ਲੁਧਿਆਣਾ: ਹੁਣ ਜਦੋਂ ਸਕੂਲਾਂ ‘ਚ ਸਲਾਨਾ ਪ੍ਰੀਖਿਆਵਾਂ ਨੇੜੇ ਆ ਰਹੀਆਂ ਹਨ ਤਾਂ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਇਦ ਯਾਦ ਆ ਗਿਆ ਹੈ ਕਿ ਬੱਚਿਆਂ ਲਈ ਗਣਿਤ ਅਤੇ ਵਿਗਿਆਨ ਪ੍ਰਮੁੱਖ ਵਿਸ਼ੇ ਹਨ ਅਤੇ ਇਨ੍ਹਾਂ ਦੀ ਤਿਆਰੀ ਵਧੀਆ ਤਰੀਕੇ ਨਾਲ ਹੋਣੀ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਸਕੂਲਾਂ ‘ਚ ਛੁੱਟੀਆਂ ਖ਼ਤਮ ਹੁੰਦੇ ਹੀ ਵਿਭਾਗ ਨੇ ਸਕੂਲ ਮੁਖੀਆਂ ਅਤੇ ਡੀ. ਓਜ਼. ਨੂੰ ਪੱਤਰ ਜਾਰੀ ਕਰਕੇ ਇਹ ਯਕੀਨੀ ਕਰਨ ਲਈ ਕਿਹਾ ਹੈ ਕਿ ਸਕੂਲਾਂ ‘ਚ ਵਿਗਿਆਨ ਅਤੇ ਗਣਿਤ ਅਧਿਆਪਕਾਂ ਨੂੰ ਕਿਸੇ ਵੀ ਫੰਡ ਦਾ ਇੰਚਾਰਜ ਨਾ ਬਣਾਇਆ ਜਾਵੇ ਕਿਉਂਕਿ ਅਜਿਹਾ ਕਰਨ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ।
ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ‘ਚ ਕਿਹਾ ਗਿਆ ਹੈ ਕਿ ਸਕੂਲਾਂ ‘ਚ ਤਾਇਨਾਤ ਵਿਗਿਆਨ ਅਤੇ ਗਣਿਤ ਵਿਸ਼ਿਆਂ ਦੇ ਅਧਿਆਪਕਾਂ ਨੂੰ ਸਕੂਲਾਂ ‘ਚ ਵੱਖ-ਵੱਖ ਤਰ੍ਹਾਂ ਦੇ ਜਿਵੇਂ ਕਿ ਅਮਲਗਾਮੇਟਿਡ ਫੰਡ, ਖੇਡ ਫੰਡ, ਸਮੱਗਰ ਸਿੱਖਿਆ ਫੰਡ ਆਦਿ ਦਾ ਇੰਚਾਰਜ ਬਣਾ ਦਿੱਤਾ ਜਾਂਦਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਅਸਰ ਪੈਂਦਾ ਹੈ ਕਿਉਂਕਿ ਵਿਗਿਆਨ ਅਤੇ ਗਣਿਤ ਅਜਿਹੇ ਵਿਸ਼ੇ ਹਨ, ਜੋ ਅਧਿਆਪਕਾਂ ਤੋਂ ਲਗਾਤਾਰ ਧਿਆਨ ਦੇਣ ਦੀ ਮੰਗ ਕਰਦੇ ਹਨ ਅਤੇ ਇਨ੍ਹਾਂ ਵਿਸ਼ਿਆਂ ‘ਚ ਕਿਰਿਆਵਾਂ ਅਤੇ ਪ੍ਰਯੋਗ ਵੀ ਸ਼ਾਮਲ ਹਨ।ਇਸ ਲਈ ਵਿਗਿਆਨ ਅਤੇ ਗਣਿਤ ਦੇ ਅਧਿਆਪਕਾਂ ਨੂੰ ਆਪਣੇ ਵਿਸ਼ੇ ਨਾਲ ਸਬੰਧਿਤ ਫੰਡ ਤੋਂ ਇਲਾਵਾ ਕਿਸੇ ਹੋਰ ਫੰਡ ਆਦਿ ਦਾ ਇੰਚਾਰਜ ਨਹੀਂ ਬਣਾਇਆ ਜਾਣਾ ਚਾਹੀਦਾ ਤਾਂ ਜੋ ਵਿਗਿਆਨ ਅਤੇ ਗਣਿਤ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਪੱਤਰ ਤੋਂ ਬਾਅਦ ਅਧਿਆਪਕਾਂ ‘ਚ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਅਧਿਕਾਰੀਆਂ ਨੂੰ ਪ੍ਰੀਖਿਆਵਾਂ ਦੇ ਨੇੜੇ ਜਾ ਕੇ ਹੀ ਇਹ ਸਭ ਕਿਉਂ ਯਾਦ ਆਉਂਦਾ ਹੈ, ਜਦੋਂ ਕਿ ਇਸ ਤੋਂ ਕਈ ਮਹੀਨੇ ਪਹਿਲਾਂ ਉਹ ਫੰਡ ਸਬੰਧੀ ਡਿਊਟੀ ਕਰ ਰਹੇ ਹਨ।