ਜਾਅਲੀ ਅਸਲਾ ਲਾਇਸੈਂਸ ਬਣਾ ਕੇ ਡੇਢ ਲੱਖ ਰੁਪਏ ਤੱਕ ਵੇਚਣ ਵਾਲੇ ਗਿਰੋਹ ਦੇ ਮੈਂਬਰ ਪਿਛਲੇ ਡੇਢ ਸਾਲ ਤੋਂ ਇਸ ਧੰਦੇ ਵਿਚ ਸਰਗਰਮ ਸਨ।
ਜਾਅਲੀ ਅਸਲਾ ਲਾਇਸੈਂਸ ਬਣਾ ਕੇ ਡੇਢ ਲੱਖ ਰੁਪਏ ਤੱਕ ਵੇਚਣ ਵਾਲੇ ਗਿਰੋਹ ਦੇ ਮੈਂਬਰ ਪਿਛਲੇ ਡੇਢ ਸਾਲ ਤੋਂ ਇਸ ਧੰਦੇ ਵਿਚ ਸਰਗਰਮ ਸਨ। ਇਹ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਦੀ ਅੰਮ੍ਰਿਤਸਰ, ਤਰਨਤਾਰਨ ਅਤੇ ਮਜੀਠਾ ਵਿਚ ਡੇਢ ਦਰਜਨ ਤੋਂ ਵੱਧ ਗੰਨ ਹਾਊਸਾਂ ਦੇ ਮਾਲਕਾਂ ਨਾਲ ਨੇੜਤਾ ਹੈ। ਦੋਸ਼ ਹੈ ਕਿ ਇਨ੍ਹਾਂ ਗੰਨ ਹਾਊਸਾਂ ਦੇ ਮਾਲਕਾਂ ਨੇ ਉਕਤ ਅਸਲਾ ਲਾਇਸੈਂਸ ਦੀ ਆਨਲਾਈਨ ਵੈਰੀਫਿਕੇਸ਼ਨ ਕੀਤੇ ਬਿਨਾਂ ਹੀ ਹਥਿਆਰ ਜਾਰੀ ਕੀਤੇ ਹਨ। ਪਤਾ ਲੱਗਾ ਹੈ ਕਿ ਪੁਲਿਸ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਗੰਨ ਹਾਊਸਾਂ ਦੇ ਮਾਲਕਾਂ ਨੂੰ ਵੀ ਗ੍ਰਿਫ਼ਤਾਰ ਕਰਨ ਜਾ ਰਹੀ ਹੈ। ਇਹ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਅੰਮ੍ਰਿਤਸਰ ਅਤੇ ਮਜੀਠਾ ਵਿਚ 40 ਤੋਂ ਵੱਧ ਲੋਕਾਂ ਨੂੰ ਜਾਅਲੀ ਲਾਇਸੈਂਸ ਬਣਾ ਕੇ ਸੌਂਪੇ ਹਨ। ਇਨ੍ਹਾਂ ਵਿਚ ਕਈ ਅਪਰਾਧਿਕ ਪਿਛੋਕੜ ਵਾਲੇ ਲੋਕ ਵੀ ਸ਼ਾਮਿਲ ਹਨ। ਹਾਲਾਂਕਿ ਉਕਤ ਗਿਰੋਹ ਦਾ ਪਰਦਾਫਾਸ਼ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ ਕਿ ਦੋਸ਼ੀ ਕਿਸ ਤਰ੍ਹਾਂ ਇਕ ਸੰਗਠਿਤ ਗਿਰੋਹ ਰਾਹੀਂ ਸ਼ਹਿਰਾਂ ਵਿਚ ਜਾਅਲੀ ਅਸਲਾ ਲਾਇਸੈਂਸ ਬਣਾ ਰਹੇ ਸਨ।
ਇਸ ਸਮੁੱਚੀ ਕਾਰਵਾਈ ਦੀ ਅਗਵਾਈ ਕਰ ਰਹੇ ਏਡੀਸੀਪੀ ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਤਰਨਤਾਰਨ ਸੇਵਾ ਕੇਂਦਰ ਦੇ ਮੈਨੇਜਰ ਸੂਰਜ ਭੰਡਾਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਭੇਦ ਖੁੱਲ੍ਹਣ ਵਾਲੇ ਹਨ। ਪੁਲਿਸ ਦੀ ਜਾਂਚ ਕਈ ਸਵਾਲਾਂ ‘ਤੇ ਟਿਕੀ ਹੋਈ ਹੈ। ਸਿਰਫ ਇੰਨਾ ਹੀ ਖ਼ੁਲਾਸਾ ਹੋਇਆ ਹੈ ਕਿ ਸਾਈਬਰ ਕੈਫੇ ਦੇ ਮਾਲਕ ਬਲਜੀਤ ਸਿੰਘ, ਸੇਵਾ ਕੇਂਦਰ ਦਾ ਕਰਮਚਾਰੀ ਹਰਪਾਲ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਪਿਛਲੇ ਡੇਢ ਸਾਲ ਤੋਂ ਇਸ ਗਿਰੋਹ ਨੂੰ ਚਲਾ ਰਹੇ ਸਨ। ਪੁਲਿਸ ਨੂੰ ਇਸ ਗੱਲ ਦੀ ਹਵਾ ਉਦੋਂ ਮਿਲੀ ਜਦੋਂ 9 ਅਪ੍ਰੈਲ ਨੂੰ ਥਾਣਾ ਗੇਟ ਹਕੀਮਾਂ ਦੀ ਪੁਲਿਸ ਨੇ ਬਬਲੂ ਉਰਫ਼ ਬੱਲੂ ਵਾਸੀ ਅਨਗੜ੍ਹ ਨੂੰ ਕਤਲ ਦੀ ਕੋਸ਼ਿਸ਼ ਦੇ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੇ ਪੁਲਿਸ ਹਿਰਾਸਤ ’ਚ ਮੰਨਿਆ ਕਿ ਕੰਵਰਦੀਪ ਸਿੰਘ ਨੇ ਕਿਸੇ ਤਰ੍ਹਾਂ ਤਰਨਤਾਰਨ ਤੋਂ ਆਪਣਾ ਅਸਲਾ ਲਾਇਸੈਂਸ ਤਿਆਰ ਕਰਵਾਇਆ ਸੀ। ਜਦੋਂ ਕਿ ਉਹ ਇਹ ਲਾਇਸੈਂਸ ਨਹੀਂ ਬਣਵਾ ਸਕਦਾ ਸੀ। ਪੁਲਿਸ ਨੇ ਇਸ ਸਬੰਧੀ 11 ਜੂਨ ਨੂੰ ਕੇਸ ਦਰਜ ਕੀਤਾ ਸੀ। ਮਾਮਲਾ ਹਥਿਆਰਾਂ ਨਾਲ ਜੁੜਿਆ ਹੋਣ ਕਾਰਨ ਪੁਲਿਸ ਨੇ ਬਹੁਤ ਗੰਭੀਰ ਸੀ ਅਤੇ ਆਪਣੇ ਪੱਧਰ ‘ਤੇ ਜਾਂਚ ਕਰਦੀ ਰਹੀ। ਇਸ ਤੋਂ ਬਾਅਦ ਅਭੈ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਨੇ ਆਪਣੇ ਅਸਲਾ ਲਾਇਸੈਂਸ ’ਤੇ ਸੁਲਤਾਨਵਿੰਡ ਰੋਡ ਦਾ ਪਤਾ ਦੇਣ ਦੀ ਬਜਾਏ ਤਰਨਤਾਰਨ ਦੀ ਜੰਡਿਆਲਾ ਰੋਡ ਦਾ ਪਤਾ ਦਿੱਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਰੋਹਿਤ ਨੂੰ 12 ਜੂਨ ਨੂੰ ਅਤੇ ਹਰਿੰਦਰ ਸਿੰਘ ਨੂੰ 2 ਜੁਲਾਈ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੂਰਾ ਲਾਇਸੈਂਸ ਤਿਆਰ ਕਰਨ ਲਈ ਡੇਢ ਲੱਖ ਰੁਪਏ ਵਸੂਲੇ ਜਾ ਰਹੇ ਸਨ। ਇਸ ਵਿਚ ਸਾਈਬਰ ਕੈਫ਼ੇ ਦਾ ਮਾਲਕ ਬਲਜੀਤ ਸਿੰਘ ਦਸ ਹਜ਼ਾਰ ਰੁਪਏ ਲੈਂਦਾ ਸੀ। ਇਸ ਦੇ ਲਈ ਉਹ ਫਰਜ਼ੀ ਆਧਾਰ ਕਾਰਡ, ਸਟੈਂਪ, ਹੋਲੋਗ੍ਰਾਮ, ਕਿਊਆਰ ਕੋਡ, ਡਿਜੀਟਲ ਦਸਤਖ਼ਤ ਤਿਆਰ ਕਰਦਾ ਸੀ।
ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ’ਚ ਜਾਅਲੀ ਅਸਲਾ ਲਾਇਸੈਂਸ ਬਣਾਉਣ ਵਾਲਾ ਗਿਰੋਹ ਫੜਿਆ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਕਿ ਸਾਲ 2012 ‘ਚ ਅੰਮ੍ਰਿਤਸਰ ‘ਚ ਜਾਅਲੀ ਅਸਲਾ ਲਾਇਸੈਂਸ ਬਣਾਉਣ ਵਾਲੇ ਗਿਰੋਹ ਦੇ ਇਕ ਦਰਜਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਵਿਚ ਡੀਸੀ ਦਫ਼ਤਰ ਦੇ ਕੱਚੇ ਕਲਰਕ ਸ਼ਾਮਲ ਸਨ। ਇਸ ਤੋਂ ਬਾਅਦ ਪਟਿਆਲਾ ਵਿਚ ਵੀ ਪੁਲਿਸ ਵੱਲੋਂ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ।