੀ ਗਈ ਹੈ।