ਐੱਸਐੱਸਪੀ ਸੋਹੇਲ ਮੀਰ ਨੇ ਜਾਣਕਾਰੀ ਦਿੱਤੀ ਕਿ ਸ਼ਨਿਚਰਵਾਰ ਨੂੰ ਨਿਤਿਨ ਗੁਪਤਾ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਮਿਲਣ ’ਤੇ ਢਾਕੀ ਰੋਡ ਸਥਿਤ ਬਾਲਾ ਜੀ ਨਗਰ ਵਿਖੇ ਇਕ ਗੱਡੀ ਦਾ ਸ਼ੀਸ਼ਾ ਤੋੜਿਆ ਹੋਇਆ ਮਿਲਿਆ ਸੀ।
ਸਥਾਨਕ ਢਾਕੀ ਰੋਡ ਸਥਿਤ ਬਾਲਾ ਜੀ ਨਗਰ ਵਿਖੇ ਸ਼ਨਿਚਰਵਾਰ ਨੂੰ ’ਚ ਇਕ ਕਾਰ ’ਚੋਂ ਪਾਕਿਸਤਾਨ ਜ਼ਿੰਦਾਬਾਦ ਤੇ ਸਰਕਾਰੀ ਦਫ਼ਤਰਾਂ ਨੂੰ ਉਡਾਉਣ ਦੀ ਜਾਣਕਾਰੀ ਵਾਲੇ ਪੋਸਟਰਾਂ ਦਾ ਮਾਮਲਾ ਪੁਲਿਸ ਨੇ 24 ਘੰਟਿਆਂ ’ਚ ਹੀ ਸੁਲਝਾ ਲਿਆ। ਜਾਂਚ ’ਚ ਸ਼ਿਕਾਇਤ ਕਰਨ ਵਾਲਾ ਨਿਤਿਨ ਗੁਪਤਾ ਖ਼ੁਦ ਹੀ ਮੁਲਜ਼ਮ ਨਿਕਲਿਆ। ਪੁਲਿਸ ਨੇ ਨਿਤਿਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐਤਵਾਰ ਨੂੰ ਐੱਸਐੱਸਪੀ ਸੋਹੇਲ ਮੀਰ ਨੇ ਜਾਣਕਾਰੀ ਦਿੱਤੀ ਕਿ ਸ਼ਨਿਚਰਵਾਰ ਨੂੰ ਨਿਤਿਨ ਗੁਪਤਾ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਮਿਲਣ ’ਤੇ ਢਾਕੀ ਰੋਡ ਸਥਿਤ ਬਾਲਾ ਜੀ ਨਗਰ ਵਿਖੇ ਇਕ ਗੱਡੀ ਦਾ ਸ਼ੀਸ਼ਾ ਤੋੜਿਆ ਹੋਇਆ ਮਿਲਿਆ ਸੀ। ਉਸਦੇ ਨੇੜਿਓਂ ਕੁਝ ਧਮਕੀ ਭਰੇ ਪੋਸਟਰ ਮਿਲੇ ਸੀ। ਇਨ੍ਹਾਂ ’ਤੇ ਪਾਕਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ ਸੀ ਤੇ ਨਾਲ ਹੀ ਪਠਾਨਕੋਟ ’ਚ ਸਰਕਾਰੀ ਦਫ਼ਤਰਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਨ੍ਹਾਂ ’ਚ 100 ਲੋਕਾਂ ਦੇ ਸ਼ਾਮਿਲ ਹੋਣ ਬਾਰੇ ਕਿਹਾ ਗਿਆ ਸੀ। ਇਹ ਵੀ ਕਿਹਾ ਗਿਆ ਸੀ ਕਿ 30 ਲੋਕ ਪਠਾਨਕੋਟ ਪੁੱਜ ਚੁੱਕੇ ਹਨ।
ਇਸ ਕਾਰਨ ਪਠਾਨਕੋਟ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਇਸ ’ਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਠਾਨਕੋਟ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ। ਜਾਂਚ ’ਚ ਪਤਾ ਲੱਗਿਆ ਕਿ ਸੂਚਨਾ ਦੇਣ ਵਾਲੇ ਵਿਅਕਤੀ ਨੇ ਹੀ ਸਾਰਾ ਘਟਨਾਚਕੱਰ ਰਚਿਆ ਹੈ। ਸਖ਼ਤੀ ਨਾਲ ਪੁੱਛਗਿੱਛ ’ਚ ਨਿਤਿਨ ਨੇ ਗੱਲ ਮੰਨ ਲਈ। ਉਸ ਨੇ ਦੱਸਿਆ ਕਿ ਉਹ ਦੋ ਮਹੀਨੇ ਤੋਂ ਆਪਣੀ ਦੁਕਾਨ ਅੱਗੇ ਖੜ੍ਹੀ ਲਾਵਾਰਸ ਇਨੋਵਾ ਗੱਡੀ ਤੋਂ ਪਰੇਸ਼ਾਨ ਸੀ।
ਉਸ ਨੇ ਇਨੋਵਾ ਉੱਥੋਂ ਚੁਕਵਾਉਣ ਲਈ ਸਾਰੀ ਸਾਜ਼ਿਸ਼ ਰਚੀ ਤੇ ਪੁਲਿਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਜਾਂਚ ’ਚ ਪਤਾ ਲੱਗਾ ਕਿ ਉਹ ਕਾਰ ਨਰੇਸ਼ ਕੁਮਾਰ ਨਾਮਕ ਵਿਅਕਤੀ ਦੀ ਸੀ। ਇਸ ਤੋਂ ਬਾਅਦ ਪੁਲਿਸ ਨੇ ਨਿਤਿਨ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।