ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ’ਚ ਵਰਤੀ ਗਈ ਐਕਟਿਵਾ ਵੀ ਬਰਾਮਦ ਕਰ ਲਈ ਹੈ
12 ਜੁਲਾਈ ਨੂੰ ਕਿਲਾ ਰੋਡ ‘ਤੇ ਸਥਿਤ ਅਗਰਵਾਲ ਮਨੀ ਐਕਸਚੇਂਜ ਦੀ ਦੁਕਾਨ ਦੇ ਮਾਲਕ ਤੋਂ ਤਲਵਾਰ ਦੀ ਨੋਕ ‘ਤੇ 70 ਹਜ਼ਾਰ ਰੁਪਏ ਦੀ ਲੁੱਟਣ ਵਾਲੇ ਦੋ ਸਕੇ ਭਰਾਵਾਂ ਨੂੰ ਬਠਿੰਡਾ ਕੋਤਵਾਲੀ ਥਾਣਾ ਪੁਲਿਸ ਨੇ ਯੂਪੀ ਦੇ ਵਰਿੰਦਾਵਨ ਸ਼ਹਿਰ ਤੋਂ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ’ਚ ਵਰਤੀ ਗਈ ਐਕਟਿਵਾ ਵੀ ਬਰਾਮਦ ਕਰ ਲਈ ਹੈ ਜਦੋਂਕਿ ਮੁਲਜ਼ਮ ਭਰਾਵਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਮੁਲਜ਼ਮਾਂ ਵੱਲੋਂ ਇਸ ਵਾਰਦਾਤ ਤੋਂ ਇਲਾਵਾ ਹੋਰ ਕਿੰਨੇ ਅਪਰਾਧ ਕੀਤੇ ਗਏ ਹਨ।
ਦੱਸ ਦੇਈਏ ਕਿ ਦੋਵੇਂ ਮੁਲਜ਼ਮ ਭਰਾਵਾਂ ਨੇ ਤਲਵਾਰ ਦੀ ਨੋਕ ‘ਤੇ ਮਨੀ ਐਕਸਚੇਂਜਰ ਤੋਂ 70 ਹਜ਼ਾਰ ਰੁਪਏ ਲੁੱਟ ਲਏ ਸਨ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ‘ਚ ਆਜ਼ਾਦ ਨਗਰ ਜੀਟੀ ਰੋਡ ਵਾਸੀ ਰਸਿਤ ਗਰਗ ਨੇ ਦੱਸਿਆ ਕਿ ਉਹ ਕਿਲ੍ਹਾ ਰੋਡ ਸਥਿਤ ਪੀਰ ਖਾਣ ਵਾਲੀ ਗਲੀ ‘ਚ ਅਗਰਵਾਲ ਮਨੀ ਐਕਸਚੇਂਜ ਦੇ ਨਾਂ ’ਤੇ ਦੁਕਾਨ ਚਲਾਉਂਦਾ ਹੈ। ਪੀੜਤ ਅਨੁਸਾਰ ਉਹ 12 ਜੁਲਾਈ ਨੂੰ ਦੁਪਹਿਰ 12 ਵਜੇ ਦੇ ਕਰੀਬ ਆਪਣੀ ਦੁਕਾਨ ‘ਤੇ ਬੈਠਾ ਹੋਇਆ ਸੀ।
ਇਕ ਨੌਜਵਾਨ ਉਸ ਦੀ ਦੁਕਾਨ ‘ਤੇ ਆਇਆ ਤੇ ਕਹਿਣ ਲੱਗਾ ਕਿ ਉਸ ਨੇ ਨੋਟ ਬਦਲਵਾਉਣੇ ਹਨ ਤੇ ਉਸ ਦੇ ਮੋਬਾਈਲ ਦੀ ਬੈਟਰੀ ਖ਼ਤਮ ਹੋ ਗਈ ਹੈ, ਇਸ ਲਈ ਉਸ ਨੂੰ ਚਾਰਜਰ ਦੀ ਲੋੜ ਹੈ ਕਿਉਂਕਿ ਮੇਰੇ ਦੋਸਤ ਜੋ ਪੈਸੇ ਬਦਲਣ ਜਾ ਰਿਹਾ ਹੈ ਉਸਨੂੰ ਕਾਲ ਕਰਨੀ ਪਵੇਗੀ। ਪੀੜਤ ਦੁਕਾਨਦਾਰ ਅਨੁਸਾਰ ਉਹ ਨੌਜਵਾਨ ਨੂੰ ਚਾਰਜਰ ਦੇਣ ਹੀ ਵਾਲਾ ਸੀ ਕਿ ਮੁਲਜ਼ਮ ਨੇ ਬਾਹਰ ਜਾ ਕੇ ਆਪਣੇ ਇਕ ਹੋਰ ਦੋਸਤ ਨੂੰ ਅੰਦਰ ਬੁਲਾ ਲਿਆ। ਜਿਸ ਦੇ ਹੱਥ ਵਿਚ ਤਲਵਾਰ ਸੀ। ਇਕ ਨੌਜਵਾਨ ਨੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਤਾਂ ਮੈਂ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਇਸ ਦੌਰਾਨ ਨੌਜਵਾਨ ਨੇ ਧਮਕੀ ਦਿੱਤੀ ਕਿ ਤੇਰੇ ਕੋਲ ਜੋ ਵੀ ਹੈ ਮੈਨੂੰ ਨਾ ਦਿੱਤਾ ਤਾਂ ਤੈਨੂੰ ਗੋਲ਼ੀ ਮਾਰ ਦਿਆਂਗਾ ਜਿਸ ਤੋਂ ਬਾਅਦ ਮੁਲਜ਼ਮ ਨੇ ਕਾਊਂਟਰ ਦੇ ਦਰਾਜ ‘ਚੋਂ 70 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ ਤੇ ਫਰਾਰ ਹੋ ਗਿਆ।
ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਵਾਰਦਾਤ ਨੂੰ ਸ਼ਕਤੀ ਬਿਹਾਰ ਵਾਸੀ ਨੀਰਜ ਕੁਮਾਰ ਪਾਂਡੇ ਤੇ ਉਸ ਦੇ ਭਰਾ ਦੀਪਾਂਸ਼ੂ ਪਾਂਡੇ ਨੇ ਅੰਜਾਮ ਦਿੱਤਾ ਹੈ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਮੁਲਜ਼ਮ ਵਾਰਦਾਤ ਤੋਂ ਬਾਅਦ ਦਿੱਲੀ, ਫਿਰ ਯੂਪੀ, ਫਿਰ ਵ੍ਰਿੰਦਾਵਨ ਜ਼ਿਲ੍ਹੇ ਤੋਂ ਮੁਥਰਾ ਭੱਜ ਗਿਆ ਸੀ। ਪੁਲਿਸ ਅਧਿਕਾਰੀ ਅਨੁਸਾਰ ਸੂਚਨਾ ਦੇ ਆਧਾਰ ‘ਤੇ ਸਹਾਇਕ ਐਸਐਚਓ ਗੁਰਮੇਲ ਸਿੰਘ ‘ਤੇ ਆਧਾਰਿਤ ਪੁਲਿਸ ਟੀਮ ਨੇ ਕਥਿਤ ਮੁਲਜ਼ਮ ਭਰਾਵਾਂ ਨੂੰ ਵਰਿੰਦਾਵਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਨ੍ਹਾਂ ਕੋਲੋਂ ਵਾਰਦਾਤ ‘ਚ ਵਰਤੀ ਗਈ ਧਮਾਕਾਖੇਜ਼ ਸਮੱਗਰੀ ਵੀ ਬਰਾਮਦ ਕਰ ਲਈ ਹੈ।