ਸੁਰੱਖਿਆ ਏਜੰਸੀਆਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਤਸਕਰਾਂ ਨੇ ਪਾਕਿਸਤਾਨ ਤੋਂ ਹਥਿਆਰਾਂ ਦੀ ਵੱਡੀ ਖੇਪ ਮੰਗਵਾ ਕੇ ਧਨੋਆ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸੁਰੱਖਿਅਤ ਛੁਪਾ ਕੇ ਰੱਖੀ ਹੋਈ ਹੈ।
ਚੰਡੀਗੜ੍ਹ ‘ਚ ਗ੍ਰਨੇਡ ਹਮਲੇ ਦੇ ਮੁਲਜ਼ਮ ਵਿਸ਼ਾਲ ਮਸੀਹ ਅਤੇ ਰੋਹਨ ਮਸੀਹ ਨੂੰ ਮੰਗਲਵਾਰ ਦੁਪਹਿਰ ਨੂੰ ਪੁਲਿਸ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਧਨੋਆ ਲੈ ਗਈ।
ਇਹ ਉਹੀ ਪਿੰਡ ਹੈ ਜਿੱਥੇ ਹਥਿਆਰਾਂ ਦੇ ਤਸਕਰ ਅਕਾਸ਼ਦੀਪ ਸਿੰਘ ਅਤੇ ਅਮਰਜੀਤ ਸਿੰਘ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਨੇਡ ਅਤੇ ਪਿਸਤੌਲ ਸੌਂਪੇ ਸਨ।
ਇਸ ਖੇਪ ਦੇ ਅਧਾਰ ‘ਤੇ ਦੋਵੇਂ ਚੰਡੀਗੜ੍ਹ ‘ਚ ਦਹਿਸ਼ਤ ਫੈਲਾ ਕੇ ਫਰਾਰ ਹੋ ਗਏ ਸਨ। ਸੁਰੱਖਿਆ ਏਜੰਸੀਆਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਤਸਕਰਾਂ ਨੇ ਪਾਕਿਸਤਾਨ ਤੋਂ ਹਥਿਆਰਾਂ ਦੀ ਵੱਡੀ ਖੇਪ ਮੰਗਵਾ ਕੇ ਧਨੋਆ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸੁਰੱਖਿਅਤ ਛੁਪਾ ਕੇ ਰੱਖੀ ਹੋਈ ਹੈ। ਪਤਾ ਲੱਗਾ ਹੈ ਕਿ ਪੁਲਿਸ ਟੀਮ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਦੋਵਾਂ ਤਸਕਰਾਂ ਨਾਲ ਰਹੀ।
ਪੰਜਾਬ ਪੁਲਿਸ ਦੀ ਖੂਫੀਆ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਥਿਆਰਾਂ ਦੀ ਖੇਪ ਬਰਾਮਦ ਕਰਨ ਦੇ ਨਾਲ-ਨਾਲ ਅੱਤਵਾਦੀ ਹੈਪੀ ਪਸ਼ੀਆ ਗਿਰੋਹ ਦੇ ਹੋਰ ਕਾਰਕੁੰਨਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ।
ਹਾਲਾਕਿ ਰੋਹਨ ਅਤੇ ਵਿਸ਼ਾਲ ਤੋਂ ਪੁੱਛਗਿੱਛ ਦੌਰਾਨ ਹੈਪੀ ਪਸ਼ੀਆ ਦੇ ਇਰਾਦਿਆਂ ਬਾਰੇ ਬਹੁਤ ਅਹਿਮ ਜਾਣਕਾਰੀ ਮਿਲੀ ਹੈ। ਜਿਸ ‘ਤੇ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਵਿਸ਼ਾਲ ਮਸੀਹ ਅਤੇ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਪਸ਼ੀਆਂ ਦੇ ਰਹਿਣ ਵਾਲੇ ਰੋਹਨ ਮਸੀਹ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ‘ਚ ਗ੍ਰਨੇਡ ਨਾਲ ਹਮਲਾ ਕਰਕੇ ਦਹਿਸ਼ਤ ਫੈਲਾ ਦਿੱਤੀ ਸੀ।
ਘਟਨਾ ਤੋਂ ਬਾਅਦ ਰੋਹਨ ਖੰਨਾ ਅਤੇ ਵਿਸ਼ਾਲ ਮਸੀਹ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਇਹ ਧਮਾਕਾ ਅਮਰੀਕਾ ਸਥਿਤ ਅੱਤਵਾਦੀ ਹੈਪੀ ਪਸ਼ੀਆ ਦੇ ਆਦੇਸ਼ਾਂ ‘ਤੇ ਕੀਤਾ ਸੀ।