ਪੰਜਾਬ ਦਾ ਸਭ ਤੋਂ ਪਹਿਲਾ ਸਾਈਬਰ ਥਾਣਾ ਲੁਧਿਆਣਾ ਦੇ ਸਰਾਭਾ ਨਗਰ ‘ਚ ਬਣ ਗਿਆ ਹੈ।
ਜਾਂਚ ਤੇ ਆਰਡਰ ਦੇ ਚੱਕਰ ‘ਚ ਮਹੀਨਿਆਂ ਤੱਕ ਥਾਣਿਆਂ ਤੇ ਦਫਤਰਾਂ ‘ਚ ਘੁੰਮਣ ਵਾਲੀਆਂ ਫਾਈਲਾਂ ‘ਤੇ ਹੁਣ ਤੁਰੰਤ ਕਾਰਵਾਈ ਹੋਵੇਗੀ ਕਿਉਂਕਿ ਪੰਜਾਬ ਦਾ ਸਭ ਤੋਂ ਪਹਿਲਾ ਸਾਈਬਰ ਥਾਣਾ ਲੁਧਿਆਣਾ ਦੇ ਸਰਾਭਾ ਨਗਰ ‘ਚ ਬਣ ਗਿਆ ਹੈ।
ਲਿਹਾਜ਼ਾ ਹੁਣ ਸ਼ਿਕਾਇਤ ਤੇ ਜਾਂਚ ਤੋਂ ਤੁਰੰਤ ਬਾਅਦ ਪਰਚਾ ਦਰਜ ਕੀਤਾ ਜਾਵੇਗਾ। ਇਸ ਨਾਲ ਮੁਲਜ਼ਮਾਂ ਨੂੰ ਕਾਬੂ ਕਰਨ ਅਤੇ ਲੋਕਾਂ ਦੇ ਪੈਸਿਆਂ ਦੀ ਰਿਕਵਰੀ ਕਰਵਾਉਣ ਵਿਚ ’ਚ ਵੀ ਸੌਖ ਹੋਵੇਗੀ।
ਜ਼ਿਕਰਯੋਗ ਹੈ ਕਿ ਹਾਲੇ ਤੱਕ ਪੰਜਾਬ ’ਚ ਸਾਰੇ ਜ਼ਿਲ਼ਿਆਂ ’ਚ ਸਾਈਬਰ ਸੈੱਲ ਬਣੇ ਹੋਏ ਹਨ। ਇਨ੍ਹਾਂ ’ਚੋਂ ਲੁਧਿਆਣਾ ਸਾਈਬਰ ਸੈੱਲ ਨੂੰ ਥਾਣੇ ’ਚ ਬਦਲਿਆ ਗਿਆ ਹੈ। ਅਜਿਹਾ ਕਰਨ ਦਾ ਕਾਰਨ ਇੱਥੇ ਆਉਣ ਵਾਲੀ ਵੱਡੀ ਗਿਣਤੀ ’ਚ ਸ਼ਿਕਾਇਤਾਂ ਤੇ ਉਨ੍ਹਾਂ ’ਤੇ ਕਾਰਵਾਈ ’ਚ ਲੱਗਣ ਵਾਲਾ ਸਮਾਂ ਸੀ।
ਹਰ ਰੋਜ਼ ਸਾਈਬਰ ਥਾਣੇ ’ਚ ਅੱਠ ਤੋਂ 10 ਸ਼ਿਕਾਇਤਾਂ ਆਉਂਦੀਆਂ ਹਨ। ਇਨ੍ਹਾਂ ’ਚ ਓਟੀਪੀ ਫਰਾਡ, ਏਟੀਐੱਮ ਤੇ ਕ੍ਰੈਟਿਡ ਕਾਰਜ ਫਰਾਡ, ਫਾਇਨੈਂਸ਼ੀਅਲ ਫਰਾਡ ਸਮੇਤ ਹੋਰ ਤਰੀਕਿਆਂ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ।
ਪਹਿਲਾਂ ਇਵੇਂ ਹੁੰਦਾ ਸੀ ਕੰਮ
