ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਰਮਨਦੀਪ ਸਿੰਘ ਨੂੰ ਅੱਜ ਥਾਣਾ ਸਦਰ ਰਾਜਪੁਰਾ ਦੇ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਅਤੇ ਥਾਣਾ ਬਨੂੜ ਦੇ ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ…
ਬੀਤੇ ਦਿਨ ਬਨੂੜ ਦੀ ਹੱਦ ਵਿੱਚ ਕਲੋਲੀ ਦੇ ਚੋਅ ਨੇੜੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਅਤੇ ਗੈਂਗਸਟਰਾ ਵਿਚਕਾਰ ਹੋਏ ਮੁਕਾਬਲੇ ਵਿੱਚ ਦੋ ਗੈਂਗਸਟਰ ਦੀਪਕ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਬੁੱਢਣ ਵਾਲ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਅਤੇ ਰਮਨਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਅਮਰਗੜ੍ਹ ਥਾਣਾ ਨਾਈਆਂ ਵਾਲਾ ਜਿਲ੍ਹਾ ਬਠਿੰਡਾ ਨੂੰ ਕਾਬੂ ਕੀਤਾ ਗਿਆ ਸੀ। ਜਿਨਾਂ ਵਿੱਚੋਂ ਦੀਪਕ ਨਾਮੀ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ ਸੀ ਜਿਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਜਦੋਂਕਿ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਰਮਨਦੀਪ ਸਿੰਘ ਨੂੰ ਅੱਜ ਥਾਣਾ ਸਦਰ ਰਾਜਪੁਰਾ ਦੇ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਅਤੇ ਥਾਣਾ ਬਨੂੜ ਦੇ ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਨਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਇੰਸਪੈਕਟਰ ਕਿਰਪਾਲ ਸਿੰਘ ਮੋਹੀ ਅਤੇ ਇੰਸਪੈਕਟਰ ਗੁਰਸੇਵਕ ਸਿੰਘ ਨੇ ਕਿਹਾ ਕਿ ਕਾਬੂ ਕੀਤੇ ਰਮਨਦੀਪ ਤੋਂ ਪੁਲਿਸ ਸਖਤੀ ਨਾਲ ਪੁੱਛਗਿਛ ਕਰੇਗੀ ਤਾਂ ਜੋ ਉਸ ਤੋਂ ਹੋਰ ਜਾਣਕਾਰੀ ਹਾਸਲ ਹੋ ਸਕੇ। ਕਿ ਉਨਾਂ ਵੱਲੋਂ ਕਿਹੜੀਆਂ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਗੈਂਗਸਟਰ ਦੀਪਕ ਜੋ ਕਿ ਬੀਤੇ ਦਿਨੀ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ ਉਹ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਅਧੀਨ ਹੈ ਉਸਦੇ ਠੀਕ ਹੋਣ ਤੋਂ ਬਾਅਦ ਉਸ ਤੋਂ ਵੀ ਪੁੱਛਗਿਛ ਕੀਤੀ ਜਾਵੇਗੀ।