ਸੰਜੇ ਨੇ ਖੁਦ ਹੀ ਇਹ ਮਨਘੜਤ ਕਹਾਣੀ ਬਣਾ ਕੇ ਸੋਸ਼ਲ ਮੀਡੀਆ ਅਤੇ ਪੁਲਿਸ ਨੂੰ ਗੁੰਮਰਾਹ ਕੀਤਾ ਹੈ।
ਬੀਤੇ ਦਿਨ ਫਾਜ਼ਿਲਕਾ ਰੋਡ ’ਤੇ ਚੁੰਗੀ ਨੇੜੇ ਇੱਕ ਕਾਰ ਚਾਲਕ ਤੋਂ 1.70 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਵੀ ਫਰਜ਼ੀ ਨਿਕਲਿਆ ਹੈ। ਕਿਉਂਕਿ ਇਸ ਮਾਮਲੇ ਵਿੱਚ ਕੋਈ ਲੁੱਟ-ਖੋਹ ਦੀ ਵਾਰਦਾਤ ਨਹੀਂ ਹੋਈ ਸਗੋਂ ਕਾਰ ਨੂੰ ਓਵਰਟੇਕ ਕਰਨ ਨੂੰ ਲੈ ਕੇ ਦੋ ਧਿਰਾਂ ਵਿਚ ਲੜਾਈ ਹੋ ਗਈ ਸੀ ਅਤੇ ਪੂਰੀ ਜਾਂਚ ਕਰਨ ਉਪਰੰਤ ਥਾਣਾ ਸਿਟੀ 1ਦੀ ਪੁਲਿਸ ਨੇ ਲੁੱਟ ਦੀ ਫਰਜ਼ੀ ਸਾਜ਼ਿਸ਼ ਰਚਣ ਵਾਲੇ ਵਿਅਕਤੀ ਅਤੇ ਹਮਲਾ ਕਰ ਕੇ ਜ਼ਖਮੀ ਕਰਨ ਵਾਲੇ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਹੈ। ਦੋਵਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਥਾਣਾ ਸਿਟੀ ਵਨ ‘ਚ ਕੀਤੀ ਗਈ ਪ੍ਰੈੱਸ ਕਾਨਫਰੰਸ ‘ਚ ਥਾਣਾ ਇੰਚਾਰਜ ਮਨਵਿੰਦਰ ਸਿੰਘ ਅਤੇ ਡੀਐੱਸਪੀ ਅਰੁਣ ਮੁੰਡਨ ਨੇ ਦੱਸਿਆ ਕਿ ਬੀਤੇ ਦਿਨੀਂ ਸੰਜੇ ਕੁਮਾਰ ਪੁੱਤਰ ਰਾਮ ਪ੍ਰਤਾਪ ਵਾਸੀ ਨਿਹਾਲਖੇੜਾ ਤੋਂ 1 ਲੱਖ 70 ਹਜ਼ਾਰ ਰੁਪਏ ਦੀ ਲੁੱਟ ਦੀ ਘਟਨਾ ਤੋਂ ਬਾਅਦ ਥਾਣਾ ਸਿਟੀ 1 ਦੇ ਇੰਚਾਰਜ ਮਨਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕੀਤੀ।
ਜਦੋਂ ਉਨ੍ਹਾਂ ਨੇ ਸੰਜੇ ਦੇ ਹਮਲਾਵਰ ਜਗਸੀਰ ਸਿੰਘ ਉਰਫ਼ ਸੀਰਾ ਪੁੱਤਰ ਤਾਰਾ ਸਿੰਘ ਵਾਸੀ ਢਾਣੀ ਨਿਰੰਜਨ ਸਿੰਘ ਨੇੜੇ ਸੱਚਖੰਡ ਕਾਨਵੈਂਟ ਸਕੂਲ ਨੂੰ ਕਾਬੂ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਸੱਚਾਈ ਸਾਹਮਣੇ ਆਈ ਕਿ ਸੰਜੇ ਕੁਮਾਰ ਅਤੇ ਜਗਸੀਰ ਦੀ ਕਾਰ ਨੂੰ ਸਾਈਡ ਦੇਣ ਨੂੰ ਲੈ ਕੇ ਦੋਵਾਂ ਵਿਚਕਾਰ ਤਕਰਾਰ ਹੋ ਗਈ ਸੀ।
ਇਸ ਦੌਰਾਨ, ਸੰਜੇ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਉਸ ਕੋਲੋਂ ਕੋਈ ਪੈਸਾ ਲੁੱਟਿਆ ਨਹੀਂ ਗਿਆ। ਸੰਜੇ ਨੇ ਖੁਦ ਹੀ ਇਹ ਮਨਘੜਤ ਕਹਾਣੀ ਬਣਾ ਕੇ ਸੋਸ਼ਲ ਮੀਡੀਆ ਅਤੇ ਪੁਲਿਸ ਨੂੰ ਗੁੰਮਰਾਹ ਕੀਤਾ ਹੈ। ਹੁਣ ਜਾਂਚ ਦੌਰਾਨ ਸੰਜੇ ਨੇ ਖੁਦ ਮੰਨਿਆ ਹੈ ਕਿ ਪੈਸੇ ਉਸ ਤੋਂ ਲੁੱਟੇ ਨਹੀਂ ਗਏ ਸਨ। ਪੁਲਿਸ ਨੇ ਹਮਲਾਵਰ ਸਮੇਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਡੀਐਸਪੀ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਦੁਰਘਟਨਾ ਦਾ ਸ਼ਿਕਾਰ ਹੁੰਦਾ ਹੈ ਤਾਂ ਪੁਲਿਸ ਨੂੰ ਪੂਰੀ ਸੱਚਾਈ ਦੱਸੀ ਜਾਵੇ ਅਤੇ ਪੁਲਿਸ ਨੂੰ ਗੁੰਮਰਾਹ ਨਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਮੌਜਗੜ੍ਹ ਦੇ ਰਹਿਣ ਵਾਲੇ ਅਤੇ ਸ੍ਰੀ ਗੰਗਾਨਗਰ ਜਾ ਰਹੇ ਦੋ ਭਰਾਵਾਂ ਦੀ ਰਸਤੇ ਵਿੱਚ ਕੁੱਟਮਾਰ ਕਰ ਕੇ ਢਾਈ ਲੱਖ ਰੁਪਏ ਲੁੱਟਣ ਦਾ ਮਾਮਲਾ ਵੀ ਫਰਜ਼ੀ ਨਿਕਲਿਆ ਸੀ।