ਸਾਈਬਰ ਸੈੱਲ ਵਿਚ ਸਭ ਤੋਂ ਪਹਿਲਾਂ ਜੋ ਵੀ ਵਿਅਕਤੀ ਸ਼ਿਕਾਇਤ ਕਰਦਾ ਸੀ, ਪਹਿਲਾਂ ਉਕਤ ਸ਼ਿਕਾਇਤਕਰਤਾ ਸਬੰਧਤ ਥਾਣੇ ’ਚ ਉਸ ਦੀ ਅਰਜ਼ੀ ਦਿੰਦਾ ਸੀ ਤੇ ਫਿਰ ਸਾਈਬਰ ਸੈੱਲ ’ਚ। ਥਾਣੇ ਤੋਂ ਉਕਤ ਮਾਮਲੇ ਦੀ ਜਾਂਚ ਕਰਵਾਉਣ ਲਈ ਅਧਿਕਾਰੀਆਂ ਨੂੰ ਲਿਖਿਆ ਜਾਂਦੀ ਸੀ। ਉਨ੍ਹਾਂ ਦੀ ਇਜਾਜ਼ਤ ਤੋਂ ਬਾਅਦ ਕੇਸ ਸਾਈਬਰ ਸੈੱਲ ਨੂੰ ਦੇ ਦਿੱਤਾ ਜਾਂਦਾ ਸੀ।
ਸਾਈਬਰ ਸੈੱਲ ਦੀ ਟੀਮ ਉਸ ਦੀ ਜਾਂਚ ਕਰਦੀ ਸੀ ਅਤੇ ਰਿਪਰੋਟ ਬਣਾ ਕੇ ਥਾਣੇ ਨੂੰ ਭੇਜਦੀ ਸੀ। ਫਿਰ ਥਾਣਾ ਇਸ ਨੂੰ ਏਸੀਪੀ, ਫਿਰ ਏਡੀਸੀਪੀ ਤੇ ਫਿਰ ਸੀਪੀ ਕੋਲ ਭੇਜਦਾ ਸੀ। ਉਥੋਂ ਪਰਚੇ ਦੇ ਆਰਡਰ ਹੋਣ ਤੋਂ ਬਾਅਦ ਸਬੰਧਤ ਥਾਣੇ ’ਚ ਹੀ ਪਰਚਾ ਦਰਜ ਕੀਤਾ ਜਾਂਦਾ ਸੀ। ਇਸ ’ਚ ਦੋ ਤੋਂ ਤਿੰਨ ਮਹੀਨੇ ਤੇ ਕਈ ਮਾਮਲਿਆਂ ’ਚ ਤਾਂ ਛੇ-ਛੇ ਮਹੀਨੇ ਵੀ ਲੱਗ ਜਾਂਦੇ ਸਨ।
ਹੁਣ ਇਵੇਂ ਹੋਵੇਗਾ ਕੰਮ
ਸਾਈਬਰ ਥਾਣਾ ਬਣਨ ਤੋਂ ਬਾਅਦ ਜੇ ਕੋਈ ਇੱਥੇ ਸ਼ਿਕਾਇਤ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਲੈ ਕੇ ਪੁਲਿਸ ਤੁਰੰਤ ਜਾਂਚ ਕਰੇਗੀ। ਜਾਂਚ ਤੋਂ ਬਾਅਦ ਰਿਪੋਰਟ ਤਿਆਰ ਕਰ ਕੇ ਸੀਨੀਅਰ ਅਧਿਕਾਰੀਆਂ ਨੂੰ ਆਨਲਾਈਨ ਹੀ ਭੇਜਿਆ ਜਾਵੇਗਾ।ਇਸ ਤੋਂ ਤੁਰੰਤ ਬਾਅਦ ਉਨ੍ਹਾਂ ’ਤੇ ਕਾਰਵਾਈ ਹੋਵੇਗੀ।
ਇਸ ਦੇ ਨਾਲ ਹੀ ਇੱਥੇ ਸ਼ਿਕਾਇਤ ਦਿੰਦੇ ਹੀ ਥਾਣਾ ਤੁਰੰਤ ਫਰਾਡ ਕਰਨ ਵਾਲੇ ਦੇ ਅਕਾਊਂਟ ਅਤੇ ਐਪ ਨੂੰ ਫਰੀਜ਼ ਕਰ ਸਕੇਗਾ ਤਾਂ ਕਿ ਜਿਸ ਦੇ ਪੈਸੇ ਕਢਵਾਏ ਗਏ ਹਨ, ਉਹ ਪੈਸੇ ਅੱਗੇ ਟਰਾਂਸਫਰ ਨਾ ਕਰ ਸਕੇ ਅਤੇ ਜਾਂਚ ਦੌਰਾਨ ਉਨ੍ਹਾਂ ਦੇ ਪੈਸੇ ਵਾਪਸ ਪੀੜਤ ਦੇ ਖਾਤੇ ’ਚ ਪਾਏ ਜਾ ਸਕਣ।
ਥਾਣ ਵਿਚ 20 ਕਰਮਚਾਰੀ, ਪੇਪਰ ਵਰਕ ਵਧੇਗਾ
ਜਿਸ ਹਿਸਾਬ ਨਾਲ ਸਾਈਬਰ ਸੈੱਲ ਵਿੱਚ ਸ਼ਿਕਾਇਤਾਂ ਆਉਂਦੀਆਂ ਹਨ, ਉਸ ਹਿਸਾਬ ਨਾਲ ਥਾਣੇ ਦਾ ਸਟਾਫ ਘੱਟ। ਇੱਥੇ 20 ਮੁਲਾਜ਼ਮਾਂ ਦੀ ਟੀਮ ਹੈ। ਇਨ੍ਹਾਂ ’ਚ ਇਕ ਇੰਸਪੈਕਟਰ, ਇਕ ਸਬ ਇੰਸਪੇਕਟਰ, ਸੱਤ ਏਐੱਸਆਈ ਅਤੇ ਬਾਕੀ ਦਾ ਟੈਕਨਾਲੋਜੀ ਸਟਾਫ ਹੈ ਜੋ ਕਿ ਵਾਰਦਾਤ ਨੂੰ ਟ੍ਰੇਸ ਕਰਨ ਅਤੇ ਇਨਵੈਸਟੀਗੇਸ਼ਨ ਨੂੰ ਪੂਰਾ ਕਰਨ ਵਿੱਚ ਮਦਦਗਾਰ ਹੁੰਦੇ ਹਨ। ਥਾਣਾ ਬਣਨ ਤੋਂ ਬਾਅਦ ਇੱਥੇ ਹੁਣ ਪੇਪਰ ਵਰਕ ਵਧੇਗਾ। ਪਹਿਲਾਂ ਸ਼ਿਕਾਇਤਾਂ ਸਬੰਧਤ ਥਾਣੇ ਵਿਚ ਚਲੀਆਂ ਜਾਂਦੀਆਂ ਸਨ, ਪਰ ਹੁਣ ਇਸੇ ਥਾਣੇ ਵਿਚ ਹੀ ਰਹਿਣਗੀਆਂ।
ਪੰਜ ਦਿਨਾਂ ਵਿਚ ਦਰਜ ਹੋਏ ਦੋ ਕੇਸ
ਥਾਣਾ ਬਣਦੇ ਹੀ ਪੰਜ ਦਿਨਾਂ ਦੇ ਅੰਦਰ ਹੀ ਪੁਲਿਸ ਨੇ ਦੋ ਪਰਚੇ ਦਰਜ ਕਰ ਦਿੱਤੇ ਹਨ। ਪਹਿਲਾਂ 21 ਨੂੰ ਪਰਚਾ ਦਰਜ ਕੀਤਾ ਗਿਆ ਸੀ, ਜੋ 4.35 ਕਰੋੜ ਦੀ ਠੱਗੀ ਦਾ ਮਾਮਲਾ ਸੀ। ਉਥੇ ਦੂਜਾ ਮਾਮਲਾ 20 ਲੱਖ ਰੁਪਏ ਦਾ ਹੈ, ਜਿਸ ’ਚ ਪਿੱਜਾ ਦੀ ਫਰੈਂਚਾਇਜ਼ੀ ਲੈਣ ਦੇ ਨਾਂ ‘ਤੇ ਪੈਸੇ ਠੱਗੇ ਗਏ ਸਨ।
ਸਾਈਬਰ ਸੈੱਲ ਨੂੰ ਥਾਣੇ ਵਿੱਚ ਬਦਲ ਦਿੱਤਾ ਗਿਆ ਹੈ। ਹੁਣ ਇੱਥੇ ਜਲਦ ਜਾਂਚ ਤੋਂ ਬਾਅਦ ਪਰਚੇ ਦਰਜ ਕੀਤੇ ਜਾਣਗੇ। ਇਸ ਨਾਲ ਲੋਕਾਂ ਦੀ ਪਰੇਸ਼ਾਨੀ ਜਲਦ ਹੱਲ ਹੋਵੇਗੀ।
– ਕੁਲਦੀਪ ਸਿੰਘ ਚਹਿਲ, ਪੁਲਿਸ ਕਮਿਸ਼ਨਰ।