ਹੁਣ ਉਸਦਾ ਟੀਚਾ ਦੋ ਅਮਰੀਕਨ ਫੁੱਟਬਾਲ ਤੇ ਦੋ ਰਗਬੀ ਬਾਲ ਨੂੰ ਘੁਮਾਉਣ ਦਾ ਹੈ ।
ਪੂਰੀ ਦੁਨੀਆ ਭਰ ਵਿੱਚ ਪੰਜਾਬੀ ਜਿੱਥੇ ਵੀ ਗਏ ਆਪਣੀਆਂ ਰਿਵਾਇਤੀ ਖੇਡਾਂ ਤੇ ਸ਼ੌਕ ਨਾਲ ਹੀ ਲੈ ਗਏ ਅਤੇ ਅਜਿਹੇ ਵਿਸ਼ਵ ਰਿਕਾਰਡ ਪੈਦਾ ਕੀਤੇ ਜਿਸਨੇ ਪੂਰੀ ਦੁਨੀਆ ਦਾ ਧਿਆਨ ਪੰਜਾਬ ਤੇ ਪੰਜਾਬੀਆ ਦੁਆਰਾ ਪੈਦਾ ਕੀਤੇ ਹੋਏ ਵਿਸ਼ਵ ਰਿਕਾਰਡਾਂ ਵੱਲ ਖਿੱਚਿਆ। ਆਓ ਅੱਜ ਗੱਲ ਕਰਦੇ ਹਾਂ ਅਜਿਹੇ ਹੀ 10 ਵੱਖਰੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਸੰਦੀਪ ਸਿੰਘ ਕੈਲਾ ਦੀ। ਸੰਦੀਪ ਨੇ ਪਿੰਡ ਬੱਡੂਵਾਲ ( ਮੋਗਾ) ਤੋਂ ਲੈ ਕੇ ਕੈਨੇਡਾ ਦੀ ਧਰਤੀ ਤੱਕ 10 ਵਿਸ਼ਵ ਰਿਕਾਰਡ ਬਣਾਏ ਹਨ। ਸੰਦੀਪ ਨੇ 10ਵਾਂ ਗਿਨਿੰਜ ਵਰਲਡ ਰਿਕਾਰਡ 8 ਮਾਰਚ 2024 ਨੂੰ ਕੈਨੇਡਾ ਦੇ ਐਬਟਸਫੋਰਡ ਬੀਸੀ ਵਿੱਚ ਕੀਤਾ ਤੇ 3 ਮਹੀਨੇ ਦੇ ਪ੍ਰੋਸੈਸਿੰਗ ਸਮੇਂ ਤੋਂ ਬਾਅਦ 12 ਜੁਲਾਈ 2024 ਨੂੰ ਉਸਦਾ ਇਹ ਰਿਕਾਰਡ ਗਿਨਿੰਜ ਬੁੱਕ ਵਿੱਚ ਦਰਜ ਹੋ ਗਿਆ। ਉਸ ਨੇ ਇਹ ਰਿਕਾਰਡ ਇੱਕ ਅਮਰੀਕਨ ਫੁੱਟਬਾਲ ( ਇੱਕ ਅੰਡਾਕਾਰ ਬਾਲ) ਨੂੰ ਆਪਣੇ ਹੱਥ ਦੀ ਪਹਿਲੀ ਉਂਗਲ ਉੱਪਰ 40:56 ਸੈਕਿੰਡ ਘੁੰਮਾ ਕੇ ਬਣਾਇਆ। ਹੁਣ ਉਸਦਾ ਟੀਚਾ ਦੋ ਅਮਰੀਕਨ ਫੁੱਟਬਾਲ ਤੇ ਦੋ ਰਗਬੀ ਬਾਲ ਨੂੰ ਘੁਮਾਉਣ ਦਾ ਹੈ।
ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਦੇ ਵਿੱਚ ਸਿਰਫ 0.02 ਪ੍ਰਤੀਸ਼ਤ ਲੋਕ ਹੀ ਬਾਸਕਟਬਾਲ ਘੁੰਮਾ ਸਕਦੇ ਹਨ ਤੇ 1 ਅਮਰੀਕਨ ਫੁੱਟਬਾਲ ਨੂੰ ਪੂਰੀ ਦੁਨੀਆ ਦੇ ਵਿੱਚ ਸਿਰਫ 0.01 ਪ੍ਰਤੀਸ਼ਤ ਲੋਕ ਹੀ ਘੁੰਮਾ ਸਕਦੇ ਹਨ ਤੇ 2 ਅਮਰੀਕਨ ਫੁੱਟਬਾਲ ਅਜੇ ਤੱਕ ਕਿਸੇ ਨੇ ਨਹੀਂ ਘੁੰਮਾਏ ਹਨ। ਸੰਦੀਪ ਦੁਨੀਆ ਦਾ ਪਹਿਲਾ ਇਨਸਾਨ ਹੈ ਜਿਸਨੇ ਦੋ ਅਮਰੀਕਨ ਫੁੱਟਬਾਲ 21 ਸੈਕਿੰਡ ਤੱਕ ਘੁਮਾਏ ਹਨ ।ਦਸ ਵਿਸ਼ਵ ਰਿਕਾਰਡ ਬਣਨ ਤੋਂ ਬਾਅਦ ਉਸਦੇ ਪਿੰਡ ਬੱਡੂਵਾਲ ਵਿੱਚ ਖੁਸ਼ੀ ਦਾ ਮਾਹੌਲ ਹੈ। ਸੰਦੀਪ ਇਸ ਸਭ ਕੁਝ ਲਈ ਪ੍ਰਮਾਤਮਾ ਤੇ ਆਪਣੇ ਮਾਤਾ ਪਿਤਾ ਦਾ ਧੰਨਵਾਦ ਕਰਦਾ ਹੈ।