ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ‘ਥੋਥਾ ਚਨਾ ਬਾਜੇ ਘਨਾ’…। ਨਵਜੋਤ ਸਿੱਧੂ ਨੇ ਇਹ ਜਵਾਬੀ ਹਮਲਾ ਸੀਐਮ ਭਗਵੰਤ ਮਾਨ ਵੱਲੋਂ ਇੱਕ ਸੀ ਕਾਂਗਰਸ ਕਹਿਣ ‘ਤੇ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਸ਼ਰਮ ਕਰੋ, ਕਾਂਗਰਸ ਪਹਿਲਾਂ ਵੀ ਸੀ ਤੇ ਹਮੇਸ਼ਾ ਰਹੇਗੀ। ਉਨ੍ਹਾਂ ਚੁਣੌਤੀ ਦਿੱਤੀ ਕਿ ਰੋਕ ਸਕਦੇ ਹੋ ਤਾਂ ਰੋਕ ਲਵੋ। ਦਰਅਸਲ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇੰਕਲੂਸਿਵ ਅਲਾਇੰਸ (I.N.D.I.A.) ਵਿੱਚ ਸ਼ਾਮਲ ਪੰਜਾਬ ‘ਆਪ’ ਤੇ ਕਾਂਗਰਸ ਦੇ ਨੇਤਾਵਾਂ ਵਿਚਕਾਰ ਤੂੰ-ਤੂੰ, ਮੈਂ-ਮੈਂ ਜਾਰੀ ਹੈ। ਦੋਵਾਂ ਪਾਰਟੀਆਂ ਦੇ ਆਗੂਆਂ ਵਿਚਾਲੇ ਸ਼ਬਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਸਭ ਤੋਂ ਪਹਿਲਾਂ ‘ਆਪ’ ਨੇਤਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਂਗਰਸ ‘ਤੇ ਚੁਟਕੀ ਲਈ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਕੋਈ ਮਾਂ ਆਪਣੇ ਬੱਚੇ ਨੂੰ ਕਹਾਣੀ ਸੁਣਾਵੇਗੀ ਤਾਂ ਉਹ ਕਹੇਗੀ ਕਿ ਇੱਕ ਸੀ ਕਾਂਗਰਸ।
ਇਸ ਦੇ ਨਾਲ ਹੀ ਇਸ ਦੇ ਜਵਾਬ ‘ਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਜਵਾਬੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਥੋਥਾ ਚਨਾ ਬਾਜੇ ਘਨਾ। ਸ਼ਰਮ ਕਰੋ, ਕਾਂਗਰਸ ਪਹਿਲਾਂ ਵੀ ਸੀ ਤੇ ਹਮੇਸ਼ਾ ਰਹੇਗੀ। ਉਨ੍ਹਾਂ ਚੁਣੌਤੀ ਦਿੱਤੀ ਕਿ ਰੋਕ ਸਕਦੇ ਹੋ ਤਾਂ ਰੋਕ ਲਵੋ। ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਵਿੱਚ ਕਿਹਾ ਕਿ ਪੰਜਾਬ ਦੇ ਸੀਐਮ ਮਾਨ ਕਿਸ ਬਾਰੇ ਗੱਲ ਕਰ ਰਹੇ ਹਨ? ਪਿਛਲੀਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ 5 ਕਰੋੜ ਵੋਟਾਂ ਮਿਲੀਆਂ ਹਨ। ਇਹ ਭਾਜਪਾ ਨਾਲੋਂ 10 ਲੱਖ ਵੱਧ ਹਨ। ਇਨ੍ਹਾਂ 5 ਸੂਬਿਆਂ ‘ਚੋਂ ‘ਆਪ’ ਪਾਰਟੀ ਨੇ 3 ਸੂਬਿਆਂ ‘ਚ ਚੋਣਾਂ ਲੜੀਆਂ ਸਨ। ਆਮ ਆਦਮੀ ਪਾਰਟੀ ਨੂੰ ਇਨ੍ਹਾਂ ਚੋਣਾਂ ‘ਚ ਅੱਧਾ ਫੀਸਦੀ ਵੀ ਵੋਟਾਂ ਨਹੀਂ ਮਿਲੀਆਂ।
ਨਵਜੋਤ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਦਾ ਮੁੱਖ ਮੰਤਰੀ ਕਹਿੰਦੇ ਹੋ। ਤੁਹਾਡੀ ਨੈਸ਼ਨਲ ਪਾਰਟੀ ਕੋਲ ਲੋਕ ਸਭਾ ਵਿੱਚ ਸਿਰਫ ਇੱਕ ਸੀਟ ਹੈ। ਉਹ ਵੀ ਕਾਂਗਰਸ ਤੋਂ ਉਧਾਰੀ ਮੰਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬੋਲਣ ਤੋਂ ਬਚਣਾ ਚਾਹੀਦਾ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਸਿੱਧੂ ਨੇ ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਕੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਸੀ।