ਸਟੇਟ ਟੈਕਸ ਅਫਸਰ ਦੀ ਸ਼ਿਕਾਇਤ ‘ਤੇ 4 ਖਿਲਾਫ਼ ਕੇਸ ਦਰਜ
ਜੀਐਸਟੀ ਦੀ ਚੋਰੀ ਦੇ ਵੱਡੇ ਮਾਮਲੇ ਦਾ ਖੁਲਾਸਾ ਕਰਦਿਆਂ ਸਟੇਟ ਟੈਕਸ ਅਫਸਰ ਨੇ ਲੁਧਿਆਣਾ ਦੇ ਰਹਿਣ ਵਾਲੇ ਚਾਰ ਵਿਅਕਤੀਆਂ ਦੇ ਖਿਲਾਫ ਧੋਖਾਧੜੀ ਅਪਰਾਧਕ ਸਾਜਿਸ਼ ਅਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਵਾਇਆ ਹੈ l ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਨਟਿਵ ਯੂਨਿਟ ਜਲੰਧਰ ਦੇ ਸਟੇਟ ਅਫਸਰ ਰਾਹੁਲ ਬਾਂਸਲ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਜਾਂਚ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜਮ ਵੱਖ-ਵੱਖ 33 ਫਰਮਾਂ ਦਾ ਕਾਰੋਬਾਰੀ ਲੈਣ ਦੇਣ ਕਰਦੇ ਸਨ l
ਮੁਲਜਮ ਜੀਐਸਟੀ ਚੋਰੀ ਕਰਨ ਲਈ ਬੇਰੁਜ਼ਗਾਰ ਵਿਅਕਤੀਆਂ ਦੇ ਨਾਮ ਤੇ ਫਰਮਾ ਰਜਿਸਟਰ ਕਰਵਾ ਕੇ ਸਰਕਾਰ ਅਤੇ ਆਮ ਲੋਕਾਂ ਨੂੰ ਧੋਖਾ ਧੜੀ ਦਾ ਸ਼ਿਕਾਰ ਬਣਾ ਰਹੇ ਸਨ l ਇਸ ਜਾਣਕਾਰੀ ਤੋਂ ਬਾਅਦ ਸੀਪੂ, ਜਲੰਧਰ ਦੇ ਅਧਿਕਾਰੀਆਂ ਦੀ ਟੀਮ ਨੇ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਨਾਲ ਲੈ ਕੇ ਨਿਰੰਕਾਰੀ ਮੁਹੱਲਾ ਵਿਖੇ ਛਾਪਾਮਾਰੀ ਕੀਤੀ l
ਇਸ ਰੇਡ ਦੇ ਦੌਰਾਨ ਚਾਰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ lਜਾਂਚ ਅਧਿਕਾਰੀ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਧੋਖਾਧੜੀ, ਅਪਰਾਧਕ ਸਾਜਿਸ਼ ਅਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਗਈ ਹੈ l
ਪੁਲਿਸ ਦਾ ਕਹਿਣਾ ਹੈ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਆਸ਼ੀਆਨਾ ਪਾਰਕ ਮੁੰਡੀਆਂ ਕਲਾਂ ਦੇ ਵਾਸੀ ਸੰਦੀਪ ਕੁਮਾਰ, ਹਰਪਾਲ ਨਗਰ ਦੇ ਰਹਿਣ ਵਾਲੇ ਵਿਜੇ ਕਪੂਰ, ਗੁਰੂ ਨਾਨਕ ਕਲੋਨੀ ਮੰਡੀਆਂ ਦੇ ਵਾਸੀ ਮਨਦੀਪ ਕੁਮਾਰ ਅਤੇ ਜਨਤਾ ਨਗਰ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਵਜੋਂ ਹੋਈ ਹੈ। ਧਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਸਰਕਾਰੀ ਮਾਲੀਏ ਨੂੰ ਕਿੰਨਾ ਚੂਨਾ ਲਗਾਇਆ ਹੈ ਇਸ ਸਬੰਧੀ ਪੜਤਾਲ ਕੀਤੀ ਜਾ ਰਹੀ ਹੈl